Begin typing your search above and press return to search.
ਕੈਨੇਡਾ ’ਚ ਭਾਰਤੀ ਪਰਵਾਰ ਦੀ ਰਿਹਾਇਸ਼ ਵਾਲੇ ਘਰ ਨੂੰ ਅੱਗ, ਇਕ ਹਲਾਕ
ਸਰੀ, 2 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਸਰੀ ਸ਼ਹਿਰ ਵਿਚ ਭਾਰਤੀ ਪਰਵਾਰ ਦੀ ਰਿਹਾਇਸ਼ ਵਾਲੇ ਘਰ ਨੂੰ ਅੱਗ ਲੱਗਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਿਰਾਏ ’ਤੇ ਲਏ ਮਕਾਨ ਵਿਚ ਦੇਰ ਰਾਤ ਤੱਕ ਨਵੇਂ ਸਾਲ ਦੀ ਪਾਰਟੀ ਚਲਦੀ ਰਹੀ ਅਤੇ ਸੋਮਵਾਰ ਸਵੇਰੇ […]
By : Editor Editor
ਸਰੀ, 2 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਸਰੀ ਸ਼ਹਿਰ ਵਿਚ ਭਾਰਤੀ ਪਰਵਾਰ ਦੀ ਰਿਹਾਇਸ਼ ਵਾਲੇ ਘਰ ਨੂੰ ਅੱਗ ਲੱਗਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਿਰਾਏ ’ਤੇ ਲਏ ਮਕਾਨ ਵਿਚ ਦੇਰ ਰਾਤ ਤੱਕ ਨਵੇਂ ਸਾਲ ਦੀ ਪਾਰਟੀ ਚਲਦੀ ਰਹੀ ਅਤੇ ਸੋਮਵਾਰ ਸਵੇਰੇ ਗੁਆਂਢੀਆਂ ਨੇ ਫਾਇਰ ਫਾਈਟਰਜ਼ ਨੂੰ ਅੱਗ ਲੱਗਣ ਦੀ ਇਤਲਾਹ ਦਿਤੀ। ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਘਰ ਅੰਦਰੋਂ ਇਕ ਲਾਸ਼ ਬਰਾਮਦ ਕੀਤੀ ਗਈ ਜਦਕਿ ਚਾਰ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਸਫਲਤਾ ਮਿਲੀ।
6 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ
ਦੂਜੇ ਪਾਸੇ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਸੀ.ਟੀ.ਵੀ. ਨੂੰ ਦੱਸਿਆ ਕਿ ਛੇ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਜ਼ਖਮੀਆਂ ਦੀ ਗਿਣਤੀ ਵਿਚ ਫਰਕ ਬਾਰੇ ਪੁੱਛਿਆ ਗਿਆ ਤਾਂ ਆਰ.ਸੀ.ਐਮ.ਪੀ. ਨੇ ਮੰਨ ਲਿਆ ਕਿ ਪੈਰਾਮੈਡਿਕਸ ਵੱਲੋਂ ਦੱਸਿਆ ਅੰਕੜਾ ਦਰੁਸਤ ਹੋਣ ਦੀ ਸੰਭਾਵਨਾ ਜ਼ਿਆਦਾ ਲਗਦੀ ਹੈ। ਗੁਆਂਢ ਵਿਚ ਰਹਿੰਦੇ ਇਕ ਸ਼ਖਸ ਨੇ ਦੱਸਿਆ ਕਿ ਅੱਗ ਦੀਆਂ ਲਾਟਾਂ ਉਚੇ ਉਚੇ ਦਰੱਖਤਾਂ ਤੱਕ ਪਹੁੰਚ ਰਹੀਆਂ ਸਨ। ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਰਿਹਾ ਸੀ ਜਿਸ ਨੇ ਪੂਰੇ ਇਲਾਕੇ ਵਿਚ ਧੁੰਦਲਕਾ ਪੈਦਾ ਕਰ ਦਿਤਾ। ਕੁਝ ਬਲੌਕਸ ਦੇ ਫਾਸਲੇ ’ਤੇ ਰਹਿਣ ਵਾਲੇ ਇਕ ਹੋਰ ਸ਼ਖਸ ਦਾ ਕਹਿਣਾ ਸੀ ਕਿ ਐਨੀ ਦੂਰ ਹੋਣ ਦੇ ਬਾਵਜੂਦ ਜ਼ਹਿਰੀਲਾ ਧੂੰਆਂ ਉਸ ਦੇ ਘਰ ਤੱਕ ਪਹੁੰਚ ਗਿਆ। ਪਲਾਸਟਿਕ ਸੜਨ ਦੀ ਦੁਰਗੰਧ ਸਾਫ ਮਹਿਸੂਸ ਹੋ ਰਹੀ ਸੀ ਜਦਕਿ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਹੋਰ ਕਈ ਚੀਜ਼ਾਂ ਵੀ ਸੜੀਆਂ ਹੋਣਗੀਆਂ।
ਨਵੇਂ ਸਾਲ ਦੀ ਪਾਰਟੀ ਮਗਰੋਂ ਸੋਮਵਾਰ ਸਵੇਰੇ ਵਾਪਰਿਆ ਵੱਡਾ ਹਾਦਸਾ
ਇਕ ਸ਼ਖਸ ਨੇ ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਬੇਟਾ ਘਰ ਵਿਚ ਹੋਈ ਪਾਰਟੀ ਵਿਚ ਮੌਜੂਦ ਸੀ ਪਰ ਸਵੇਰੇ ਅੱਗ ਲੱਗਣ ਤੋਂ ਪਹਿਲਾਂ ਇਥੋਂ ਚਲਾ ਗਿਆ। ਪਾਰਟੀ ਵਿਚ ਸ਼ਾਮਲ 20-25 ਸਾਲ ਦੇ ਨੌਜਵਾਨਾਂ ਤੋਂ ਇਲਾਵਾ ਘਰ ਵਿਚ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਵੀ ਮੌਜੂਦ ਸਨ। ਘਰ ਵਿਚ ਰਹਿ ਰਹੇ ਲੋਕਾਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਅਤੇ ਮਰਨ ਵਾਲੇ ਸ਼ਖਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ’ਤੇ ਸੰਪਰਕ ਕਰੇ।
Next Story