ਕੈਨੇਡਾ ਦੇ ਗੁਰਦੁਆਰਿਆਂ ਨੇ ਭਾਰਤ ਨੂੰ ਵੀਜ਼ਾ ਸੇਵਾਵਾਂ ਸ਼ੁਰੂ ਕਰਨ ਲਈ ਲਿਖੀ ਚਿੱਠੀ
ਔਟਵਾ, 24 ਅਕਤੂਬਰ, ਨਿਰਮਲ : ਕੈਨੇਡਾ ਅਤੇ ਭਾਰਤ ਵਿਚਕਾਰ ਚਲ ਰਹੇ ਰੇੜਕੇ ਦਰਮਿਆਨ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ 15 ਸਿੱਖ ਗੁਰਦੁਆਰਿਆਂ ਨੇ ਸਾਂਝੇ ਤੌਰ ’ਤੇ ਚਿੱਠੀ ਲਿਖ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸਰਵਿਸਜ਼ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਇਨ੍ਹਾਂ ਗੁਰਦੁਆਰਿਆਂ ਵਿਚੋਂ ਇੱਕ […]
By : Hamdard Tv Admin
ਔਟਵਾ, 24 ਅਕਤੂਬਰ, ਨਿਰਮਲ : ਕੈਨੇਡਾ ਅਤੇ ਭਾਰਤ ਵਿਚਕਾਰ ਚਲ ਰਹੇ ਰੇੜਕੇ ਦਰਮਿਆਨ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ 15 ਸਿੱਖ ਗੁਰਦੁਆਰਿਆਂ ਨੇ ਸਾਂਝੇ ਤੌਰ ’ਤੇ ਚਿੱਠੀ ਲਿਖ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਸਰਵਿਸਜ਼ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਇਨ੍ਹਾਂ ਗੁਰਦੁਆਰਿਆਂ ਵਿਚੋਂ ਇੱਕ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ਸਥਿਤ ਹਾਈ ਕਮੀਸ਼ਨ ਵਿਚ ਨਿੱਜੀ ਤੌਰ ’ਤੇ ਵੀਜ਼ਾ ਲੈਣ ਅਤੇ ਈ-ਵੀਜ਼ਾ ਸਰਵਿਸਜ਼ ਨੂੰ ਬੰਦ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਕੈਨੇਡੀਅਨ ਨਾਗਰਿਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਜੋ ਕਿ ਭਾਰਤ ਵਿਚ ਅਤੇ ਖ਼ਾਸ ਕਰਕੇ ਪੰਜਾਬ ਵਿਚ ਜਾਣਾ ਚਾਹੁੰਦੇ ਹਨ। ਉਨ੍ਹਾਂ ਦੇ ਲਈ ਇਸ ਸਮੇਂ ਉਡੀਕ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਕੈਨੇਡੀਅਨ ਗੁਰਦੁਆਰਾ ਸੰਗਠਨਾਂ ਨੇ ਚਿੱਠੀ ਵਿਚ ਲਿਖਿਆ ਕਿ ਇਸ ਸਮੇਂ ਕੈਨੇਡੀਅਨ, ਪੰਜਾਬ ਜਾ ਕੇ ਖਰੀਦਦਾਰੀ ਕਰਦੇ ਹਨ ਅਤੇ ਹੋਟਲਾਂ ਆਦਿ ਵਿਚ ਰੁਕਦੇ ਹਨ। ਇੱਕ ਤਰ੍ਹਾਂ ਨਾਲ ਪੰਜਾਬ ਵਿਚ ਟੂਰਿਸਟ ਸੀਜ਼ਨ ਪੀਕ ’ਤੇ ਹੁੰਦਾ ਹੈ। ਜਦਕਿ ਇਸ ਵਾਰ ਲੋਕ ਵੱਡੀ ਗਿਣਤੀ ਵੀਜ਼ਾ ਨਾ ਮਿਲਣ ਕਾਰਨ ਨਹੀਂ ਜਾ ਸਕੇ ਹਨ। ਇਸ ਨਾਲ ਛੋਟੇ ਤੇ ਵੱਡੇ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਜੇਕਰ ਭਾਰਤ, ਕੈਨੇਡਾ ’ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ’ਚ ਤਰੱਕੀ ਦੇਖਦਾ ਹੈ ਤਾਂ ਉਹ ਜਲਦ ਹੀ ਕੈਨੇਡੀਅਨਾਂ ਲਈ ਵੀਜ਼ਾ ਸੇਵਾ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰਾਹੀਂ ਵੀਜ਼ਾ ਸੇਵਾ ਕੁਝ ਹਫ਼ਤਿਆਂ ਲਈ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਗਈ ਸੀ। ਇਸ ਦਾ ਮੁੱਖ ਕਾਰਨ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਸੀ। ਕੈਨੇਡਾ ਡਿਪਲੋਮੈਟਾਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਨਹੀਂ ਕਰ ਸਕਿਆ, ਜੋ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ।
ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਹਨ। ਇਸ ਦਾ ਕਾਰਨ ਹਰਦੀਪ ਸਿੰਘ ਨਿੱਝਰ ਦਾ ਕਤਲ ਹੈ, ਜਿਸ ਦਾ ਕੈਨੇਡਾ ਨੇ ਭਾਰਤ ’ਤੇ ਦੋਸ਼ ਲਗਾਇਆ ਸੀ। ਕੈਨੇਡਾ ਨੇ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੂੰ ਵੀ ਔਟਵਾ ਛੱਡਣ ਲਈ ਕਿਹਾ ਹੈ। ਭਾਰਤ ਨੇ ਸ਼ੁਰੂ ਵਿੱਚ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਕੈਨੇਡੀਅਨ ਡਿਪਲੋਮੈਟ ਨੂੰ ਨਵੀਂ ਦਿੱਲੀ ਛੱਡਣ ਦਾ ਹੁਕਮ ਦਿੱਤਾ ਗਿਆ। ਇਸ ਤੋਂ ਇਲਾਵਾ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ।