Jimmy Shergill: ਪੰਜਾਬੀ ਐਕਟਰ ਜਿੰਮੀ ਸ਼ੇਰਗਿੱਲ ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
90 ਦੀ ਉਮਰ ਵਿੱਚ ਲਏ ਆਖ਼ਰੀ ਸਾਹ

By : Annie Khokhar
Jimmy Shergill Father Death: ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆ ਰਹੀ ਹੈ। ਫ਼ਿਲਮ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 11 ਅਕਤੂਬਰ ਨੂੰ ਆਖ਼ਰੀ ਸਾਹ ਲਏ। ਜਾਣਕਾਰੀ ਮੁਤਾਬਕ ਸੱਤਿਆਜੀਤ ਸ਼ੇਰਗਿੱਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹਨਾਂ ਦੀ ਉਮਰ ਦਾ ਵੀ ਤਕਾਜ਼ਾ ਸੀ। ਉਹ 90 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਰੁਖ਼ਸਤ ਹੋ ਗਏ। ਸ਼ੇਰਗਿੱਲ ਪਰਿਵਾਰ ਨੇ 14 ਅਕਤੂਬਰ ਨੂੰ ਸੱਤਿਆਜੀਤ ਸ਼ੇਰਗਿੱਲ ਲਈ ਅੰਤਿਮ ਅਰਦਾਸ ਰੱਖੀ ਹੈ, ਜੋ ਕਿ ਸ਼ਾਮ 4 ਵਜੇ ਮੁੰਬਈ ਦੇ ਸਾਂਤਾਕਰੂਜ਼ ਵੈਸਟ ਦੇ ਗੁਰਦੁਆਰੇ ਵਿੱਚ ਹੋਵੇਗੀ।
ਮਸ਼ਹੂਰ ਪੇਂਟਰ ਸਨ ਮਰਹੂਮ ਸ਼ੇਰਗਿੱਲ
ਸਤਿਆਜੀਤ ਸ਼ੇਰਗਿੱਲ ਪੇਂਟਿੰਗ ਦੀ ਦੁਨੀਆ ਵਿੱਚ ਇੱਕ ਮਸ਼ਹੂਰ ਕਲਾਕਾਰ ਸਨ। ਸਤਿਆਜੀਤ ਸਿੰਘ ਸ਼ੇਰਗਿੱਲ ਦੇ ਪਿਤਾ ਦੀ ਚਚੇਰੀ ਭੈਣ ਪ੍ਰਸਿੱਧ ਪੇਂਟਰ ਅੰਮ੍ਰਿਤਾ ਸ਼ੇਰਗਿੱਲ ਸੀ। ਇਸ ਤਰ੍ਹਾਂ, ਸ਼ੇਰਗਿੱਲ ਪਰਿਵਾਰ ਦਾ ਕਲਾ ਨਾਲ ਰਿਸ਼ਤਾ ਰਿਹਾ ਹੈ। ਬਾਅਦ ਵਿੱਚ ਜਿੰਮੀ ਨੇ ਵੀ ਕਲਾ ਦੀ ਦੁਨੀਆ ਯਾਨੀ ਐਕਟਿੰਗ ਨੂੰ ਹੀ ਆਪਣਾ ਪੇਸ਼ਾ ਬਣਾਇਆ।
ਬਾਲੀਵੁੱਡ ਤੋਂ ਸ਼ੁਰੂ ਹੋਇਆ ਜਿੰਮੀ ਸ਼ੇਰਗਿੱਲ ਦਾ ਫ਼ਿਲਮੀ ਸਫ਼ਰ
ਜਿੰਮੀ ਸ਼ੇਰਗਿੱਲ ਨੇ 1996 ਵਿੱਚ ਆਪਣੀ ਪਹਿਲੀ ਫਿਲਮ "ਮਾਚਿਸ" ਨਾਲ ਬਾਲੀਵੁੱਡ ਵਿੱਚ ਐਂਟਰੀ ਲਈ। ਇਸਦਾ ਨਿਰਦੇਸ਼ਨ ਗੀਤਕਾਰ ਗੁਲਜ਼ਾਰ ਨੇ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਮੁੰਨਾ ਭਾਈ ਐਮਬੀਬੀਐਸ, ਤਨੂ ਵੈਡਸ ਮਨੂ, ਸਾਹਿਬ ਬੀਵੀ ਔਰ ਗੈਂਗਸਟਰ ਅਤੇ ਮੁਹੱਬਤੇਂ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਸ਼ੇਰਗਿੱਲ ਨੂੰ ਪੰਜਾਬੀ ਫਿਲਮਾਂ ਵਿੱਚ ਇੱਕ ਸਫਲ ਅਦਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਕਈ ਫਿਲਮਾਂ ਵਿੱਚ ਯਾਦਗਾਰੀ ਕਿਰਦਾਰ ਨਿਭਾਏ ਹਨ। ਪੰਜਾਬ ਵਿੱਚ ਜਿੰਮੀ ਸ਼ੇਰਗਿੱਲ ਦੀ ਜ਼ਬਰਦਸਤ ਫ਼ੈਨ ਫੌਲੋਇੰਗ ਹੈ। ਇਹੀ ਨਹੀਂ ਜਿੰਮੀ ਸ਼ੇਰਗਿੱਲ ਸੋਸ਼ਲ ਮੀਡੀਆ ਤੇ ਵੀ ਮਸ਼ਹੂਰ ਹਨ। ਉਹਨਾਂ ਦੇ ਇਕੱਲੇ ਇੰਸਟਾਗ੍ਰਾਮ ਤੇ ਹੀ ਲੱਖਾਂ ਫਾਲੋਅਰ ਹਨ।


