ਗੈਂਗਸਟਰ ਗੋਲਡੀ ਬਰਾੜ ਦੀ ਪੁੱਠੀ ਗਿਣਤੀ ਸ਼ੁਰੂ!
ਚੰਡੀਗੜ੍ਹ, 4 ਜਨਵਰੀ (ਸ਼ਾਹ) : ਭਾਰਤੀ ਖ਼ੁਫ਼ੀਆ ਏਜੰਸੀਆਂ ਹੁਣ ਗੈਂਗਸਟਰ ਗੋਲਡੀ ਬਰਾੜ ਦੇ ਪਿੱਛੇ ਹੱਥ ਧੋ ਕੇ ਪੈ ਚੁੱਕੀਆਂ ਨੇ, ਜਿਸ ਦੇ ਚਲਦਿਆਂ ਉਹ ਜਲਦ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਖਾਈ ਦੇ ਸਕਦਾ ਏ। ਕੁੱਝ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਸੀ ਪਰ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵੱਲੋਂ […]
By : Makhan Shah
ਚੰਡੀਗੜ੍ਹ, 4 ਜਨਵਰੀ (ਸ਼ਾਹ) : ਭਾਰਤੀ ਖ਼ੁਫ਼ੀਆ ਏਜੰਸੀਆਂ ਹੁਣ ਗੈਂਗਸਟਰ ਗੋਲਡੀ ਬਰਾੜ ਦੇ ਪਿੱਛੇ ਹੱਥ ਧੋ ਕੇ ਪੈ ਚੁੱਕੀਆਂ ਨੇ, ਜਿਸ ਦੇ ਚਲਦਿਆਂ ਉਹ ਜਲਦ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਖਾਈ ਦੇ ਸਕਦਾ ਏ। ਕੁੱਝ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਸੀ ਪਰ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵੱਲੋਂ ਵੀ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਐ।
ਭਾਰਤ ਸਰਕਾਰ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਣ ਤੋਂ ਬਾਅਦ ਹੁਣ ਫੇਸਬੁੱਕ ਵੱਲੋਂ ਵੀ ਗੈਂਗਸਟਰ ਗੋਲਡੀ ਬਰਾੜ ’ਤੇ ਵੱਡੀ ਕਾਰਵਾਈ ਕੀਤੀ ਗਈ ਐ। ਦਰਅਸਲ ਫੇਸਬੁੱਕ ਵੱਲੋਂ ਸਾਰਿਆਂ ਲਈ ਗੋਲਡੀ ਬਰਾੜ ਦੇ ਨਾਮ ਦਾ ਅਲਰਟ ਜਾਰੀ ਕੀਤਾ ਗਿਆ ਏ, ਜਿਸ ਦੇ ਚਲਦਿਆਂ ਹੁਣ ਤੁਸੀਂ ਜਦੋਂ ਆਪਣੇ ਮੋਬਾਇਲ ਜਾਂ ਕੰਪਿਊਟਰ ’ਤੇ ਫੇਸਬੁੱਕ ਖੋਲ੍ਹ ਕੇ ਉਸ ਵਿਚ ਗੋਲਡੀ ਬਰਾੜ ਨਾਮ ਸਰਚ ਕਰੋਗੇ ਤਾਂ ਤੁਹਾਨੂੰ ਫੇਸਬੁੱਕ ਇਕ ਅਲਰਟ ਮੈਸੇਜ ਦਿਖਾਈ ਦੇਵੇਗਾ।
ਫੇਸਬੁੱਕ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਐ ਕਿ ਇਹ ਵਿਅਕਤੀ ਕਈ ਖਤਰਨਾਕ ਸੰਗਠਨਾਂ ਨਾਲ ਜੁੜਿਆ ਹੋਇਆ ਏ, ਜਿਸ ਕਰਕੇ ਫੇਸਬੁੱਕ ਇਸ ਨੂੰ ਖੋਜਣ ਦੀ ਇਜਾਜ਼ਤ ਨਹੀਂ ਦਿੰਦਾ। ਉਸ ਦੇ ਫੇਸਬੁੱਕ ਅਕਾਊਂਟ ’ਤੇ ਇਹ ਵੀ ਲਿਖਿਆ ਗਿਆ ਏ ਕਿ ਇਹ ਵਿਅਕਤੀ ਨਫ਼ਰਤੀ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਐ।
ਜੇਕਰ ਕੋਈ ਵਿਅਕਤੀ ਨਫ਼ਰਤ ਭਰੀ ਭਾਸ਼ਣ ਵਰਗੀ ਸਮੱਗਰੀ ਪੋਸਟ ਕਰਦਾ ਐ ਤਾਂ ਉਸ ਦਾ ਖਾਤਾ ਵੀ ਤੁਰੰਤ ਫੇਸਬੁੱਕ ਤੋਂ ਹਟਾ ਦਿੱਤਾ ਜਾਵੇਗਾ। ਸੋਸ਼ਲ ਮੀਡੀਆ ’ਤੇ ਅੱਤਵਾਦੀਆਂ ਖਿਲਾਫ ਇਸ ਨੂੰ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਏ। ਦਰਅਸਲ ਗੋਲਡੀ ਬਰਾੜ ਦੇ ਸਾਰੇ ਸੋਸ਼ਲ ਮੀਡੀਆ ਖਾਤੇ ਖ਼ੁਫ਼ੀਆ ਏਜੰਸੀਆਂ ਦੇ ਅਲਰਟ ’ਤੇ ਹਨ, ਉਹ ਜਿਸ ਪੇਜ ਤੋਂ ਵੀ ਕੋਈ ਐਕਟੀਵਿਟੀ ਕਰਦਾ ਏ ਤਾਂ ਤੁਰੰਤ ਉਸ ਦਾ ਉਹ ਪੇਜ਼ ਬੰਦ ਕਰ ਦਿੱਤਾ ਜਾਂਦਾ ਏ।
ਪੁਲਿਸ ਦੇ ਰਿਕਾਰਡ ਵਿਚ ਗੋਲਡੀ ਬਰਾੜ ਵਿਰੁੱਧ ਸਭ ਤੋਂ ਪੁਰਾਣਾ ਮਾਮਲਾ ਸਾਲ 2012 ਵਿਚ ਦਰਜ ਹੋਇਆ ਸੀ, ਜਿਸ ਵਿਚ ਮੋਗਾ ਦੇ ਇਕ ਵਾਸੀ ਨੇ ਗੋਲਡੀ ਬਰਾੜ ’ਤੇ ਗੰਭੀਰ ਇਲਜ਼ਾਮ ਲਗਾਏ ਸੀ।
ਦਰਅਸਲ ਰੇਲਵੇ ਕਰਾਸਿੰਗ ਦੇ ਕੋਲ ਖੜ੍ਹੇ ਕੁੱਝ ਵਿਅਕਤੀਆਂ ਨੇ ਮੋਗਾ ਦੇ ਇਸ ਵਿਅਕਤੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਵਿਚ ਕਾਮਯਾਬ ਹੋ ਗਏ। ਇਸ ਮਾਮਲੇ ਵਿਚ ਗੋਲਡੀ ਬਰਾੜ ਨਾਮਜ਼ਦ ਹੋਇਆ, ਹਾਲਾਂਕਿ 2015 ਵਿਚ ਅਦਾਲਤ ਵੱਲੋਂ ਕੇਸ ਰੱਦ ਕਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਗੋਲਡੀ ਬਰਾੜ 29 ਮਈ, 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਸਮੇਂ ਸੁਰਖ਼ੀਆਂ ਵਿਚ ਆ ਗਿਆ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਉਣ ਦਾ ਦਾਅਵਾ ਕੀਤਾ ਸੀ। ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਗੋਲਡੀ ਬਰਾੜ 2017 ਵਿਚ ਕੈਨੇਡਾ ਚਲਾ ਗਿਆ ਸੀ ਅਤੇ ਉੱਥੇ ਬੈਠ ਕੇ ਹੀ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਪੰਜਾਬ ਵਿੱਚ ਖ਼ਤਰਨਾਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਏ।
ਦੱਸ ਦਈਏ ਕਿ 30 ਸਾਲਾਂ ਦੇ ਗੋਲਡੀ ਬਰਾੜ ਦਾ ਜਨਮ 11 ਮਾਰਚ, 1994 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹੋਇਆ। ਸੂਤਰਾਂ ਮੁਤਾਬਕ ਗੋਲਡੀ ਬਰਾੜ ਅਗਸਤ 2017 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਉਹ ਪਿਛਲੇ 10 ਸਾਲਾ ਤੋਂ ਅਪਰਾਧ ਦੀ ਦੁਨੀਆ ਵਿਚ ਸਰਗਰਮ ਐ ਅਤੇ ਕਈ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਏ ਪਰ ਹੁਣ ਜਿਸ ਤਰੀਕੇ ਨਾਲ ਉਸ ’ਤੇ ਸ਼ਿਕੰਜਾ ਕਸਿਆ ਜਾ ਰਿਹਾ ਏ, ਉਸ ਨੂੰ ਦੇਖਦਿਆਂ ਇੰਝ ਲਗਦਾ ਏ ਕਿ ਉਹ ਹੁਣ ਜ਼ਿਆਦਾ ਦੇਰ ਖੁੱਲ੍ਹੀ ਹਵਾ ਵਿਚ ਨਹੀਂ ਰਹਿ ਸਕੇਗਾ, ਜਲਦ ਹੀ ਭਾਰਤੀ ਏਜੰਸੀਆਂ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦੇਣਗੀਆਂ।