Harbhajan Mann: ਹਰਭਜਨ ਮਾਨ ਨੇ ਕੀਤਾ ਨਵੀਂ ਫਿਲਮ "ਖੇਮੋਂ" ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
ਗਾਇਕ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕੀਤਾ ਐਲਾਨ

By : Annie Khokhar
ਐਨੀ ਖੋਖਰ ਦੀ ਰਿਪੋਰਟ
Harbhajan Mann New Movie Khemo: ਹਰਭਜਨ ਮਾਨ ਉਹ ਨਾਮ ਹੈ, ਜੋ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਹਰਭਜਨ ਮਾਨ ਉਹਨਾਂ ਬਹੁਤ ਹੀ ਘੱਟ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਾਫ਼ ਸੁਥਰੀ ਗਾਇਕੀ ਨੂੰ ਪ੍ਰਮੋਟ ਕੀਤਾ ਹੈ। ਹਰਭਜਨ ਮਾਨ ਪਿਛਲੇ ਤਕਰੀਬਨ 38 ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਐਕਟਿਵ ਹਨ। ਉਹਨਾਂ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਹਜ਼ਾਰਾਂ ਗਾਣੇ ਅਤੇ ਸੈਂਕੜੇ ਐਲਬਮਾਂ ਦਿੱਤੀਆਂ ਹਨ। ਉਹਨਾਂ ਦੇ ਗਾਣਿਆਂ ਨੂੰ ਦਰਸ਼ਕ ਅਤੇ ਸਰੋਤਿਆਂ ਵੱਲੋਂ ਖ਼ੂਬ ਪਿਆਰ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਹਰਭਜਨ ਮਾਨ ਫਿਲਮਾਂ ਵਿੱਚ ਵੀ ਨਜ਼ਰ ਆਏ ਹਨ। ਹੁਣ ਇੱਕ ਵਾਰ ਫਿਰ ਹਰਭਜਨ ਮਾਨ ਨੇ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਹਰਭਜਨ ਮਾਨ ਨੇ ਹਾਲ ਹੀ ਵਿੱਚ ਆਪਣੀ ਨਵੀਂ ਫ਼ਿਲਮ "ਖੇਮੋਂ" ਦਾ ਐਲਾਨ ਕੀਤਾ ਹੈ। ਗਾਇਕ ਅਤੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਸਬੰਧੀ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਫਿਲਮ ਦੇ ਪੋਸਟਰ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਸਦੀ ਕਹਾਣੀ ਪਿੰਡ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ, ਹਰਭਜਨ ਮਾਨ ਨੇ ਦੱਸਿਆ, "ਮਾਨ 5 ਸਟੂਡੀਓਜ਼ ਦੀ ਪਹਿਲੀ ਫਿਲਮ ਖੇਮੋਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ। ਪਿੰਡਾਂ ਦੀ ਬਦਲੀ ਤਸਵੀਰ, ਜੋ ਅੱਜ ਤਕਰੀਬਨ ਹਰ ਪਰਿਵਾਰ ਦੀ ਕਹਾਣੀ ਹੈ, ਬਾਰੇ ਗੱਲ ਕਰਦੀ ਹੈ। ਫਿਲਮ ਦੀ ਕਹਾਣੀ ਮੇਰੀ ਬੇਟੀ ਸਾਹਰ ਨੇ ਲਿਖੀ ਹੈ ਅਤੇ ਉਹੀ ਇਸ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੀ ਹੈ।" ਦੇਖੋ ਇਹ ਪੋਸਟ
ਕਾਬਿਲੇਗੌਰ ਹੈ ਕਿ ਹਰਭਜਨ ਮਾਨ ਨੇ ਹਾਲ ਹੀ ਵਿੱਚ ਆਪਣੀ ਫਿਲਮ ਕੰਪਨੀ ਮਾਨ 5 ਸਟੂਡੀਓ ਸ਼ੁਰੂ ਕੀਤੀ ਹੈ। "ਖੇਮੋਂ" ਇਸ ਫਿਲਮ ਸਟੂਡੀਓ ਦੀ ਪਹਿਲੀ ਫਿਲਮ ਹੈ। ਹਰਭਜਨ ਮਾਨ ਦੇ ਫੈਨਜ਼ ਉਹਨਾਂ ਦੀ ਇਸ ਫ਼ਿਲਮ ਤੋਂ ਬੇਹੱਦ ਖੁਸ਼ ਹਨ। ਉਹਨਾਂ ਨੇ ਇਸ ਪੋਸਟ ਤੇ ਕਮੈਂਟਸ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਦੱਸਣਯੋਗ ਹੈ ਕਿ ਹਰਭਜਨ ਮਾਨ ਨੇ ਆਪਣੇ ਕਰੀਅਰ ਵਿੱਚ "ਜੀ ਆਇਆਂ ਨੂੰ", "ਅਸਾਂ ਨੂੰ ਮਾਣ ਵਤਨਾਂ ਦਾ", "ਦਿਲ ਆਪਣਾ ਪੰਜਾਬੀ", "ਮਿੱਟੀ ਵਾਜਾਂ ਮਾਰਦੀ", ਮੇਰਾ ਪਿੰਡ ਮਾਈ ਹੋਮ" ਵਰਗੀਆਂ ਸਫਲ ਤੇ ਪ੍ਰੇਰਨਤਮਕ ਫ਼ਿਲਮਾਂ ਦਿੱਤੀਆਂ ਹਨ। ਹੁਣ ਫੈਨਜ਼ ਉਹਨਾਂ ਦੀ ਇਸ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰ ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।


