Begin typing your search above and press return to search.

ਅਮਰੀਕਾ ਦੇ ਮੇਲੇ ’ਚ ਦਿਖਾਈ ਦਿੱਤੀ ਪੰਜਾਬੀ ਸੱਭਿਆਚਾਰ ਦੀ ਝਲਕ

ਨਿਊਯਾਰਕ, 30 ਸਤੰਬਰ (ਰਾਜ ਗੋਗਨਾ) : ਅਮਰੀਕਾ ਵਿੱਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਆ ਕੇ ਵਸੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿੱਚ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿੱਚ ਮੇਲੇ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਉਹਾਇੳ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਸੱਭਿਆਚਾਰਕ ਮੇਲਾ ਲਾਇਆ ਗਿਆ, ਜਿਸ ਵਿੱਚ ਸਿੱਖਾਂ ਸਣੇ 10 ਹਜ਼ਾਰ ਦੇ ਕਰੀਬ ਲੋਕਾਂ […]

ਅਮਰੀਕਾ ਦੇ ਮੇਲੇ ’ਚ ਦਿਖਾਈ ਦਿੱਤੀ ਪੰਜਾਬੀ ਸੱਭਿਆਚਾਰ ਦੀ ਝਲਕ
X

Hamdard Tv AdminBy : Hamdard Tv Admin

  |  30 Sept 2023 11:59 AM IST

  • whatsapp
  • Telegram

ਨਿਊਯਾਰਕ, 30 ਸਤੰਬਰ (ਰਾਜ ਗੋਗਨਾ) : ਅਮਰੀਕਾ ਵਿੱਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਆ ਕੇ ਵਸੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿੱਚ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿੱਚ ਮੇਲੇ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਉਹਾਇੳ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਸੱਭਿਆਚਾਰਕ ਮੇਲਾ ਲਾਇਆ ਗਿਆ, ਜਿਸ ਵਿੱਚ ਸਿੱਖਾਂ ਸਣੇ 10 ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ। ਇਸ ਦੌਰਾਨ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਨੇ ਗਿੱਧਾ ਤੇ ਭੰਗੜਾ ਪਾ ਕੇ ਗੋਰਿਆਂ ਨੂੰ ਵੀ ਨੱਚਣ ਲਾ ਦਿੱਤਾ। ਇਸ ਮੌਕੇ ਜਲੇਬੀਆਂ ਦਾ ਲੰਗਰ ਵੀ ਲਾਇਆ ਗਿਆ।

ਰੰਗ-ਬਰੰਗੀਆਂ ਦਸਤਾਰਾਂ ਦੇ ਨਾਲ ਸਜਿਆ ਸਪਰਿੰਗਫੀਲਡ ਦਾ ਮੇਲਾ


ਅਮਰੀਕਾ ਵਿੱਚ 9/11 ਦੇ ਦਹਿਸ਼ਤੀ ਹਮਲੇ ਸਮੇਂ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ’ਤੇ ਹਮਲੇ ਕੀਤੇ ਗਏ, ਇੱਥੋਂ ਤੱਕ ਕਿ ਔਰੀਜੀਨਾ ਵਿੱਚ ਪੰਜਾਬੀ ਮੂਲ ਦੇ ਬਲਬੀਰ ਸਿੰਘ ਸੋਢੀ ਵਾਸੀ ਪਿੰਡ ਨਡਾਲਾ ਕਪੂਰਥਲਾ ਨੂੰ ਇਕ ਗੋਰੇ ਨੇ ਮੁਸਲਮਾਨ ਸਮਝਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਹੋਣ ਲੱਗੇ। ਅਮਰੀਕਾ ਵਿੱਚ ਲਾਏ ਜਾਂਦੇ ਮੇਲਿਆਂ ਵਿੱਚ ਸਟਾਲ ਲਾ ਕੇ ਸਿੱਖਾਂ ਬਾਰੇ ਸਾਹਿਤ ਵੰਡਿਆ ਜਾਣ ਲੱਗਾ। ਅਜਿਹਾ ਹੀ ਉਪਰਾਲਾ ਉਹਾਇੳ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਵਿੱਚ ਉੱਥੋਂ ਦੇ ਨਿਵਾਸੀ ਅਵਤਾਰ ਸਿੰਘ ਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਦੇ ਪਰਿਵਾਰ ਵੱਲੋਂ ਪਿਛਲੇ 22 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਡੇਟਨ ਤੇ ਸਿਨਸਿਨਾਟੀ ਦੇ ਵਸਨੀਕ ਵੀ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ।


ਸਪਰਿੰਗਫੀਲਡ ਵਿੱਚ ਲੱਗੇ ਤਾਜ਼ਾ ਮੇਲੇ ਦੌਰਾਨ ਸਿੱਖਾਂ ਵਿੱਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਅਮਰੀਕੀ ਗੋਰਿਆਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖ ਧਰਮ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਲੋਕਾਂ ਵੱਲੋਂ ਖ਼ੁਸ਼ੀ- ਖ਼ੁਸੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਹਨਾਂ ਨੂੰ ਸਿੱਖਾਂ ਦੇ ਬਾਰੇ ਵਿੱਚ ਜਾਣਕਾਰੀ ਵੀ ਦਿੱਤੀ ਗਈ। ਮੇਲੇ ਵਿਚ ਜਦ ਹੀ ਦਸਤਾਰਾਂ ਬਨਣੀਆਂ ਸ਼ੁਰੂ ਕੀਤੀਆ ਗਈਆਂ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਸਿਰਫ ਦੋ ਕੁ ਘੰਟਿਆਂ ਦੇ ਸਮੇ ਵਿੱਚ 250 ਤੋਂ ਵੱਧ ਦਸਤਾਰਾਂ ਖਤਮ ਹੋ ਗਈਆਂ।


ਦਸਤਾਰਾਂ ਸਜਾਉਣ ਵਾਲਿਆਂ ਵਿੱਚ ਸਿਟੀ ਮੇਅਰ ਵੈਰਨ ਕੋਪਲੈਂਡ, ਸਾਬਕਾ ਸਿਟੀ ਕਮਿਸ਼ਨਰ ਜੋਹਨ ਡੇਟਰਿਕ ਤੇ ਪੁਲੀਸ ਚੀਫ਼ ਐਲੀਸਨ ਇਲੀਅਟ, ਟੀਨਾ ਸਮਿੱਥ ਅਤੇ ਆਈਸ਼ਾ ਜੋਹਨਸਨ ਸ਼ਾਮਲ ਸਨ। ਇੰਟਰਫ਼ੇਥ ਦੀ ਪ੍ਰਧਾਨ ਇਲੈਨਾ ਬ੍ਰੈਡਲੀ, ਗੇਰੀ ਸਿੰਘ ਅਮਰੀਕਨ ਗੋਰੇ, ਕੇ ਸੀ ਰੋਲੇਨਡ ਨੇ ਵੀ ਸਟਾਲ ਤੇ ਆ ਕੇ ਆਪਣੀ ਹਾਜਰੀ ਭਰੀ।


ਦਸਤਾਰਾਂ ਸਜਾਉਣ ਵਿਚ ਕੇਵਲ ਪੁਰਸ਼ ਨਹੀਂ ਬਲਕਿ ਇਸਤਰੀਆਂ ਵੀ ਸ਼ਾਮਲ ਸਨ। ਉਹਨਾਂ ਨੇ ਦਸਤਾਰਾਂ ਨਾਲ ਲੈ ਕੇ ਜਾਣ ਦੀ ਇੱਛਾ ਵੀ ਜਾਹਿਰ ਕੀਤੀ ਤਾਂ ਜੋ ਉਹ ਇਸ ਨੂੰ ਆਪਣੇ ਆਪ ਵੀ ਬੰਨ ਸਕਣ। ਰੰਗ ਬਰੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ। ਸਿਟੀ ਹਾਲ ਪਲਾਜ਼ਾ ਵਿਖੇ ਆਯੋਜਤ ਇਸ ਸੱਭਿਆਚਾਰਕ ਮੇਲੇ ਵਿਚ ਭੰਗੜੇ ਤੇ ਗਿੱਧੇ ਨੇ ਵੀ ਖ਼ੂਬ ਰੰਗ ਬੰਨਿਆ। ਜਦੋਂ ਢੋਲ ਵੱਜਿਆ ਤਾਂ ਸਾਰੇ ਲੋਕ ਦੌੜੇ-ਦੌੜੇ ਆਏ ਤੇ ਉਨ੍ਹਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ। ਕਈ ਤਾਂ ਖ਼ੁਦ ਵੀ ਨੱਚਣ ਲੱਗ ਪਏ।


ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਵੀ ਰੱਖੀਆਂ ਗਈਆਂ ਸਨ।

ਸ੍ਰੀ ਹਰਿਮੰਦਰ ਸਾਹਿਬ, ਸਿੱਖ ਵੈਡਿੰਗ (ਵਿਆਹ) ਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ। ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਿੱਖ ਧਰਮ ਸਬੰਧੀ ਪੈਂਫ਼ਲੇਟ ਵੰਡੇ ਗਏ।

ਮਹਾਰਾਜਾ ਰੈਸਟੋਰੇਟ ਨੇ ਜਲੇਬੀਆਂ ਦਾ ਲੰਗਰ ਲਾਇਆ, ਅਮਰੀਕੀਆਂ ਨੇ ਜਲੇਬੀਆਂ ਦਾ ਖ਼ੂਬ ਆਨੰਦ ਮਾਣਿਆ।

Next Story
ਤਾਜ਼ਾ ਖਬਰਾਂ
Share it