Begin typing your search above and press return to search.

ਤਿੱਬਤ, ਲੱਦਾਖ਼ ਤੇ ਬਾਲਿਟਸਤਾਨ ਜਿੱਤਣ ਵਾਲਾ ਯੋਧਾ ‘ਜ਼ੋਰਾਵਰ ਸਿੰਘ’

ਚੰਡੀਗੜ੍ਹ, 21 ਸਤੰਬਰ (ਸ਼ਾਹ) : ਅੱਜ ਅਸੀਂ ਤੁਹਾਨੂੰ ਇਕ ਅਜਿਹੇ ਭਾਰਤੀ ਜਰਨੈਲ ਦੀ ਸੂਰਮਗਤੀ ਤੋਂ ਜਾਣੂ ਕਰਵਾਉਣ ਜਾ ਰਹੇ ਆਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇ। ਇਸ ਮਹਾਨ ਜਰਨੈਲ ਨੇ ਚੀਨ ਦੇ ਵੱਡੇ ਹਿੱਸੇ ’ਤੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ ਵਿਚ ਲੱਦਾਖ਼, ਬਾਲਿਟਸਤਾਨ ਅਤੇ ਤਿੱਬਤ ਵੀ ਸ਼ਾਮਲ ਸੀ ਅਤੇ ਇਸ ਸੂਰਮੇ ਨੂੰ ਪੂਰਬ […]

ਤਿੱਬਤ, ਲੱਦਾਖ਼ ਤੇ ਬਾਲਿਟਸਤਾਨ ਜਿੱਤਣ ਵਾਲਾ ਯੋਧਾ ‘ਜ਼ੋਰਾਵਰ ਸਿੰਘ’
X

Zorawar singh

Hamdard Tv AdminBy : Hamdard Tv Admin

  |  21 Sept 2023 12:57 PM IST

  • whatsapp
  • Telegram

ਚੰਡੀਗੜ੍ਹ, 21 ਸਤੰਬਰ (ਸ਼ਾਹ) : ਅੱਜ ਅਸੀਂ ਤੁਹਾਨੂੰ ਇਕ ਅਜਿਹੇ ਭਾਰਤੀ ਜਰਨੈਲ ਦੀ ਸੂਰਮਗਤੀ ਤੋਂ ਜਾਣੂ ਕਰਵਾਉਣ ਜਾ ਰਹੇ ਆਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇ। ਇਸ ਮਹਾਨ ਜਰਨੈਲ ਨੇ ਚੀਨ ਦੇ ਵੱਡੇ ਹਿੱਸੇ ’ਤੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ ਵਿਚ ਲੱਦਾਖ਼, ਬਾਲਿਟਸਤਾਨ ਅਤੇ ਤਿੱਬਤ ਵੀ ਸ਼ਾਮਲ ਸੀ ਅਤੇ ਇਸ ਸੂਰਮੇ ਨੂੰ ਪੂਰਬ ਦਾ ਨੇਪੋਲੀਅਨ ਵੀ ਕਿਹਾ ਜਾਂਦਾ ਸੀ। ਇੱਥੇ ਹੀ ਬਸ ਨਹੀਂ ਚਾਹੇ ਤਿੱਬਤ ਅਤੇ ਸ਼ਿਨਜਿਆਂਗ ਪ੍ਰੋਵਿੰਸ ਨਾਲ ਲਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫ਼ਗਾਨਿਸਤਾਨ ਦਾ ਵਾਖ਼ਨ ਗਲਿਆਰਾ, ਜਾਂ ਫਿਰ ਹੋਵੇ ਪਾਕਿਸਤਾਨ ਦਾ ਖ਼ੈਬਰ ਪਖ਼ਤੂਨਖਵਾ ਇਲਾਕਾ, ਇਹ ਸਾਰੇ ਉਸੇ ਸੂਰਮੇ ਦੀ ਵਿਰਾਸਤ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਸੀ ਇਹ ਸੂਰਮਾ ਅਤੇ ਕੀ ਐ ਉਸਦੀ ਪੂਰੀ ਕਹਾਣੀ?

ਦਰਅਸਲ ਇਹ ਕਹਾਣੀ ਐ ਜਨਰਲ ਜ਼ੋਰਾਵਰ ਸਿੰਘ ਕਹਿਲੁਰੀਆ ਦੀ,,, ਉਹ ਸਖ਼ਸ਼ ਜਿਸ ਨੂੰ ‘ਪੂਰਬ ਦਾ ਨੈਪੋਲੀਅਨ’ ਦਾ ਨਾਮ ਦਿੱਤਾ ਗਿਆ ਸੀ। ਉਹ ਸਖ਼ਸ਼ ਜਿਸ ਨੇ ਭਾਰਤ ਦੀਆਂ ਹੱਦਾਂ ਨੂੰ ਚੀਨ ਦੀਆਂ ਸਰਹੱਦਾਂ ਤੱਕ ਵਿਸਤਾਰ ਕਰਨ ਦਾ ਟੀਚਾ ਚੁਣਿਆ ਅਤੇ ਵੱਡੀ ਸਫ਼ਲਤਾ ਵੀ ਹਾਸਲ ਕੀਤੀ। ਚਾਹੇ ਤਿੱਬਤ ਅਤੇ ਸ਼ਿਨਜਿਆਂਗ ਪ੍ਰੋਵਿੰਸ ਨਾਲ ਲਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫ਼ਗਾਨਿਸਤਾਨ ਦਾ ਵਾਖ਼ਨ ਗਲਿਆਰਾ, ਜਾਂ ਫਿਰ ਹੋਵੇ ਪਾਕਿਸਤਾਨ ਦਾ ਖ਼ੈਬਰ ਪਖ਼ਤੂਨਖਵਾ ਇਲਾਕਾ, ਇਹ ਸਾਰੇ ਇਲਾਕੇ ਜਨਰਲ ਜ਼ੋਰਾਵਰ ਸਿੰਘ ਨੇ ਫ਼ਤਿਹ ਕੀਤੇ ਹੋਏ ਸੀ।

ਉਂਝ ਜ਼ੋਰਾਵਰ ਸਿੰਘ ਦੀ ਜ਼ਿੰਦਗੀ ਦੇ ਸ਼ੁਰੂਆਤੀ ਹਿੱਸੇ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਇਹ ਮੰਨਿਆ ਜਾਂਦਾ ਏ ਕਿ ਉਨ੍ਹਾਂ ਦਾ ਜਨਮ 1784 ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਅੰਸਾਰਾ ਵਿਚ ਹੋਇਆ ਸੀ। ਉਸ ਸਮੇਂ ਅੰਸਾਰਾ ਪਿੰਡ ਕਹਿਲੂਰ ਨਾਮ ਦੀ ਇਕ ਰਿਆਸਤ ਦਾ ਹਿੱਸਾ ਹੋਇਆ ਕਰਦਾ ਸੀ। ਇਸੇ ਕਰਕੇ ਜ਼ੋਰਾਵਰ ਸਿੰਘ ਕਹਿਲੁਰੀਆ ਦੇ ਨਾਮ ਨਾਲ ਜਾਣੇ ਗਏ।

ਜ਼ਮੀਨ ਨੂੰ ਲੈ ਕੇ ਹੋਏ ਪਰਿਵਾਰਕ ਝਗੜੇ ਕਾਰਨ ਜ਼ੋਰਾਵਰ ਸਿੰਘ ਪਿੰਡ ਛੱਡ ਕੇ ਰੁਜ਼ਗਾਰ ਦੀ ਭਾਲ ਵਿਚ ਹਰਿਦੁਆਰ ਚਲੇ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਰਾਣਾ ਜਸਵੰਤ ਸਿੰਘ ਦੇ ਨਾਲ ਹੋਈ ਜੋ ਜੰਮੂ ਕਸ਼ਮੀਰ ਵਿਚ ਕਿਸ਼ਤਵਾੜ ਇਲਾਕੇ ਦੇ ਜ਼ਿਮੀਂਦਾਰ ਸਨ। ਉਹ ਰਾਣਾ ਜਸਵੰਤ ਸਿੰਘ ਨਾਲ ਇੱਥੇ ਪਹੁੰਚ ਗਏ ਅਤੇ ਉਨ੍ਹਾਂ ਕੋਲੋਂ ਇਕ ਯੋਧਾ ਦੀ ਟ੍ਰੇਨਿੰਗ ਹਾਸਲ ਕੀਤੀ, ਤਲਵਾਰ ਅਤੇ ਤੀਰ ਕਮਾਨ ਚਲਾਉਣਾ ਸਿੱਖਿਆ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਯੋਧਿਆਂ ਦੀ ਲੋੜ ਸੀ।

ਜ਼ੋਰਾਵਰ ਸਿੰਘ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੌਕਰੀ ਕੀਤੀ ਅਤੇ ਬਾਅਦ ਵਿਚ ਉਹ ਕਾਂਗੜਾ ਦੇ ਰਾਜਾ ਸੰਸਾਰ ਚੰਦ ਦੀ ਫ਼ੌਜ ਵਿਚ ਚਲੇ ਗਏ। 1817 ਵਿਚ ਜ਼ੋਰਾਵਰ ਸਿੰਘ ਦੀ ਜ਼ਿੰਦਗੀ ‘ਚ ਇਕ ਵੱਡਾ ਬਦਲਾਅ ਹੋਇਆ, ਜਦੋਂ ਉਨ੍ਹਾਂ ਨੂੰ ਜੰਮੂ ਦੇ ਡੋਗਰਾ ਸਰਦਾਰ ਮਿਆਂ ਕਿਸ਼ੋਰ ਸਿੰਘ ਜਾਮਵਾਲ ਦੀ ਸੇਵਾ ਵਿਚ ਜਾਣ ਦਾ ਮੌਕਾ ਮਿਲਿਆ। ਜੰਮੂ ਸਿੱਖ ਸਾਮਰਾਜ ਦੇ ਅਧੀਨ ਆਉਂਦਾ ਸੀ। ਸਾਲ 1808 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ’ਤੇ ਜਿੱਤ ਹਾਸਲ ਕਰਕੇ ਉਸ ਨੂੰ ਆਪਣਾ ਵਸਾਲ ਸਟੇਟ ਬਣਾ ਲਿਆ ਸੀ ਅਤੇ ਉਥੋਂ ਦੀ ਸੱਤਾ ਕਿਸ਼ੋਰ ਸਿੰਘ ਨੂੰ ਸੌਂਪ ਦਿੱਤੀ ਸੀ। ਇਸੇ ਦੌਰਾਨ ਕਿਸ਼ੋਰ ਸਿੰਘ ਦੇ ਬੇਟੇ ਗੁਲਾਬ ਸਿੰਘ ਦੀ ਨਜ਼ਰ ਜ਼ੋਰਾਵਰ ਸਿੰਘ ’ਤੇ ਪਈ, ਉਨ੍ਹਾਂ ਨੇ ਜ਼ੋਰਾਵਰ ਨੂੰ ਭੀਮਗੜ੍ਹ ਨਾਂਅ ਦੇ ਕਿਲ੍ਹੇ ਦਾ ਗਾਰਡ ਬਣਾ ਦਿੱਤਾ।

ਇਸੇ ਦੌਰਾਨ ਕਿਲ੍ਹੇ ਵਿਚ ਇਕ ਘਟਨਾ ਵਾਪਰੀ। ਕਿਲ੍ਹੇ ਦੇ ਕਿਲ੍ਹੇਦਾਰ ਨੇ ਜ਼ੋਰਾਵਰ ਸਿੰਘ ਨੂੰ ਇਕ ਸੰਦੇਸ਼ ਦੇ ਕੇ ਗੁਲਾਬ ਸਿੰਘ ਕੋਲ ਭੇਜਿਆ, ਜ਼ੋਰਾਵਰ ਸਿੰਘ ਨੇ ਸੰਦੇਸ਼ ਤਾਂ ਸੁਣਾਇਆ ਹੀ ਪਰ ਨਾਲ ਹੀ ਕਿਲ੍ਹੇਦਾਰ ਦੀ ਪੋਲ ਵੀ ਖੋਲ੍ਹ ਦਿੱਤੀ। ਉਸ ਨੇ ਦੱਸਿਆ ਕਿ ਕਿਲ੍ਹੇਦਾਰ ਵੱਲੋਂ ਕਿਵੇਂ ਫਾਲਤੂ ਪੈਸਾ ਬਰਬਾਦ ਕੀਤਾ ਜਾ ਰਿਹਾ ਏ। ਉਸ ਨੇ ਗੁਲਾਬ ਸਿੰਘ ਨੂੰ ਪੈਸਾ ਬਚਾਉਣ ਦੇ ਕਈ ਸੁਝਾਅ ਦਿੱਤੇ, ਜਿਸ ਤੋਂ ਖ਼ੁਸ਼ ਹੋ ਕੇ ਗੁਲਾਬ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਕਿਲ੍ਹੇ ਦਾ ਕਮਾਂਡਰ ਨਿਯੁਕਤ ਕਰ ਦਿੱਤਾ।

ਫਿਰ ਸਾਲ 1819 ਵਿਚ ਜ਼ੋਰਾਵਰ ਸਿੰਘ ਦੇ ਮੋਢਿਆਂ ’ਤੇ ਇਕ ਵੱਡੀ ਜ਼ਿੰਮੇਵਾਰੀ ਆਈ, ਹੋਇਆ ਇੰਝ ਕਿ ਉਸ ਸਾਲ ਸਿੱਖ ਫ਼ੌਜ ਨੇ ਅਫ਼ਗਾਨ ਫ਼ੌਜ ਨੂੰ ਭਜਾ ਕੇ ਕਸ਼ਮੀਰ ’ਤੇ ਆਪਣਾ ਕਬਜ਼ਾ ਜਮਾ ਲਿਆ ਸੀ ਅਤੇ ਕੁੱਝ ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦਾ ਵੱਡਾ ਇਲਾਕਾ ਗੁਲਾਬ ਸਿੰਘ ਦੇ ਸਪੁਰਦ ਕਰ ਦਿੱਤਾ ਅਤੇ ਗੁਲਾਬ ਸਿੰਘ ਰਾਜਾ ਬਣ ਗਏ। ਰਾਜਾ ਬਣਦਿਆਂ ਹੀ ਉਨ੍ਹਾਂ ਨੇ ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਸਮੇਤ ਕਈ ਜਾਗੀਰਾਂ ਦਾ ਗਵਰਨਰ ਬਣਾ ਦਿੱਤਾ ਅਤੇ ਵਜ਼ੀਰ ਦੀ ਉਪਾਧੀ ਦੇ ਦਿੱਤੀ ਅਤੇ ਉਹ ਰਾਜਾ ਤੋਂ ਬਾਅਦ ਸਭ ਤੋਂ ਤਾਕਤਵਰ ਸਖ਼ਸ਼ ਬਣ ਗਏ।

ਇੱਥੋਂ ਜ਼ੋਰਾਵਰ ਸਿੰਘ ਦੀ ਜ਼ਿੰਦਗੀ ਦਾ ਉਹ ਦੌਰ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਡੋਗਰਾ ਫ਼ੌਜ ਦੀ ਕਮਾਨ ਸੰਭਾਲੀ ਅਤੇ ਸਰਹੱਦ ਦੇ ਵਿਸਤਾਰ ਲਈ ਇਕ ਤੋਂ ਬਾਅਦ ਇਕ ਅਭਿਆਨ ਸ਼ੁਰੂ ਕੀਤੇ। ਜ਼ੋਰਾਵਰ ਸਿੰਘ ਨੂੰ ਆਪਣੀ ਵੱਡੀ ਜਿੱਤ ਲੱਦਾਖ ਵਿਚ ਮਿਲੀ, ਜਿੱਥੇ ਉਸ ਸਮੇਂ ਬੋਧੀਆਂ ਦਾ ਸਾਸ਼ਨ ਸੀ। ਇੱਥੋਂ ਦੇ ਰਾਜਾ ਗਯਾਲਪੋ ਤਿੱਬਤ ਨੂੰ ਟੈਕਸ ਅਦਾ ਕਰਦੇ ਸੀ। ਲੱਦਾਖ਼ ਇਲਾਕੇ ਵਿਚ ਕਾਫ਼ੀ ਅਹਿਮੀਅਤ ਰੱਖਦਾ ਸੀ ਕਿਉਂਕਿ ਤਿੱਬਤ ਤੋਂ ਅਫ਼ਗਾਨਿਸਤਾਨ ਤੱਕ ਜਾਣ ਵਾਲਾ ਵਪਾਰ ਮਾਰਗ ਲੱਦਾਖ ਤੋਂ ਹੋ ਕੇ ਹੀ ਲੰਘਦਾ ਸੀ। 1834 ਵਿਚ ਲੱਦਾਖ ਦੇ ਗਵਰਨਰ ਨੇ ਰਾਜਾ ਵਿਰੁੱਧ ਬਗ਼ਾਵਤ ਕਰ ਦਿੱਤੀ ਅਤੇ ਉਸ ਨੇ ਗੁਲਾਬ ਸਿੰਘ ਕੋਲੋਂ ਮਦਦ ਮੰਗੀ, ਗੁਲਾਬ ਸਿੰਘ ਕੋਲ ਲੱਦਾਖ ਵਿਚ ਪੈਰ ਜਮਾਉਣ ਦਾ ਇਹ ਵਧੀਆ ਮੌਕਾ ਸੀ, ਉਨ੍ਹਾਂ ਨੇ ਤੁਰੰਤ ਜ਼ੋਰਾਵਰ ਸਿੰਘ ਦੀ ਲੀਡਰਸ਼ਿਪ ਵਿਚ ਡੋਗਰਾ ਫ਼ੌਜ ਲੱਦਾਖ਼ ਲਈ ਰਵਾਨਾ ਕਰ ਦਿੱਤੀ। ਇਕ ਲੰਬੀ ਲੜਾਈ ਤੋਂ ਬਾਅਦ ਡੋਗਰਾ ਫ਼ੌਜ ਨੇ ਲੱਦਾਖ਼ ’ਤੇ ਫਤਿਹ ਹਾਸਲ ਕੀਤੀ।

ਲੱਦਾਖ਼ ਜਿੱਤਣ ਮਗਰੋਂ ਜ਼ੋਰਾਵਰ ਸਿੰਘ ਦਾ ਪੂਰੇ ਸਿੱਖ ਸਾਮਰਾਜ ਵਿਚ ਨਾਮ ਹੋ ਚੁੱਕਿਆ ਸੀ। ਹਾਲਾਂਕਿ ਉਹ ਇੱਥੇ ਹੀ ਨਹੀਂ ਰੁਕੇ, 1840 ਵਿਚ ਉਨ੍ਹਾਂ ਨੇ ਕਾਰਾਕੋਰਮ ਦੇ ਪਾਰ ਬਾਲਿਟਸਤਾਨ ਦਾ ਰੁਖ਼ ਕੀਤਾ, ਇੱਥੇ ਵੀ ਉਨ੍ਹਾਂ ਨੂੰ ਸ਼ਾਹੀ ਪਰਿਵਾਰ ’ਚ ਬਗ਼ਾਵਤ ਚੱਲ ਰਹੀ ਸੀ। ਦਰਅਸਲ ਬਾਲਿਟਸਤਾਨ ਦਾ ਰਾਜੇ ਅਹਿਮਦ ਸ਼ਾਹ ਨੇ ਆਪਣੇ ਇਕ ਬੇਟੇ ਨੂੰ ਰਾਜਾ ਬਣਾ ਦਿੱਤਾ, ਜਿਸ ਕਰਕੇ ਦੂਜਾ ਬੇਟਾ ਮੁਹੰਮਦ ਸ਼ਾਹ ਨਾਰਾਜ਼ ਹੋ ਗਿਆ, ਉਸ ਨੇ ਪਿਤਾ ਨਾਲ ਬਗ਼ਾਵਤ ਕਰ ਦਿੱਤੀ ਅਤੇ ਜ਼ੋਰਾਵਰ ਸਿੰਘ ਤੋਂ ਮਦਦ ਮੰਗੀ। ਮੁਹੰਮਦ ਸ਼ਾਹ ਦੀ ਮਦਦ ਬਹਾਨੇ ਜ਼ੋਰਾਵਰ ਸਿੰਘ ਅੱਠ ਹਜ਼ਾਰ ਡੋਗਰਾ ਫ਼ੌਜ ਦੇ ਨਾਲ ਬਾਲਿਟਸਤਾਨ ਵਿਚ ਦਾਖ਼ਲ ਹੋ ਗਏ। ਇਹ ਲੜਾਈ ਕਾਫ਼ੀ ਮੁਸ਼ਕਲ ਸੀ ਕਿਉਂਕਿ ਨਿਧਾਨ ਸਿੰਘ ਨਾਂਅ ਦਾ ਇਕ ਕਮਾਂਡਰ ਪੰਜ ਹਜ਼ਾਰ ਫ਼ੌਜ ਨਾਲ ਬਰਫ਼ ਵਿਚ ਫਸ ਗਿਆ ਸੀ, ਜਿਸ ਨੂੰ ਅਹਿਮਦ ਸ਼ਾਹ ਦੀ ਫ਼ੌਜ ਨੇ ਘੇਰ ਕੇ ਮਾਰ ਦਿੱਤਾ।

ਉਧਰ ਜ਼ੋਰਾਵਰ ਸਿੰਘ ਆਪਣੀ ਫ਼ੌਜ ਦੇ ਨਾਲ ਇਕ ਮਹੀਨੇ ਤੱਕ ਨਦੀ ਦੇ ਮੁਹਾਣੇ ’ਤੇ ਫਸਿਆ ਹੋਇਆ ਸੀ। ਠੰਡ ਨਾਲ ਉਨ੍ਹਾਂ ਦੀ ਹਾਲਤ ਖ਼ਰਾਬ ਸੀ। ਫਿਰ ਇਕ ਡੋਗਰਾ ਅਫ਼ਸਰ ਮੇਹਤਾ ਬਸਤੀ ਰਾਮ ਨੇ ਨਦੀ ਦੇ ਪਾਰ ਜਾਣ ਦਾ ਰਸਤਾ ਲੱਭਿਆ, ਜਿਸ ਕਰਕੇ ਜ਼ੋਰਾਵਰ ਸਿੰਘ ਬਾਲਿਟਸਤਾਨ ਤੱਕ ਪਹੁੰਚ ਸਕੇ। ਜ਼ੋਰਾਵਰ ਸਿੰਘ ਨੇ ਸਕਰਦੂ ਕਿਲ੍ਹੇ ਨੂੰ ਘੇਰਾ ਪਾ ਲਿਆ, ਜਿੱਥੇ ਅਹਿਮਦ ਸ਼ਾਹ ਠਹਿਰਿਆ ਹੋਇਆ ਸੀ ਅਤੇ ਉਨ੍ਹਾਂ ਨੇ ਅਹਿਮਦ ਸ਼ਾਹ ਨੂੰ ਸਿਰੰਡਰ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਬਾਲਿਟਸਤਾਨ ’ਤੇ ਕਬਜ਼ਾ ਜਮਾਅ ਲਿਆ। ਇਸ ਮਗਰੋਂ ਜ਼ੋਰਾਵਰ ਸਿੰਘ ਦੀ ਨਜ਼ਰ ਤਿੱਬਤ ’ਤੇ ਪਈ। ਮਹਾਰਾਜਾ ਗੁਲਾਬ ਸਿੰਘ ਆਪਣੇ ਸੂਬੇ ਦੀਆਂ ਸਰਹੱਦਾਂ ਪੂਰਬ ਤੱਕ ਫੈਲਾਉਣਾ ਚਾਹੁੰਦੇ ਸੀ, ਇਸ ਕਰਕੇ ਉਨ੍ਹਾਂ ਨੇ ਤਿੱਬਤ ’ਤੇ ਚੜ੍ਹਾਈ ਕਰਨ ਦਾ ਵਿਚਾਰ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਪੇਸ਼ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਤਿਆਰ ਨਹੀਂ ਹੋਏ। 1839 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਸ਼ੇਰ ਸਿੰਘ ਮਹਾਰਾਜਾ ਬਣ ਗਏ, ਜਿਨ੍ਹਾਂ ਨੇ ਗੁਲਾਬ ਸਿੰਘ ਨੂੰ ਤਿੱਬਤ ’ਤੇ ਹਮਲੇ ਦੀ ਇਜਾਜ਼ਤ ਦੇ ਦਿੱਤੀ।

ਮਈ 1841 ਵਿਚ ਜ਼ੋਰਾਵਰ ਸਿੰਘ ਨੇ 5 ਹਜ਼ਾਰ ਦੀ ਫ਼ੌਜ ਲੈ ਕੇ ਤਿੱਬਤ ’ਤੇ ਹੱਲਾ ਬੋਲਿਆ ਅਤੇ ਕਈ ਇਲਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਆਖ਼ਰ ਵਿਚ ਉਹ ਤਾਕਲਾਕੋਟ ਪਹੁੰਚੇ ਜੋ ਮਾਨਸਰੋਵਰ ਝੀਲ ਤੋਂ ਲਗਭਗ 90 ਕਿਲੋਮੀਟਰ ਦੂਰ ਸੀ। ਇੱਥੇ ਇਕ ਹੋਰ ਘਟਨਾ ਵਾਪਰੀ। ਦਰਅਸਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਵੀ ਤਿੱਬਤ ’ਤੇ ਕਾਫ਼ੀ ਦਿਲਚਸਪੀ ਸੀ, ਜਿਸ ਕਰਕੇ ਉਨ੍ਹਾਂ ਨੇ ਜ਼ੋਰਾਵਰ ਸਿੰਘ ’ਤੇ ਨਜ਼ਰ ਬਣਾਈ ਹੋਈ ਸੀ। ਇਸੇ ਦੌਰਾਨ ਜ਼ੋਰਾਵਰ ਸਿੰਘ ਨੂੰ ਨੇਪਾਲ ਦੇ ਰਾਜਾ ਵੱਲੋਂ ਭੇਜੇ ਹੋਏ ਦੂਤ ਮਿਲਣ ਲਈ ਆਏ। ਅੰਗਰੇਜ਼ਾਂ ਨੂੰ ਡਰ ਪੈ ਗਿਆ ਕਿ ਕਿਤੇ ਸਿੱਖ ਅਤੇ ਨੇਪਾਲੀ ਗਠਜੋੜ ਨਾ ਕਰ ਲੈਣ।

ਉਨ੍ਹਾਂ ਨੇ ਸ਼ੇਰ ਸਿੰਘ ਨੂੰ ਡੋਗਰਾ ਫ਼ੌਜ ਵਾਪਸ ਬੁਲਾਉਣ ਲਈ ਮਨਾ ਲਿਆ, ਸ਼ੇਰ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਬਲਾਵਾ ਭੇਜਿਆ ਪਰ ਜ਼ੋਰਾਵਰ ਸਿੰਘ ਨੂੰ ਵਾਪਸੀ ਵਿਚ ਦਿੱਕਤ ਹੋ ਰਹੀ ਸੀ ਕਿਉਂਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਸੀ, ਰਸਤੇ ਬੰਦ ਹੋ ਚੁੱਕੇ ਸੀ, ਜਿਸ ਕਰਕੇ ਉਨ੍ਹਾਂ ਨੇ ਉਥੇ ਹੀ ਕੁੱਝ ਦਿਨ ਡੇਰਾ ਜਮਾ ਲਿਆ ਪਰ ਇਸੇ ਦੌਰਾਨ ਤਿੱਬਤ ਦੀ ਇਕ ਫ਼ੌਜ ਨੇ ਜ਼ੋਰਾਵਰ ਦੇ ਟਿਕਾਣੇ ’ਤੇ ਹਮਲਾ ਕਰ ਦਿੱਤਾ। ਠੰਡ ਇੰਨੀ ਜ਼ਿਆਦਾ ਸੀ ਕਿ ਫ਼ੌਜ ਦੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਬੇਕਾਰ ਹੋ ਗਈਆਂ ਸੀ।

12 ਦਸੰਬਰ 1841 ਨੂੰ ਜ਼ੋਰਾਵਰ ਸਿੰਘ ਆਪਣੀ ਆਖ਼ਰੀ ਜੰਗ ਲੜ ਰਹੇ ਸੀ, ਇਸੇ ਦੌਰਾਨ ਇਕ ਗੋਲੀ ਉਨ੍ਹਾਂ ਦੇ ਮੋਢੇ ’ਤੇ ਲੱਗੀ ਪਰ ਉਹ ਫਿਰ ਵੀ ਲੜਦੇ ਰਹੇ। ਫਿਰ ਇਕ ਤਿੱਬਤੀ ਕਮਾਂਡਰ ਨੇ ਉਨ੍ਹਾਂ ਦੇ ਭਾਲਾ ਮਾਰਿਆ, ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਤਿਹਾਸਕ ਦਸਤਾਵੇਜ਼ਾਂ ਮੁਤਾਬਕ ਤਿੱਬਤੀਆਂ ਨੇ ਦੁਸ਼ਮਣ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਅਤੇ ਤਾਕਲਾਕੋਟ ਵਿਚ ਉਨ੍ਹਾਂ ਦੀ ਸਮਾਧੀ ਬਣਾਈ।

ਭਾਰਤ ਵਿਚ ਜ਼ੋਰਾਵਰ ਸਿੰਘ ਦੇ ਨਾਂਅ ’ਤੇ ਇਕ ਲਾਈਟ ਟੈਂਕ ਬਣਾਉਣ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਏ, ਜਿਸ ਨੂੰ ਡੀਆਰਡੀਓ ਅਤੇ ਐਲਐਂਡਟੀ ਵੱਲੋਂ ਬਣਾਇਆ ਜਾ ਰਿਹਾ ਏ। ਉਮੀਦ ਐ 2023 ਦੇ ਅੰਤ ਤੱਕ ਇਹ ਟੈਂਕ ਟ੍ਰਾਇਲ ਦੇ ਲਈ ਤਿਆਰ ਹੋ ਜਾਵੇਗਾ। ਜ਼ੋਰਾਵਰ ਸਿੰਘ ਦੀ ਸਮਾਧੀ ਅੱਜ ਵੀ ਉਸੇ ਜਗ੍ਹਾ ਮੌਜੂਦ ਐ, ਜਿੱਥੇ ਉਸ ਦੀ ਮੌਤ ਹੋਈ ਸੀ ਅਤੇ ਚੀਨ ਦਾ ਕੱਲਾ ਕੱਲਾ ਸੈਨਿਕ ਉਨ੍ਹਾਂ ਦੇ ਨਾਮ ਤੋਂ ਜਾਣੂ ਐ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it