ਬਲੱਡ ਕੈਂਸਰ ਦੀ ਲਪੇਟ 'ਚ ਪੰਜਾਬ ਦਾ 'ਬਚਪਨ'
ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮਾਲਵਾ ਇਲਾਕੇ ਨੂੰ ਭਾਵੇਂ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੇ ਵੱਖ-ਵੱਖ ਉਮਰ ਦੀਆਂ ਔਰਤਾਂ ਤੇ ਮਰਦਾਂ ਦੀ ਕੈਂਸਰ ਕਾਰਨ ਜਾਨ ਵੀ ਚਲੀ ਗਈ।
By : Dr. Pardeep singh
ਚੰਡੀਗੜ੍ਹ: ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮਾਲਵਾ ਇਲਾਕੇ ਨੂੰ ਭਾਵੇਂ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੇ ਵੱਖ-ਵੱਖ ਉਮਰ ਦੀਆਂ ਔਰਤਾਂ ਤੇ ਮਰਦਾਂ ਦੀ ਕੈਂਸਰ ਕਾਰਨ ਜਾਨ ਵੀ ਚਲੀ ਗਈ। ਮਾਲਵਾ ਇਲਾਕੇ ਦੀ ਜੇਕਰ ਗੱਲ ਕਰੀਏ ਤਾਂ ਮਾਲਵਾ ਵਿੱਚ ਪਿਛਲੇ ਸਮੇਂ ਵਿੱਚ ਕੈਂਸਰ ਦੀ ਬਿਮਾਰੀ ਨੇ ਐਸਾ ਕਹਿਰ ਵਰਸਾਇਆ ਕਿ ਮਾਲਵਾ ਇਲਾਕੇ ਵਿੱਚ ਕੈਂਸਰ ਵਰਗੀ ਲਾਇਲਾਜ ਬਿਮਾਰੀ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਸਨ।
ਹੁਣ ਇਹ ਨਾਮੁਰਾਦ ਬਿਮਾਰੀ ਬੱਚਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ। ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬੱਚਿਆਂ ਵਿੱਚ ਬਲੱਡ ਕੈਂਸਰ ਦੇ ਕੇਸ ਲਗਾਤਾਰ ਵਧ ਰਹੇ ਹਨ। ਜੀ ਹਾਂ ਛੋਟੇ ਬੱਚਿਆਂ ਵਿੱਚ ਕੈਂਸਰ ਦੇ ਕੇਸ ਕਾਫੀ ਆ ਰਹੇ ਹਨ, ਤੇ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਏਮਜ਼ ਵਿੱਚ ਆ ਰਹੇ ਬੱਚਿਆਂ ਵਿੱਚੋਂ 40% ਸਿਰਫ਼ ਬਲੱਡ ਕੈਂਸਰ ਦੇ ਕੇਸ ਹਨ। ਮੌਜੂਦਾ ਸਰਕਾਰਾਂ ਨੇ ਇਸ ਇਲਾਕੇ ਵਿੱਚ ਹਸਪਤਾਲ ਸਥਾਪਤ ਕਰਕੇ ਲੋਕਾਂ ਨੂੰ ਕੈਂਸਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬੱਚਿਆਂ ਵਿੱਚ ਕੈਂਸਰ ਦੇ ਕਾਫੀ ਕੇਸ ਸਾਹਮਣੇ ਆ ਰਹੇ ਹਨ, ਭਾਵੇਂ ਕਿ ਡਾਕਟਰਾਂ ਮੁਤਾਬਕ ਬਲੱਡ ਕੈਂਸਰ ਦੋ ਤੋਂ ਢਾਈ ਸਾਲ ਦੇ ਇਲਾਜ ਨਾਲ ਖ਼ਤਮ ਹੋ ਜਾਂਦਾ ਹੈ ਅਤੇ ਬੱਚਾ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਸਕਦਾ ਹੈ। ਜੇਕਰ ਭਾਰਤ ਵਿੱਚ ਕੈਂਸਰ ਦੀ ਲਾਗ ਦੀ ਗਿਣਤੀ ਬਾਰੇ ਗੱਲ ਕਰੀਏ ਤਾਂ ਭਾਰਤ ਭਰ ਵਿੱਚ 50 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਇਸ ਤਰ੍ਹਾਂ ਏਮਜ਼ ਹਸਪਤਾਲ ਵਿੱਚ ਇੱਕ ਸਾਲ ਵਿੱਚ 140 ਬੱਚੇ ਕੈਂਸਰ ਦੇ ਮਰੀਜ਼ ਸਾਹਮਣੇ ਆਏ ਹਨ, ਜਿਸ ਵਿੱਚੋਂ 80 ਤੋਂ ਵੱਧ ਬੱਚੇ ਬਲੱਡ ਕੈਂਸਰ ਦੇ ਪੀੜਤ ਹਨ।
ਕੈਂਸਰ ਦਾ ਇਲਾਜ ਏਮਜ਼ ਹਸਪਤਾਲ ਵਿੱਚ ਡੇਢ ਤੋਂ ਇੱਕ ਲੱਖ ਰੁਪਏ ਤੱਕ ਕੀਤਾ ਜਾਂਦਾ ਹੈ। ਡਾਕਟਰ ਮੁਤਾਬਕ ਬੱਚੇ ਵਿਚ ਥਕਾਵਟ ਆਉਣੀ, ਵਾਰ-ਵਾਰ ਬੁਖਾਰ ਚੜ੍ਹਨਾ, ਪਲੇਟਲੈਟਸ ਦੀ ਕਮੀ ਹੋਣੀ ਆਦਿ ਨਿਸ਼ਾਨੀਆਂ ਬਲੱਡ ਕੈਂਸਰ ਦੀਆਂ ਹਨ। ਮਾਹਿਰ ਡਾਕਟਰ ਮੁਤਾਬਕ ਬਲੱਡ ਕੈਂਸਰ ਦੇ ਜ਼ਿਆਦਾ ਮਰੀਜ਼ ਬੱਚੇ ਪੰਜਾਬ ਤੋਂ ਆ ਰਹੇ ਹਨ ਭਾਵੇਂ ਕਿ ਅਜੇ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੀ ਰਿਸਰਚ ਜ਼ਰੂਰ ਕੀਤੀ ਜਾਵੇਗੀ, ਨਾਲ ਹੀ ਉਨਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਜ਼ਿਆਦਾ ਰੇਹਾਂ ਸਪਰੇਆਂ ਵਾਲੇ ਦੂਸ਼ਿਤ ਹੋ ਰਹੇ ਭੋਜਨ ਅਤੇ ਪੌਣ ਪਾਣੀ ਵੀ ਇਸਦਾ ਇੱਕ ਕਾਰਨ ਮੰਨੇ ਜਾ ਸਕਦੇ ਹਨ। ਡਾਕਟਰ ਮੰਨਦੇ ਹਨ ਕਿ ਇਹ ਕੁਦਰਤੀ ਬਿਮਾਰੀ ਮੰਨੀ ਜਾ ਸਕਦੀ ਹੈ। ਇਸਦੇ ਹੋਣ ਦਾ ਮਾਂ-ਬਾਪ ਦੀ ਕੋਈ ਗਲਤੀ ਜਾਂ ਉਨ੍ਹਾਂ ਨੂੰ ਹੋਣ ਕਰਕੇ ਨਹੀਂ ਹੁੰਦਾ।
ਏਮਜ਼ ਦੇ ਮਾਹਿਰ ਡਾਕਟਰ ਮੁਤਾਬਕ ਜੇ ਕੋਈ ਅਜਿਹੇ ਪਰਿਵਾਰ ਵੀ ਆਉਂਦੇ ਹਨ ਜੋ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਦਾ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਲਾਜ ਵੀ ਕਰਵਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ।
ਬੱਚਿਆਂ ਵਿੱਚ ਵੱਧ ਰਹੀ ਬਲੱਡ ਕੈਂਸਰ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕਿ ਅਜੇ ਇਸ ਨੂੰ ਰੋਕਣ ਜਾਂ ਇਸ ਦੇ ਹੋਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਡਾਕਟਰਾਂ ਵੱਲੋਂ ਰਿਸਰਚ ਕਰਕੇ ਜ਼ਰੂਰ ਇਸਦੇ ਉੱਤੇ ਚਾਨਣਾ ਪਾਇਆ ਜਾਵੇਗਾ।
ਅਜਿਹੇ ਵਿੱਚ ਹੁਣ ਲੋੜ ਹੈ ਕਿ ਤੁਸੀਂ ਆਪਣੇ ਆਪ ਦਾ ਆਪਣੇ ਪਰਿਵਾਰ ਦਾ ਤੇ ਖਾਸ ਤੌਰ ਉੱਤੇ ਆਪਣੇ ਬੱਚਿਆਂ ਦਾ ਜਿਆਦਾ ਧਿਆਨ ਰੱਖੋ, ਹਾਲਾਂਕਿ ਅੱਜ ਕੱਲ ਦੇ ਸਮੇਂ ਵਿੱਚ ਬਾਹਰ ਦੀਆਂ ਜਿਆਦਾਤਰ ਚੀਜਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਪਰ ਫਿਰ ਵੀ ਤੁਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਚੀਜ਼ ਘਰ ਵਿੱਚ ਹੀ ਬਣਾ ਕੇ ਦਿਓਗੇ ਤਾਂ ਬੱਚੇ ਬਾਹਰ ਦਾ ਨਹੀਂ ਖਾਣਗੇ ਜਿਸ ਕਾਰਨ ਕਾਫੀ ਹੱਦ ਤੱਕ ਤੁਹਾਡੇ ਬੱਚੇ ਬਾਹਰ ਦੇ ਖਾਣ-ਪੀਣ ਤੋਂ ਬੱਚ ਸਕਦੇ ਨੇ ਜਿਸ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਬਾਹਰ ਦਾ ਖਾਣ ਨਾਲ। ਇਸਲਈ ਬਿਹਤਰ ਹੈ ਕਿ ਤੁਸੀਂ ਬਾਹਰ ਦਾ ਕੁਝ ਵੀ ਖਾਣ ਤੋਂ ਪਰਹੇਜ ਕਰੋ ਤੇ ਹਾਈਜੀਨ ਨੂੰ ਮੇਨਟੇਨ ਵੀ ਜ਼ਰੂਰ ਕਰੋ।