ਰੈਪਰ ਬਾਦਸ਼ਾਹ ਨੇ ਰਚਾਇਆ ਦੂਜਾ ਵਿਆਹ, ਮਾੱਡਲ ਤੇ ਅਦਾਕਾਰਾ ਹੈ ਦੂਜੀ ਪਤਨੀ ਈਸ਼ਾ ਰਿਖੀ
ਬਾਦਸ਼ਾਹ ਨੇ ਮਾੱਡਲ ਤੇ ਅਦਾਕਾਰਾ ਈਸ਼ਾ ਰਿਖੀ ਨਾਲ਼ ਵਿਆਹ ਰਚਾ ਲਿਆ ਹੈ। ਇਹ ਬਾਦਸ਼ਾਹ ਦਾ ਦੂਜਾ ਵਿਆਹ ਹੈ। ਉਨ੍ਹਾਂ ਨੇ 2012 ਵਿਚ ਜੈਸਮੀਨ ਮਸੀਹ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਉਨ੍ਹਾਂ ਨੂੰ 2017 ਵਿਚ ਇੱਕ ਧੀ ਜੈਸਮੀ ਗ੍ਰੇਸ ਮਸੀਹ ਸਿੰਘ ਹੋਈ

By : Mehtab-Ud-Din
ਬਾਦਸ਼ਾਹ ਦੀ ਸੱਸ ਨੇ ਕੀਤੀਆਂ ਵਿਆਹ ਦੀਆਂ ਤਸਵੀਰਾਂ ਸ਼ੇਅਰ
ਕਰਨਾਲ: ਬਾਦਸ਼ਾਹ ਨੇ ਮਾੱਡਲ ਤੇ ਅਦਾਕਾਰਾ ਈਸ਼ਾ ਰਿਖੀ ਨਾਲ਼ ਵਿਆਹ ਰਚਾ ਲਿਆ ਹੈ। ਇਹ ਬਾਦਸ਼ਾਹ ਦਾ ਦੂਜਾ ਵਿਆਹ ਹੈ। ਉਨ੍ਹਾਂ ਨੇ 2012 ਵਿਚ ਜੈਸਮੀਨ ਮਸੀਹ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਉਨ੍ਹਾਂ ਨੂੰ 2017 ਵਿਚ ਇੱਕ ਧੀ ਜੈਸਮੀ ਗ੍ਰੇਸ ਮਸੀਹ ਸਿੰਘ ਹੋਈ। ਇਹ ਵਿਆਹ 2020 ਵਿਚ ਖਤਮ ਹੋ ਗਿਆ ਸੀ।
ਇਸ ਤੋਂ ਬਾਅਦ ਬਾਦਸ਼ਾਹ ਦਾ ਨਾਮ ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਨਾਲ ਜੁੜਿਆ ਰਿਹਾ। ਈਸ਼ਾ ਰਿਖੀ ਚੰਡੀਗੜ੍ਹ ਦੀ ਹੈ ਅਤੇ ਉਸ ਨੇ 2013 ਵਿਚ ਫਿਲਮ ਜੱਟ ਬੌਏਜ਼ ਪੁੱਤ ਜੱਟਾਂ ਦੇ ਨਾਲ ਆਪਣੀ ਸ਼ੁਰੂਆਤ ਕੀਤੀ। ਉਸ ਨੇ ਹੈਪੀ ਗੋ ਲੱਕੀ, ਵਟ ਦ ਜੱਟ, ਅਰਦਾਸ, ਨਵਾਬਜ਼ਾਦੇ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ ਅਤੇ ਮਾਡਲਿੰਗ ਵੀ ਕੀਤੀ ਹੈ। ਉਸ ਦੇ ਮਾਤਾ-ਪਿਤਾ ਪੂਨਮ ਰਿਖੀ ਅਤੇ ਪ੍ਰਦੀਪ ਕੁਮਾਰ ਰਿਖੀ ਹਨ।
ਹਾਲ ਹੀ ਵਿਚ ਈਸ਼ਾ ਰਿਖੀ ਦੀ ਮਾਤਾ ਪੂਨਮ ਰਿਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫੋਟੋਆਂ ਅਤੇ ਵੀਡੀਓਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਬਾਦਸ਼ਾਹ ਅਤੇ ਈਸ਼ਾ ਵਿਆਹ ਵਾਲੀਆਂ ਰਸਮਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਫੋਟੋਆਂ ਵਿਚ ਬਾਦਸ਼ਾਹ ਭੂਰੇ ਕੁੜਤੇ ਅਤੇ ਸੋਨੇਰੀ ਸਾਫ਼ੇ ਵਿਚ ਅਤੇ ਈਸ਼ਾ ਲਾਲ ਸਲਵਾਰ ਕਮੀਜ਼ ਵਿਚ ਦਿਖਾਈ ਦੇ ਰਹੀ ਹੈ। ਦੋਵੇਂ ਵਿਆਹ ਵਾਲੀਆਂ ਮਾਲਾਵਾਂ ਪਾਏ ਹੋਏ ਹਨ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਖੁਸ਼ੀ ਨਾਲ ਫੋਟੋਆਂ ਖਿਚਵਾ ਰਹੇ ਹਨ।
ਇਨ੍ਹਾਂ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਬਾਦਸ਼ਾਹ ਅਤੇ ਈਸ਼ਾ ਰਿਖੀ ਨੇ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਹਾਲਾਂਕਿ ਅਜੇ ਤੱਕ ਬਾਦਸ਼ਾਹ ਵੱਲੋਂ ਇਸ ਬਾਰੇ ਕੋਈ ਆਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਇਸ ਖਬਰ ਨੇ ਫੈਨਜ਼ ਵਿਚ ਖਾਸ ਉਤਸਾਹ ਪੈਦਾ ਕੀਤਾ ਹੈ।
ਗਾਇਕ-ਰੈਪਰ ਬਾਦਸ਼ਾਹ ਭਾਰਤੀ ਸੰਗੀਤ ਉਦਯੋਗ ਵਿੱਚ ਇੱਕ ਅਜਿਹਾ ਨਾਮ ਹੈ ਜਿਸ ਨੇ ਹਿੱਪ-ਹਾਪ ਅਤੇ ਰੈਪ ਸੰਗੀਤ ਨੂੰ ਮੁੱਖਧਾਰਾ ਵਿੱਚ ਲਿਆਂਦਾ ਹੈ। ਉਸ ਦਾ ਅਸਲ ਨਾਮ ਅਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ ਅਤੇ ਉਹ 19 ਨਵੰਬਰ 1985 ਨੂੰ ਦਿੱਲੀ ਵਿੱਚ ਜਨਮੇ ਸਨ। ਉਨ੍ਹਾਂ ਦੇ ਪਿਤਾ ਹਰਿਆਣਾ ਅਤੇ ਮਾਤਾ ਪੰਜਾਬ ਦੇ ਜੰਮਪਲ਼ ਹਨ। ਬਚਪਨ ਤੋਂ ਹੀ ਸੰਗੀਤ ਨਾਲ ਲਗਾਅ ਰੱਖਣ ਵਾਲੇ ਬਾਦਸ਼ਾਹ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਕੀਤੀ ਸੀ, ਪਰ ਉੱਥੇ ਹੀ ਪੰਜਾਬੀ ਸੰਗੀਤ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਨੇ ਰੈਪ ਲਿਖਣਾ ਸ਼ੁਰੂ ਕਰ ਦਿੱਤਾ।
ਬਾਦਸ਼ਾਹ ਨੇ ਆਪਣਾ ਕਰੀਅਰ 2006 ਵਿੱਚ ਯੋ ਯੋ ਹਨੀ ਸਿੰਘ ਨਾਲ ਮਿਲ ਕੇ 'ਮਾਫੀਆ ਮੁੰਡੀਰ ਗਰੁੱਪ' ਰਾਹੀਂ ਆਰੰਭ ਕੀਤਾ। ਉਸ ਸਮੇਂ ਉਨ੍ਹਾਂ ਨੂੰ 'ਕੂਲ ਈਕੁਅਲ' ਵਜੋਂ ਜਾਣਿਆ ਜਾਂਦਾ ਸੀ। ਬਾਅਦ ਵਿੱਚ ਹਨੀ ਸਿੰਘ ਦੀ ਸਲਾਹ ’ਤੇ ਉਨ੍ਹਾਂ ਨੇ ਬਾਦਸ਼ਾਹ ਨਾਮ ਅਪਣਾਇਆ। ਉਨ੍ਹਾਂ ਨੇ ਹਨੀ ਸਿੰਘ ਦੇ ਐਲਬਮ ਇੰਟਰਨੈਸ਼ਨਲ ਵਿਲੇਜਰ ਲਈ ਟ੍ਰੈਕ ਤਿਆਰ ਕੀਤੇ ਅਤੇ ਬਾਅਦ ਵਿੱਚ ਗਰੁੱਪ ਤੋਂ ਵੱਖ ਹੋ ਗਏ। ਉਨ੍ਹਾਂ ਦੀ ਵੱਡੀ ਮੱਲ 2014 ਵਿੱਚ ਬਾਲੀਵੁੱਡ ਫਿਲਮ ਹੰਪਟੀ ਸ਼ਰਮਾ ਕੀ ਦੁਲਹਨੀਆ ਵਿਚ ਗੀਤ “ਸੈਟਰਡੇ ਸੈਟਰਡੇ” ਨਾਲ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ।
ਉਨ੍ਹਾਂ ਦੀਆਂ ਮਸ਼ਹੂਰ ਗੀਤਾਂ ਵਿਚ “ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ”, “ਕਰ ਗਈ ਚੁੱਲ”, “ਕਾਲਾ ਚਸ਼ਮਾ”, “ਪ੍ਰਾਪਰ ਪਟੋਲਾ”, “ਗਰਮੀ”, “ਜੁਗਨੂੰ”, “ਗੈਂਦਾ ਫੂਲ”, “ਪਾਣੀ ਪਾਣੀ” ਅਤੇ “ਨੈਨਾ” ਸ਼ਾਮਲ ਹਨ। ਉਨ੍ਹਾਂ ਨੇ ਆਪਣੇ ਐਲਬਮ ਵੀ ਜਾਰੀ ਕੀਤੇ ਹਨ ਜਿਵੇਂ 2018 'ਚ ਓਐਨਈ ਭਾਵ ਓਰਿਜਨਲ ਨੈਵਰ ਐਂਡਜ਼, 2020 'ਚ 'ਦਿ ਪਾਵਰ ਆੱਫ਼ ਡ੍ਰੀਮਜ਼ ਆੱਫ਼ ਏ ਕਿਡ', 2024 'ਚ ਰੈਟਰੋਪਾਂਡਾ, 3:00 ਏਐਮ ਸੈਸ਼ਨਜ਼, ਏਕ ਥਾ ਰਾਜਾ ਅਤੇ 2025 'ਚ 'ਫ਼ਿਤੂਰ'।
ਬਾਦਸ਼ਾਹ ਨੇ ਬਾਲੀਵੁੱਡ ਤੋਂ ਇਲਾਵਾ ਅੰਤਰਰਾਸ਼ਟਰੀ ਕਲਾਕਾਰਾਂ ਜਿਵੇਂ ਜੇ ਬਾਲਵਿਨ, ਟੈਨੀ ਅਤੇ ਲਿਲ ਬੇਬੀ ਨਾਲ ਵੀ ਗੀਤ ਗਾਏ ਹਨ। ਉਨ੍ਹਾਂ ਨੇ ਟੈਲੈਂਟ ਸ਼ੋਅਆਂ ਜਿਵੇਂ ਐਮਟੀਵੀ, ਇੰਡੀਅਨ ਆਇਡਲ, ਇੰਡੀਆ'ਜ਼ ਗੌਟ ਟੇਲੈਂਟ ਆਦਿ ਵਿਚ ਜੱਜ ਵਜੋਂ ਵੀ ਕੰਮ ਕੀਤਾ ਹੈ।
ਬਾਦਸ਼ਾਹ ਇੱਕ ਬਿਜ਼ਨੈੱਸਮੈਨ ਵੀ ਹਨ। ਉਨ੍ਹਾਂ ਨੇ ਰੈਸਟੋਰੈਂਟ ਚੇਨ ਖੋਲ੍ਹੀਆਂ ਹਨ ਅਤੇ ਬ੍ਰਾਂਡ ਲਾਂਚ ਕੀਤੇ ਹਨ। ਉਨ੍ਹਾਂ ਨੇ ਫਿਲਮ ਤਿਆਰ ਕਰਨ ਅਤੇ ਅਦਾਕਾਰੀ ਵੀ ਕੀਤੀ ਹੈ। ਉਨ੍ਹਾਂ ਨੂੰ ਭਾਰਤੀ ਹਿੱਪ-ਹਾਪ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਵਾਲਾ ਇੱਕ ਵੱਡਾ ਕਲਾਕਾਰ ਮੰਨਿਆ ਜਾਂਦਾ ਹੈ।
ਬਾਦਸ਼ਾਹ ਆਪਣੀ ਊਰਜਾ ਭਰਪੂਰ ਰੈਪ ਸਟਾਈਲ, ਲੋਕਪ੍ਰਿਯ ਗੀਤਾਂ ਅਤੇ ਬਿਜ਼ਨੈੱਸ ਵੈਂਚਰਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਸ ਨਵੀਂ ਸ਼ੁਰੂਆਤ ਲਈ ਉਨ੍ਹਾਂ ਦੇ ਫੈਨਜ਼ ਖੁਸ਼ੀ ਜਾਹਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਉਣ ਵਾਲੀ ਜ਼ਿੰਦਗੀ ਲਈ ਖੁਸ਼ੀਆਂ ਦੀਆਂ ਦੁਆਵਾਂ ਕਰ ਰਹੇ ਹਨ। ਬਾਦਸ਼ਾਹ ਦੀ ਇਸ ਯਾਤਰਾ ਵਿਚ ਇੱਕ ਇੰਜੀਨੀਅਰ ਤੋਂ ਲੈ ਕੇ ਭਾਰਤੀ ਰੈਪ ਦੇ ਬਾਦਸ਼ਾਹ ਬਣਨ ਤੱਕ ਦਾ ਸਫ਼ਰ ਬਹੁਤ ਪ੍ਰੇਰਣਾਦਾਇਕ ਹੈ।


