ਕੈਨੇਡਾ ਸਰਕਾਰ ਨੇ ਵਧਾਈ ਛੋਟੇ ਕਾਰਬਾਰੀਆਂ ਦੀ ਕਰਜ਼ਾ ਵਾਪਸੀ ਦੀ ਮਿਆਦ
ਔਟਵਾ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਵੱਲੋਂ ਛੋਟੇ ਕਾਰੋਬਾਰੀਆਂ ਨੂੰ ਮਹਾਂਮਾਰੀ ਦੌਰਾਨ ਲਿਆ ਐਮਰਜੰਸੀ ਕਰਜ਼ਾ ਮੋੜਨ ਵਾਸਤੇ ਹੋਰ ਮੋਹਲਤ ਦਿਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਵੇਖਦਿਆਂ ਲਿਬਰਲ ਸਰਕਾਰ ਨੇ ਕੈਨੇਡਾ ਐਮਰਜੰਸੀ ਬਿਜ਼ਨਸ ਅਕਾਊਂਟ ਅਧੀਨ ਵੰਡੇ ਕਰਜ਼ਿਆਂ ਦੀ ਵਸੂਲੀ ਇਕ ਸਾਲ ਅੱਗੇ ਪਾਉਣ […]
By : Hamdard Tv Admin
ਔਟਵਾ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਵੱਲੋਂ ਛੋਟੇ ਕਾਰੋਬਾਰੀਆਂ ਨੂੰ ਮਹਾਂਮਾਰੀ ਦੌਰਾਨ ਲਿਆ ਐਮਰਜੰਸੀ ਕਰਜ਼ਾ ਮੋੜਨ ਵਾਸਤੇ ਹੋਰ ਮੋਹਲਤ ਦਿਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਵੇਖਦਿਆਂ ਲਿਬਰਲ ਸਰਕਾਰ ਨੇ ਕੈਨੇਡਾ ਐਮਰਜੰਸੀ ਬਿਜ਼ਨਸ ਅਕਾਊਂਟ ਅਧੀਨ ਵੰਡੇ ਕਰਜ਼ਿਆਂ ਦੀ ਵਸੂਲੀ ਇਕ ਸਾਲ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ।
ਉਧਰ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਇਸ ਫੈਸਲੇ ਨਾਲ ਨਾਲ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ। ਇਥੇ ਦਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਵੱਲੋਂ ਕੈਨੇਡਾ ਐਮਰਜੰਸੀ ਬਿਜ਼ਨਸ ਅਕਾਊਂਟ ਯੋਜਨਾ ਅਧੀਨ ਛੋਟੇ ਕਾਰੋਬਾਰੀਆਂ ਨੂੰ ਮੁਢਲੇ ਤੌਰ ’ਤੇ 40 ਹਜ਼ਾਰ ਡਾਲਰ ਦੇ ਵਿਆਜ ਮੁਕਤ ਕਰਜ਼ੇ ਦੀ ਪੇਸ਼ਕਸ਼ ਕੀਤੀ ਗਈ ਪਰ ਬਾਅਦ ਵਿਚ ਰਕਮ ਵਧਾ ਕੇ 60 ਹਜ਼ਾਰ ਕਰ ਦਿਤੀ ਗਈ।
ਅਪ੍ਰੈਲ 2020 ਤੋਂ ਜੂਨ 2021 ਤੱਕ ਅਰਜ਼ੀਆਂ ਪ੍ਰਵਾਨ ਕਰਦਿਆਂ ਤਕਰੀਬਨ 9 ਲੱਖ ਕਾਰੋਬਾਰੀਆਂ ਨੂੰ 49 ਅਰਬ ਡਾਲਰ ਦੇ ਕਰਜ਼ੇ ਵੰਡੇ ਗਏ। ਜਨਵਰੀ 2022 ਵਿਚ ਓਮੀਕ੍ਰੌਨ ਵੈਰੀਐਂਟ ਫੈਲਣ ਮਗਰੋਂ ਕਰਜ਼ਾ ਮੋੜਨ ਦੀ ਮੋਹਲਤ ਇਕ ਸਾਲ ਵਧਾ ਦਿਤੀ ਗਈ ਜੋ ਇਸ ਸਾਲ ਦਸੰਬਰ ਵਿਚ ਖਤਮ ਹੋਣੀ ਹੈ।
ਇਸ ਦਾ ਮਤਲਬ 31 ਦਸੰਬਰ 2023 ਤੋਂ ਪਹਿਲਾਂ ਕਰਜ਼ਾ ਵਾਪਸ ਕਰਨ ਵਾਲੇ ਕਾਰੋਬਾਰੀ 20 ਹਜ਼ਾਰ ਡਾਲਰ ਦਾ ਕਰਜ਼ਾ ਮੁਆਫੀ ਹਾਸਲ ਕਰ ਸਕਦੇ ਹਨ ਪਰ ਅਸਲੀਅਤ ਇਹ ਹੈ ਕਿ 20 ਹਜ਼ਾਰ ਡਾਲਰ ਦੀ ਕਰਜ਼ਾ ਮੁਆਫ ਲੈਣ ਵਾਸਤੇ 18 ਜਨਵਰੀ 2024 ਤੱਕ ਕਰਜ਼ਾ ਮੋੜਨਾ ਹੋਵੇਗਾ।
ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ ਨੇ ਸਰਕਾਰੀ ਐਲਾਨ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਰਜ਼ਾ ਮੋੜਨ ਦੀ ਮੋਹਲਤ ਤਾਂ ਵਧਾਈ ਗਈ ਹੈ ਪਰ 20 ਹਜ਼ਾਰ ਡਾਲਰ ਦੀ ਮੁਆਫੀ ਵਾਲੀ ਸਹੂਲਤ ਨਹੀਂ ਦਿਤੀ ਗਈ।
ਦੂਜੇ ਪਾਸੇ ਛੋਟੇ ਕਾਰੋਬਾਰੀ ਆਪਣਾ ਕਰਜ਼ਾ ਦੋ ਸਾਲ ਦੇ ਕਿਸ਼ਤਾਂ ਵਾਲੇ ਕਰਜ਼ੇ ਵਿਚ ਤਬਦੀਲ ਕਰਵਾ ਸਕਦੇ ਹਨ ਜਿਸ ਦੀਆਂ ਕਿਸ਼ਤਾਂ ਪਹਿਲੀ ਜਨਵਰੀ 2024 ਤੋਂ ਸ਼ੁਰੂ ਹੋ ਕੇ 31 ਦਸੰਬਰ 2025 ਤੱਕ ਜਾਰੀ ਚੱਲਣਗੀਆਂ। ਇਸ ਮਿਆਦ ਦੌਰਾਨ 5 ਫੀ ਸਦੀ ਦੀ ਦਰ ਨਾਲ ਵਿਆਜ ਵਸੂਲ ਕੀਤਾ ਜਾਵੇਗਾ।