Satish Shah; ਦਿੱਗਜ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ, ਗੁਰਦੇ ਫੇਲ੍ਹ ਹੋਣ ਕਰਕੇ ਗਈ ਜਾਨ
ਕਈ ਜ਼ਬਰਦਸਤ ਹਿੱਟ ਫਿਲਮਾਂ ਵਿੱਚ ਕੀਤਾ ਸੀ ਕੰਮ

By : Annie Khokhar
Satish Shah Death: ਮਨੋਰੰਜਨ ਜਗਤ ਤੋਂ ਇੱਕ ਹੋਰ ਬੇਹੱਦ ਦੁੱਖਦਾਈ ਖ਼ਬਰ ਆਈ ਹੈ। ਸਾਰਾਭਾਈ ਵਰਸੀਜ਼ ਸਾਰਾਭਾਈ" ਫੇਮ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਦਾਕਾਰ ਹੁਣ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸਤੀਸ਼ ਸ਼ਾਹ ਕੁਝ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ। ਉਹ ਲੰਬੇ ਸਮੇਂ ਤੋਂ ਕਿਸੇ ਵੀ ਜਨਤਕ ਸਮਾਗਮ ਜਾਂ ਫ਼ਿਲਮ ਵਿੱਚ ਨਜ਼ਰ ਨਹੀਂ ਆਏ ਸਨ। ਉਨ੍ਹਾਂ ਦੀ ਆਖਰੀ ਫ਼ਿਲਮ, "ਹਮਸ਼ਕਲਸ", 2014 ਵਿੱਚ ਰਿਲੀਜ਼ ਹੋਈ ਸੀ।
ਇੰਸਟਾਗ੍ਰਾਮ 'ਤੇ ਖ਼ਬਰ ਸਾਂਝੀ ਕਰਦੇ ਹੋਏ, ਫ਼ਿਲਮ ਨਿਰਮਾਤਾ ਨੇ ਲਿਖਿਆ, " ਡੂੰਘੇ ਦੁੱਖ ਅਤੇ ਸਦਮੇ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰੇ ਪਿਆਰੇ ਦੋਸਤ ਅਤੇ ਸ਼ਾਨਦਾਰ ਅਦਾਕਾਰ ਸਤੀਸ਼ ਸ਼ਾਹ ਦਾ ਕੁਝ ਘੰਟੇ ਪਹਿਲਾਂ ਗੁਰਦੇ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਤੁਰੰਤ ਹਿੰਦੂਜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਸਾਡੇ ਮਨੋਰੰਜਨ ਉਦਯੋਗ ਲਈ ਇੱਕ ਵੱਡਾ ਘਾਟਾ ਹੈ। ਓਮ ਸ਼ਾਂਤੀ।"
ਸਤੀਸ਼ ਸ਼ਾਹ ਦਾ ਜਨਮ 25 ਜੂਨ, 1951 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਸਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII), ਪੁਣੇ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ, ਜਿੱਥੇ ਉਸਦੇ ਕਰੀਅਰ ਦੀ ਸ਼ੁਰੂਆਤ ਹੋਈ।
ਸਤੀਸ਼ ਸ਼ਾਹ 1970 ਦੇ ਦਹਾਕੇ ਦੇ ਅਖੀਰ ਵਿੱਚ ਫਿਲਮ ਇੰਡਸਟਰੀ ਵਿੱਚ ਦਾਖਲ ਹੋਏ। ਉਹ 200 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ, ਜਿਨ੍ਹਾਂ ਵਿੱਚ ਕਈ ਸੁਪਰਹਿੱਟ ਫਿਲਮਾਂ ਵੀ ਸ਼ਾਮਲ ਹਨ। ਸ਼ੁਰੂ ਵਿੱਚ, ਉਸਨੇ "ਅਰਵਿੰਦ ਦੇਸਾਈ ਕੀ ਅਜੀਬ ਦਸਤਾਨ" ਅਤੇ "ਗਮਨ" ਵਰਗੀਆਂ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ। ਹਾਲਾਂਕਿ, ਉਸਨੂੰ 1983 ਵਿੱਚ ਕੁਦਨ ਸ਼ਾਹ ਦੀ ਕਲਾਸਿਕ ਫਿਲਮ "ਜਾਨੇ ਭੀ ਦੋ ਯਾਰੋਂ" ਨਾਲ ਪਛਾਣ ਮਿਲੀ। ਇਸ ਵਿੱਚ, ਉਸਨੇ ਭ੍ਰਿਸ਼ਟ ਮਿਉਂਸਪਲ ਕਮਿਸ਼ਨਰ ਡੀ'ਮੈਲੋ ਦੀ ਭੂਮਿਕਾ ਨਿਭਾਈ, ਆਪਣੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ।
"ਸਾਰਾਭਾਈ ਵਰਸਿਜ਼ ਸਾਰਾਭਾਈ" ਤੋਂ ਮਿਲੀ ਖ਼ਾਸ ਪਛਾਣ
ਇਸ ਤੋਂ ਬਾਅਦ, ਉਸਨੇ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਆਪਣੀ ਅਦਾਕਾਰੀ ਦੀ ਮੁਹਾਰਤ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। "ਯੇ ਜੋ ਹੈ ਜ਼ਿੰਦਗੀ", "ਫਿਲਮੀ ਚੱਕਰ" ਅਤੇ ਖਾਸ ਕਰਕੇ "ਸਾਰਾਭਾਈ ਵਰਸਿਜ਼ ਸਾਰਾਭਾਈ" ਵਿੱਚ ਇੰਦਰਵਦਨ ਸਾਰਾਭਾਈ ਦਾ ਕਿਰਦਾਰ ਉਹਨਾਂ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰੀ ਭੂਮਿਕਾਵਾਂ ਵਿੱਚੋਂ ਇੱਕ ਹੈ। ਇਹ ਸ਼ੋਅ ਟੀਵੀ ਦਰਸ਼ਕਾਂ ਵਿੱਚ ਖ਼ੂਬ ਪ੍ਰਸਿੱਧ ਹੋਇਆ।
ਸੁਪਰਹਿੱਟ ਫਿਲਮਾਂ ਵਿੱਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ
ਸਤੀਸ਼ ਸ਼ਾਹ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ। "ਕਭੀ ਹਾਂ ਕਭੀ ਨਾ," "ਦਿਲਵਾਲੇ ਦੁਲਹਨੀਆ ਲੇ ਜਾਏਂਗੇ," "ਮੈਂ ਹੂੰ ਨਾ," "ਕਲ ਹੋ ਨਾ ਹੋ," "ਓਮ ਸ਼ਾਂਤੀ ਓਮ," ਅਤੇ "ਫਨਾ" ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਨੇ ਦਰਸ਼ਕਾਂ ਦੇ ਚਿਹਰੇ ਤੇ ਹਾਸਾ ਲਿਆਇਆ। ਉਹਨਾਂ ਦੇ ਸਹਿ-ਕਲਾਕਾਰ ਅਤੇ ਦੋਸਤ ਉਹਨਾਂ ਨੂੰ ਇੱਕ ਹੱਸਮੁੱਖ, ਦੋਸਤਾਨਾ ਅਤੇ ਬਹੁਤ ਹੀ ਨਿਮਰ ਵਿਅਕਤੀ ਵਜੋਂ ਯਾਦ ਕਰਦੇ ਹਨ। ਉਹਨਾਂ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਅਤੇ ਆਮਿਰ ਖਾਨ ਤੱਕ ਇੰਡਸਟਰੀ ਦੇ ਲਗਭਗ ਹਰ ਵੱਡੇ ਸੁਪਰਸਟਾਰ ਨਾਲ ਕੰਮ ਕੀਤਾ।
ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਵਿੱਚ "ਜਾਨੇ ਭੀ ਦੋ ਯਾਰੋ" (1983), "ਮਾਸੂਮ" (1983), "ਹਮ ਆਪਕੇ ਹੈ ਕੌਨ" (1994), "ਕਲ ਹੋ ਨਾ ਹੋ" (2003), "ਮੈਂ ਹੂੰ ਨਾ" (2004), "ਰਾ. ਵਨ" (2011), "ਚਲਤੇ ਸ਼ਾਮੋਗੀ," ਅਤੇ "ਚਲਤੇ ਚਲਤੇ" ਸ਼ਾਮਲ ਹਨ।


