ਅਮਰੀਕਾ ’ਚ ਗੁਰਕੀਰਤ ਸਿੰਘ ਨੇ ਚਮਕਾਇਆ ਪੰਜਾਬੀਆਂ ਦਾ ਨਾਮ
ਨਿਊਯਾਰਕ, 12 ਸਤੰਬਰ (ਰਾਜ ਗੋਗਨਾ) : ਅਮਰੀਕਾ ਤੋਂ ਪੰਜਾਬੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਿੱਖ ਨੌਜਵਾਨ ਨੂੰ ਯੂ-21 ਨੈਸ਼ਨਲ ਹਾਕੀ ਟੀਮ ਲਈ ਚੁਣ ਲਿਆ ਗਿਆ। ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਰਹਿੰਦੇ ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ ’ਤੇ ਸਮੁੱਚੀ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉੱਧਰ ਇਸ ਨੌਜਵਾਨ […]
By : Editor (BS)
ਨਿਊਯਾਰਕ, 12 ਸਤੰਬਰ (ਰਾਜ ਗੋਗਨਾ) : ਅਮਰੀਕਾ ਤੋਂ ਪੰਜਾਬੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਿੱਖ ਨੌਜਵਾਨ ਨੂੰ ਯੂ-21 ਨੈਸ਼ਨਲ ਹਾਕੀ ਟੀਮ ਲਈ ਚੁਣ ਲਿਆ ਗਿਆ।
ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਰਹਿੰਦੇ ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ ’ਤੇ ਸਮੁੱਚੀ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉੱਧਰ ਇਸ ਨੌਜਵਾਨ ਦੇ ਪਰਿਵਾਰ ਨੂੰ ਦੁਨੀਆ ਭਰ ਵਿੱਚੋਂ ਵਧਾਈਆਂ ਮਿਲ ਰਹੀਆਂ ਨੇ।
ਅਮਰੀਕਾ ਦੀ ਧਰਤੀ ’ਤੇ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਬਣੀ, ਜਦੋਂ ਸੈਕਰਾਮੈਂਟੋ ਤੋਂ ਗਿਆਨੀ ਅਮਰਜੀਤ ਸਿੰਘ ਦੇ ਪੁੱਤਰ ਸਾਬਤ ਸੂਰਤ ਗੁਰਕੀਰਤ ਸਿੰਘ ਦੀ ਅਮਰੀਕਾ ਦੀ ਯੂ -21 ਨੈਸ਼ਨਲ ਹਾਕੀ ਟੀਮ ਵਿੱਚ ਚੋਣ ਹੋ ਗਈ।
ਉਹ ਬਚਪਨ ਤੋਂ ਹੀ ਹਾਕੀ ਦੀ ਪ੍ਰੈਕਟਿਸ ਕਰ ਰਿਹਾ ਸੀ। ਗੁਰਕੀਰਤ ਸਿੰਘ ਅਮਰੀਕਾ ਆਉਣ ਤੋਂ ਪਹਿਲਾਂ ਚੰਡੀਗੜ੍ਹ ਦੀ ਅਕੈਡਮੀ ਵਿੱਚ ਹਾਕੀ ਖੇਡਦਾ ਸੀ। ਬਹੁਤ ਹੀ ਥੋੜ੍ਹੇ ਸਮੇਂ ਵਿੱਚ ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ।
ਸੈਕਰਾਮੈਂਟੋ ਵਿੱਚ ਰਹਿੰਦੇ ਗਿਆਨੀ ਅਮਰਜੀਤ ਸਿੰਘ ਚੰਡੀਗੜ੍ਹ ਵਾਲਿਆਂ ਦੇ ਪੁੱਤਰ ਗੁਰਕੀਰਤ ਸਿੰਘ ਨੇ ਸਮੁੱਚੀ ਸਿੱਖ ਕੌਮ ਦਾ ਵਿਦੇਸ਼ ਦੀ ਧਰਤੀ ’ਤੇ ਮਾਣ ਵਧਾਇਆ ਹੈ। ਗੁਰਕੀਰਤ ਸਿੰਘ ਦੇ ਪਿਤਾ ਗਿਆਨੀ ਅਮਰਜੀਤ ਸਿੰਘ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ ਅਤੇ ਉਹ ਸੈਕਰਾਮੈਂਟੋ ਵਿਖੇ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿ ਰਹੇ ਹਨ। ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ ’ਤੇ ਦੁਨੀਆ ਭਰ ਵਿੱਚੋਂ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।
ਦੱਸ ਦੇਈਏ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਨੇ। ਹੁਣ ਵੀ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਰੋਜ਼ਾਨਾ ਵੱਡੀ ਗਿਣਤੀ ਨੌਜਵਾਨ ਜਹਾਜ਼ ਚੜ੍ਹ ਕੇ ਵਿਦੇਸ਼ੀ ਧਰਤੀ ’ਤੇ ਪੈਰ ਰੱਖਦੇ ਨੇ। ਉੱਥੇ ਜਾ ਕੇ ਇਹ ਸਾਰੇ ਆਪਣੇ ਜੱਦੀ ਵਤਨ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਤੇ ਇਨ੍ਹਾਂ ਵੱਲੋਂ ਉੱਥੇ ਮਿਹਨਤ ਕਰਕੇ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ। ਸਿਆਸਤ ਤੋਂ ਲੈ ਕੇ ਹਰ ਇੱਕ ਖੇਤਰ ਵਿੱਚ ਇਨ੍ਹਾਂ ਨੇ ਚੰਗੀਆਂ ਮੱਲ੍ਹਾਂ ਮਾਰੀਆਂ। ਜਿੱਥੇ ਇਨ੍ਹਾਂ ਵੱਲੋਂ ਖੁਦ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ, ਉੱਥੇ ਸਬੰਧਤ ਮੁਲਕ ਦੀ ਤਰੱਕੀ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਇਸੇ ਤਰ੍ਹਾਂ ਤਾਜ਼ਾ ਗੱਲ ਕਰੀਏ ਤਾਂ ਗੁਰਕੀਰਤ ਸਿੰਘ ਨੇ ਅਮਰੀਕਾ ਦੀ ਯੂ-21 ਨੈਸ਼ਨਲ ਹਾਕੀ ਟੀਮ ਵਿੱਚ ਸ਼ਾਮਲ ਹੋ ਕੇ ਇੱਕ ਵਾਰ ਫਿਰ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
(ਬਿੱਟੂ)