Pukhraj Bhalla: ਕਸੂਤਾ ਫਸਿਆ ਐਕਟਰ ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ, ਸਿਹਤ ਵਿਭਾਗ ਨੇ ਬਿਠਾ ਦਿੱਤੀ ਜਾਂਚ
ਮਰਹੂਮ ਐਕਟਰ ਦੇ ਬੇਟੇ ਤੇ ਲੱਗੇ ਗੰਭੀਰ ਇਲਜ਼ਾਮ

By : Annie Khokhar
Jaswinder Bhalla Son Pukhraj Bhalla: ਮਸ਼ਹੂਰ ਕਮੇਡੀਅਨ ਮਰਹੂਮ ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ ਭੱਲਾ ਮੁਸੀਬਤ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਉਸਦੇ ਦੇ ਡੋਪ ਟੈਸਟ ਵਿੱਚ ਕਥਿਤ ਮਿਲੀਭੁਗਤ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ ਸਿਹਤ ਵਿਭਾਗ ਕੋਲ ਇੱਕ ਗੁਮਨਾਮ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਚਿੱਠੀ ਰਾਹੀਂ ਲਗਾਏ ਗਏ ਹਨ। ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਹਥਿਆਰ ਦਾ ਲਾਈਸੰਸ ਲੈਣ ਲਈ ਉਸਨੇ 40 ਹਜ਼ਾਰ ਰੁਪਏ ਵਿੱਚ ਡੀਲ ਕੀਤੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ, ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਚੀਫ਼ ਮੈਡੀਕਲ ਅਫ਼ਸਰ ਮੋਹਾਲੀ ਨੂੰ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। CMO ਵੱਲੋਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ, ਡਾ. ਗਿਰੀਸ਼ ਡੋਗਰਾ, ਨੂੰ ਦੋ ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਡਾ. ਗਿਰੀਸ਼ ਡੋਗਰਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ ਜਾਂਚ ਨਾਲ ਸਬੰਧਤ ਪੱਤਰ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਦੇ ਪ੍ਰੋਗਰਾਮ ਕਾਰਨ ਉਹ ਜਾਂਚ ਨਹੀਂ ਕਰ ਪਾਏ ਹਨ, ਪਰ ਜਲਦ ਹੀ ਜਾਂਚ ਕਰਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ।
ਇਸ ਦੌਰਾਨ, ਗੁਮਨਾਮ ਚਿੱਠੀ ਦੇ ਆਧਾਰ 'ਤੇ ਸੀ ਐੱਸ ੳ ਨੇ ਚਾਰ ਡਾਕਟਰਾਂ ਦੀ ਇੱਕ ਜਾਂਚ ਕਮੇਟੀ ਵੀ ਗਠਿਤ ਕਰ ਦਿੱਤੀ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਜਾਂਚ ਵਿੱਚ ਦੇਰੀ ਹੋਣ ਨਾਲ ਜਾਂਚ ਰਿਪੋਰਟ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ।
ਹਥਿਆਰ ਦਾ ਲਾਇਸੈਂਸ ਲੈਣ ਲਈ ਅਰਜ਼ੀ ਦੇਣ ਵਾਲੇ ਪੁਖਰਾਜ ਭੱਲਾ 15 ਅਕਤੂਬਰ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਦਾ ਸੈਂਪਲ ਦੇਣ ਆਏ ਸਨ। ਸ਼ਿਕਾਇਤਕਰਤਾ ਨੇ ਚਿੱਠੀ ਵਿੱਚ ਦੋਸ਼ ਲਾਇਆ ਹੈ ਕਿ ਪੁਖਰਾਜ ਭੱਲਾ ਨੇ ਲੈਬ ਟੈਕਨੀਸ਼ੀਅਨ ਅਵਿਨਾਸ਼ ਕੁਮਾਰ ਅਤੇ ਹਿਮਾਨੀ ਕਪੂਰ ਨਾਲ ਡਾਕਟਰ ਪਰਮਿੰਦਰ ਸਿੰਘ ਦੇ ਕਮਰੇ ਵਿੱਚ ਉਨ੍ਹਾਂ ਦੇ ਸਾਹਮਣੇ 40,000 ਰੁਪਏ ਵਿੱਚ ਸੈਂਪਲ ਬਦਲਣ ਦੀ ਡੀਲ ਕੀਤੀ ਸੀ।


