ਸੈਫ਼ ਅਲੀ ਖ਼ਾਨ ਦੀ 15000 ਕਰੋੜ ਦੀ ਜਾਇਦਾਦ ਹੋਵੇਗੀ ਜ਼ਬਤ?
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਛਾਏ ਹੋਏ, ਜਿਸ ਦੀ ਵਜ੍ਹਾ ਹੈ ਉਨ੍ਹਾਂ ’ਤੇ ਹੋਇਆ ਹਮਲਾ,,, ਪਰ ਹੁਣ ਇਹ ਛੋਟੇ ਨਵਾਬ ਇਕ ਹੋਰ ਵਜ੍ਹਾ ਕਰਕੇ ਸੁਰਖ਼ੀਆਂ ਵਿਚ ਛਾਏ ਹੋਏ ਨੇ,, ਉਹ ਐ ਸੈਫ਼ ਅਲੀ ਖ਼ਾਨ ਦੀ 15 ਹਜ਼ਾਰ ਕਰੋੜ ਦੀ ਜਾਇਦਾਦ,,, ਜਿਸ ਨੂੰ ਸਰਕਾਰ ਵੱਲੋਂ ਜਲਦ ਜ਼ਬਤ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਐ। ਕੀ ਵਾਕਈ ਜ਼ਬਤ ਕੀਤੀ ਜਾ ਰਹੀ ਐ ਸੈਫ਼ ਦੀ ਇੰਨੀ ਵੱਡੀ ਜਾਇਦਾਦ?
By : Makhan shah
ਮੁੰਬਈ : ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਛਾਏ ਹੋਏ, ਜਿਸ ਦੀ ਵਜ੍ਹਾ ਹੈ ਉਨ੍ਹਾਂ ’ਤੇ ਹੋਇਆ ਹਮਲਾ,,, ਪਰ ਹੁਣ ਇਹ ਛੋਟੇ ਨਵਾਬ ਇਕ ਹੋਰ ਵਜ੍ਹਾ ਕਰਕੇ ਸੁਰਖ਼ੀਆਂ ਵਿਚ ਛਾਏ ਹੋਏ ਨੇ,, ਉਹ ਐ ਸੈਫ਼ ਅਲੀ ਖ਼ਾਨ ਦੀ 15 ਹਜ਼ਾਰ ਕਰੋੜ ਦੀ ਜਾਇਦਾਦ,,, ਜਿਸ ਨੂੰ ਸਰਕਾਰ ਵੱਲੋਂ ਜਲਦ ਜ਼ਬਤ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਐ। ਕੀ ਵਾਕਈ ਜ਼ਬਤ ਕੀਤੀ ਜਾ ਰਹੀ ਐ ਸੈਫ਼ ਦੀ ਇੰਨੀ ਵੱਡੀ ਜਾਇਦਾਦ? ਸੈਫ ਦੀ ਕਿਹੜੀ ਜਾਇਦਾਦ ਐ 15 ਹਜ਼ਾਰ ਕਰੋੜ ਦੀ ਅਤੇ ਇਸ ਨੂੰ ਕਿਉਂ ਦੁਸ਼ਮਣ ਜਾਇਦਾਦ ਕਿਉਂ ਐਲਾਨ ਕੀਤਾ ਗਿਆ ਏ? ਆਓ ਜਾਣਦੇ ਆਂ ਸਾਰੇ ਸਵਾਲਾਂ ਦੇ ਜਵਾਬ ਅਤੇ ਦੱਸਦੇ ਆਂ ਕੀ ਹੁੰਦੀ ਐ ਦੁਸ਼ਮਣ ਜਾਇਦਾਦ :
ਬਾਲੀਵੁੱਡ ਅਦਾਕਾਰ ਅਤੇ ਪਟੌਦੀ ਦੇ ਛੋਟੇ ਨਵਾਬ ਯਾਨੀ ਸੈਫ਼ ਅਲੀ ਖ਼ਾਨ ਦੀ 15 ਹਜ਼ਾਰ ਕਰੋੜ ਦੀ ਜਿਸ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਏ, ਉਹ ਦਰਅਸਲ ਭੋਪਾਲ ਵਿਚ ਮੌਜੂਦ ਐ, ਜੋ ਪਟੌਦੀ ਪਰਿਵਾਰ ਦੀ ਵਿਰਾਸਤੀ ਜਾਇਦਾਦ ਐ। ਜਾਣਕਾਰੀ ਅਨੁਸਾਰ ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਭੋਪਾਲ ਇਕ ਰਿਆਸਤ ਹੁੰਦਾ ਸੀ, ਜਿੱਥੋਂ ਦੇ ਨਵਾਬ ਦੀ ਸਭ ਤੋਂ ਵੱਡੀ ਧੀ ਦਾ ਨਾਮ ਆਬਿਦਾ ਸੁਲਤਾਨਾ ਸੀ ਜੋ ਕਿਸੇ ਸਮੇਂ ਇੱਥੋਂ ਦੀ ਸਾਸ਼ਕ ਵੀ ਰਹੀ। ਆਬਿਦਾ ਸੁਲਤਾਨਾ ਸੰਨ 1948 ਵਿਚ ਪਾਕਿਸਤਾਨ ਚਲੀ ਗਈ ਸੀ। ਸਾਲ 2015 ਵਿਚ ਭਾਰਤ ਸਰਕਾਰ ਦੇ ‘ਭਾਰਤ ਲਈ ਦੁਸ਼ਮਣ ਜਾਇਦਾਦ ਕਸਟੋਡੀਅਨ’ ਨੇ ਇਸ ਜਾਇਦਾਦ ਨੂੰ ‘ਦੁਸ਼ਮਣ ਜਾਇਦਾਦ’ ਐਲਾਨ ਕਰ ਦਿੱਤਾ, ਜਿੱਥੋਂ ਇਸ ਸਾਰੇ ਵਿਵਾਦ ਦਾ ਜਨਮ ਹੋਇਆ।
ਦੁਸ਼ਮਣ ਜਾਇਦਾਦ ਕੀ ਹੁੰਦੀ ਐ, ਹੁਣ ਜ਼ਰ੍ਹਾ ਇਸ ਬਾਰੇ ਵੀ ਜਾਣਨਾ ਬੇਹੱਦ ਜ਼ਰੂਰੀ ਐ।
ਦਰਅਸਲ ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਦੀ ਜੰਗ ਤੋਂ ਬਾਅਦ ਸੰਸਦ ਵੱਲੋਂ ‘ਦੁਸ਼ਮਣ ਜਾਇਦਾਦ ਐਕਟ’ ਪਾਸ ਕੀਤਾ ਗਿਆ ਸੀ, ਜਿਸ ਦੇ ਅਨੁਸਾਰ ਭਾਰਤ ਛੱਡ ਕੇ ਪਾਕਿਸਤਾਨ ਜਾਣ ਵਾਲੇ ਲੋਕਾਂ ਦੀਆਂ ਜਾਇਦਾਦਾਂ ਨੂੰ ‘ਦੁਸ਼ਮਣ ਜਾਇਦਾਦ’ ਦਾ ਨਾਮ ਦਿੱਤਾ ਗਿਆ। ਇਸ ਐਕਟ ਦੇ ਤਹਿਤ ਹੀ ਫ਼ੈਸਲਾ ਲਿਆ ਜਾਂਦਾ ਸੀ ਕਿ ਇਨ੍ਹਾਂ ਜਾਇਦਾਦਾਂ ਦਾ ਕੀ ਕਰਨਾ ਹੈ? ਸਾਲ 2017 ਵਿਚ ਇਸ ਕਾਨੂੰਨ ਵਿਚ ਕੁੱਝ ਬਦਲਾਅ ਵੀ ਕੀਤੇ ਗਏ ਸੀ।
ਹੁਣ ਵਾਪਸ ਸੈਫ਼ ਅਲੀ ਖ਼ਾਨ ਨਾਲ ਜੁੜੇ ਵਿਵਾਦ ’ਤੇ ਆਓਨੇ ਆਂ,,, ਖ਼ਬਰ ਦੇ ਸ਼ੁਰੂ ਵਿਚ ਅਸੀਂ ਭੋਪਾਲ ਦੇ ਨਵਾਬ ਹਮੀਦੁੱਲ੍ਹਾ ਖ਼ਾਨ ਦੀ ਸਭ ਤੋਂ ਵੱਡੀ ਧੀ ਆਬਿਦਾ ਸੁਲਤਾਨਾ ਦਾ ਨਾਮ ਲਿਆ ਸੀ। ਦਰਅਸਲ ਆਬਿਦਾ ਸੁਲਤਾਨਾ ਦੀ ਛੋਟੀ ਭੈਣ ਸਾਜਿਦਾ ਸੁਲਤਾਨਾ ਦਾ ਵਿਆਹ ਪਟੌਦੀ ਦੇ ਨਵਾਬ ਇਫ਼ਤਿਖ਼ਾਰ ਅਲੀ ਖ਼ਾਨ ਦੇ ਨਾਲ ਹੋਇਆ ਸੀ ਜੋ ਸੈਫ਼ ਅਲੀ ਖ਼ਾਨ ਦੇ ਦਾਦਾ ਜੀ ਸਨ, ਯਾਨੀ ਸਾਜਿਦਾ ਸੁਲਤਾਨਾ ਸੈਫ਼ ਅਲੀ ਖ਼ਾਨ ਦੀ ਦਾਦੀ ਸੀ। ਜਾਣਕਾਰੀ ਅਨੁਸਾਰ ਆਬਿਦਾ ਸੁਲਤਾਨਾ ਦਾ ਵਿਆਹ ਕੋਰਵਾਈ ਦੇ ਨਵਾਬ ਸਰਵਰ ਅਲੀ ਖ਼ਾਨ ਦੇ ਨਾਲ ਹੋਇਆ ਸੀ। ਆਬਿਦਾ ਦਾ ਪਿਓ ਯਾਨੀ ਨਵਾਬ ਹਮੀਦੁੱਲਾ ਖ਼ਾਨ ਆਪਣੀ ਧੀ ਨੂੰ ਆਪਣਾ ਉਤਰਾਧਿਕਾਰੀ ਬਣਾਉਣਾ ਚਾਹੁੰਦਾ ਸੀ ਪਰ ਐਨ ਮੌਕੇ ’ਤੇ ਪਿਓ ਧੀ ਦੇ ਰਿਸ਼ਤੇ ਵਿਚ ਕੁੜੱਤਣ ਪੈਦਾ ਹੋ ਗਈ।
ਇਹ ਸੰਨ 1945 ਦੀ ਗੱਲ ਐ, ਜਦੋਂ ਹਮੀਦੁੱਲ੍ਹਾ ਨੇ ਆਬਿਦਾ ਦੀ ਮਾਂ ਨੂੰ ਨਜ਼ਰਅੰਦਾਜ਼ ਕਰਕੇ ਦੂਜਾ ਵਿਆਹ ਕਰਵਾ ਲਿਆ। ਅਗਲੇ ਦੋ ਸਾਲਾਂ ਬਾਅਦ ਭਾਰਤ ਆਜ਼ਾਦ ਹੋ ਗਿਆ, ਉਸ ਸਮੇਂ ਆਬਿਦਾ ਲੰਡਨ ਵਿਚ ਸੀ ਅਤੇ ਉਸ ਨੇ ਮੁਹੰਮਦ ਅਲੀ ਜਿਨਾਹ ਨੂੰ ਫ਼ੋਨ ਕਰਕੇ ਪਾਕਿਸਤਾਨ ਵਿਚ ਆ ਕੇ ਵੱਸਣ ਦੀ ਇਜਾਜ਼ਤ ਲਈ ਪਰ ਜਿਵੇਂ ਹੀ ਨਵਾਬ ਹਮੀਦੁੱਲ੍ਹਾ ਖ਼ਾਨ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਆਪਣੀ ਧੀ ਨੂੰ ਮਨਾਉਣ ਲਈ ਲੰਡਨ ਪਹੁੰਚ ਗਏ ਅਤੇ ਆਪਣੀ ਧੀ ਨੂੰ ਆਖਿਆ ਕਿ ਉਹ ਪਾਕਿਸਤਾਨ ਜਾਣ ਦੀ ਬਜਾਇ ਭੋਪਾਲ ਦੀ ਰਿਆਸਤ ਨੂੰ ਸਾਂਭੇ,,, ਜਦਕਿ ਉਹ ਖ਼ੁਦ ਪਾਕਿਸਤਾਨ ਜਾ ਕੇ ਰਹਿ ਲਵੇਗਾ ਪਰ ਭਾਰਤ ਵਿਚ ਰਿਆਸਤਾਂ ਖ਼ਤਮ ਕਰ ਦਿੱਤੀਆਂ ਗਈਆਂ ਸੀ, ਨਵਾਬ ਦਾ ਅਹੁਦਾ ਸਿਰਫ਼ ਨਾਮ ਦਾ ਰਹਿ ਗਿਆ ਸੀ।
ਇਸ ਸਾਰੀ ਕਹਾਣੀ ਨੇ ਵੱਡਾ ਮੋੜ ਉਸ ਸਮੇਂ ਲਿਆ ਜਦੋਂ 4 ਫਰਵਰੀ 1960 ਨੂੰ ਨਵਾਬ ਹਮੀਦੁੱਲ੍ਹਾ ਖ਼ਾਨ ਦਾ ਦੇਹਾਂਤ ਹੋ ਗਿਆ, ਉਸ ਸਮੇਂ ਆਬਿਦਾ ਵੀ ਪਾਕਿਸਤਾਨ ਤੋਂ ਭੋਪਾਲ ਵਿਚ ਆਏ ਹੋਏ ਸੀ। ਇਸੇ ਦੌਰਾਨ ਆਬਿਦਾ ਸੁਲਤਾਨਾ ਨੂੰ ਪਾਕਿਸਤਾਨੀ ਨਾਗਰਿਕਤਾ ਛੱਡ ਕੇ ਭਾਰਤ ਵਿਚ ਰਹਿਣ ਦੀ ਪੇਸ਼ਕਸ਼ ਹੋਈ, ਪਰ ਆਬਿਦਾ ਸੁਲਤਾਨਾ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਇਹ ਸਾਰੀ ਜਾਇਦਾਦ ਆਪਣੀ ਛੋਟੀ ਭੈਣ ਸਾਜਿਦਾ ਸੁਲਤਾਨਾ ਦੇ ਲਈ ਛੱਡ ਦਿੱਤੀ। ਸਾਜਿਦਾ ਦਾ ਵਿਆਹ ਫਿਰ ਸੈਫ਼ ਅਲੀ ਖ਼ਾਨ ਦੇ ਦਾਦਾ ਨਵਾਬ ਇਫ਼ਤਿਖ਼ਾਰ ਅਲੀ ਖ਼ਾਨ ਦੇ ਨਾਲ ਹੋਇਆ।
ਦਰਅਸਲ ਭੋਪਾਲ ਵਿਚਲੀਆਂ ਸਾਰੀਆਂ ਜਾਇਦਾਦਾਂ ਸੈਫ਼ ਅਲੀ ਖ਼ਾਨ ਦੇ ਦਾਦਾ-ਦਾਦੀ ਦੀਆਂ ਨੇ। ਫਰਵਰੀ 2015 ਵਿਚ ਭਾਰਤ ਸਰਕਾਰ ਦੇ ਦੁਸ਼ਮਣ ਜਾਇਦਾਦ ਦੇ ਕਸਟੋਡੀਅਨ ਸਿਸਟਮ ਜ਼ਰੀਏ ਇਨ੍ਹਾਂ ਜਾਇਦਾਦਾਂ ਨੂੰ ਦੁਸ਼ਮਣ ਜਾਇਦਾਦ ਐਲਾਨ ਕਰ ਦਿੱਤਾ ਗਿਆ, ਪਰ ਇਸ ਫ਼ੈਸਲੇ ਦੇ ਖ਼ਿਲਾਫ਼ ਸ਼ਰਮੀਲਾ ਟੈਗੋਰ ਅਤੇ ਉਨ੍ਹਾਂ ਦੇ ਪੁੱਤਰ ਸੈਫ਼ ਅਲੀ ਖ਼ਾਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ’ਤੇ ਮੱਧ ਪ੍ਰਦੇਸ਼ ਹਾਈਕੋਰਟ ਨੇ ਦਸੰਬਰ 2004 ਵਿਚ ਹੁਕਮ ਸੁਣਾਇਆ ਕਿ ਇਸ ਮਾਮਲੇ ’ਤੇ ਦੁਸ਼ਮਣ ਜਾਇਦਾਦ ਐਕਟ ਤਹਿਤ ਇਕ ਵਿਧੀ ਤਹਿਤ ਅਰਜ਼ੀ ਦਾਇਰ ਕੀਤੀ ਜਾਵੇ।
ਭਾਵੇਂ ਕਿ ਸਰਕਾਰ ਨੇ ਇਸ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਐਲਾਨ ਦਿੱਤਾ ਪਰ ਸੈਫ਼ ਦੇ ਵਕੀਲਾ ਦਾ ਕਹਿਣਾ ਏ ਕਿ ਇਹ ਜਾਇਦਾਦਾਂ ਸੈਫ਼ ਅਲੀ ਖ਼ਾਨ ਦੀ ਦਾਦੀ ਸਾਜਿਦਾ ਸੁਲਤਾਨਾ ਦੀਆਂ ਨੇ, ਜਿਨ੍ਹਾਂ ਦੇ ਵਾਰਿਸ ਹੁਣ ਪਹਿਲਾਂ ਮਨਸੂਰ ਅਲੀ ਖ਼ਾਨ ਪਟੌਦੀ ਸੀ ਅਤੇ ਹੁਣ ਸੈਫ਼ ਅਲੀ ਖ਼ਾਨ ਨੇ। ਵਕੀਲਾਂ ਦਾ ਤਰਕ ਐ ਕਿ ਸਾਜਿਦਾ ਸੁਲਤਾਨਾ ਭਾਰਤ ਵਿਚ ਹੀ ਰਹੀ ਸੀ, ਇਸ ਲਈ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਦੁਸ਼ਮਣ ਜਾਇਦਾਦ ਨਹੀਂ ਐਲਾਨਿਆ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ ਭੋਪਾਲ ਵਿਚ ਮੌਜੂਦ ਇਨ੍ਹਾਂ ਜਾਇਦਾਦਾਂ ਦੀ ਕੀਮਤ 15 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਐ।
ਸੋ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ