Begin typing your search above and press return to search.

ਸੁਰਜੀਤ ਪਾਤਰ ਦੇ ਦੇਹਾਂਤ 'ਤੇ ਪੰਜਾਬ ਦੀਆਂ ਉਘੀਆਂ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 11 ਮਈ, ਪਰਦੀਪ ਸਿੰਘ : ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਪਾਤਰ ਨੇ 79 ਸਾਲ ਦੀ ਉਮਰ ਵਿੱਚ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਆਉਣ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। […]

ਸੁਰਜੀਤ ਪਾਤਰ ਦੇ ਦੇਹਾਂਤ ਤੇ ਪੰਜਾਬ ਦੀਆਂ ਉਘੀਆਂ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
X

Editor EditorBy : Editor Editor

  |  11 May 2024 6:27 AM IST

  • whatsapp
  • Telegram

ਲੁਧਿਆਣਾ, 11 ਮਈ, ਪਰਦੀਪ ਸਿੰਘ : ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਪਾਤਰ ਨੇ 79 ਸਾਲ ਦੀ ਉਮਰ ਵਿੱਚ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਆਉਣ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਾਹਿਤਕਾਰਾਂ, ਅਦਾਕਾਰਾ ਅਤੇ ਕਈ ਵੱਡੀਆਂ ਸਖ਼ਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ।

ਸੁਰਜੀਤ ਪਾਤਰ ਦਾ ਪਿਛੋੜ

ਸੁਰਜੀਤ ਪਾਤਰ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ‘ਪੱਤੜ ਕਲਾਂ’ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀ ਪਾਸ ਕੀਤੀ। ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ.ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ ਏ ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਤਾਇਆ ਦੁੱਖ

ਸੁਰਜੀਤ ਪਾਤਰ ਦੇ ਦੇਹਾਂਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਤਰ ਦੀ ਕਵਿਤਾ ਦੇ ਬੋਲ ਲਿਖਦੇ ਹਨ ਕਿ “ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ” ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ 'ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਉਹਨਾਂ ਕਿਹਾ ਕਿ ਪਰਿਵਾਰ ਅਤੇ ਉਹਨਾਂ ਦੇ ਬੇਸ਼ੁਮਾਰ ਚਾਹੁਣ ਵਾਲਿਆਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਉਹ ਪਾਤਰ ਸਾਹਿਬ ਦੀ ਪਾਵਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਉਹਨਾਂ ਦੇ ਪਰਿਵਾਰ ਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖ਼ਸ਼ਣ।

ਸੀਐੱਮ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ

ਸੁਰਜੀਤ ਪਾਤਰ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ 'ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ 'ਤੇ ਬਹੁਤ ਦੁੱਖ ਹੋਇਆ..ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ..

ਹਰਸਿਮਰਤ ਕੌਰ ਬਾਦਲ ਨੇ ਜਤਾਇਆ ਦੁੱਖ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਜਾਹਿਰ ਕਰਦਿਆਂ ਕਿਹਾ ਕਿ 'ਇਹ ਦੱਸਦਿਆਂ ਬਹੁਤ ਹੀ ਅਫ਼ਸੋਸ ਮਹਿਸੂਸ ਕਰ ਰਹੀ ਹਾਂ ਕਿ ਇਸ ਸਦੀ ਦੇ ਸਿਰਮੌਰ ਤੇ ਮਹਾਨ ਸ਼ਾਇਰ ਸੁਰਜੀਤ ਪਾਤਰ ਜੀ ਸਾਨੂੰ ਅਲਵਿਦਾ ਆਖ ਗਏ ਹਨ । ਸ਼ਾਂਤ ਚਿੱਤ, ਮਿਲਣਸਾਰ ਤੇ ਬਹੁਤ ਨਿੱਘੇ ਸੁਭਾਅ ਦੇ ਮਾਲਕ ਸੁਰਜੀਤ ਪਤਾਰ ਜੀ ਦਾ ਇੰਝ ਅਚਾਨਕ ਸਦੀਵੀਂ ਵਿਛੋੜਾ ਦੇ ਜਾਣਾ ਬਹੁਤ ਹੀ ਦੁਖਦਾਈ ਹੈ । ਅਕਾਲ ਪੁਰਖ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।'

ਪਾਤਰ ਦੀ ਸ਼ਾਇਰੀ -

ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ

ਜੁ ਲੋ ਮੱਥੇ 'ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖਤ 'ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫਕੀਰਾਂ ਦੇ ਸੁਖਨ, ਕੁਛ ਯਾਰ, ਕੁਛ ਤਾਰੀਖ ਦੇ ਮੰਜ਼ਰ
ਜਦੋਂ ਮੈਂ ਜ਼ਖਮ ਖਾ ਲੈਨਾਂ, ਮੇਰੀ ਖਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ ਸਿਆਹ ਬਣਦੇ

ਕਦੀ ਦਰਿਆ ਇੱਕਲਾ ਤੈ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ 'ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫਜ਼ ਜਿਊਂਦੇ ਨੇ, ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦੇ " ਪਾਤਰ "
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ……

Next Story
ਤਾਜ਼ਾ ਖਬਰਾਂ
Share it