Hollywood: ਮਸ਼ਹੂਰ ਹਾਲੀਵੁੱਡ ਫਿਲਮਾਂ ਦੇ ਡਾਇਰੈਕਟਰ ਤੇ ਉਨ੍ਹਾਂ ਦੀ ਪਤਨੀ ਦਾ ਬੇਰਿਹਮੀ ਨਾਲ ਕਤਲ, ਪੁੱਤਰ ਗਿਰਫ਼ਤਾਰ
ਪਤੀ ਪਤਨੀ ਦੇ ਕਤਲ ਦੇ ਸ਼ੱਕ ਦੀ ਸੂਈ ਬੇਟੇ ਵੱਲ, ਪੁਲਿਸ ਕਰ ਰਹੀ ਪੁੱਛਗਿੱਛ

By : Annie Khokhar
Rob Reiner Murder; ਹਾਲੀਵੁੱਡ ਇੰਡਸਟਰੀ ਤੋਂ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਮਾਤਾ ਅਤੇ ਅਦਾਕਾਰ ਰੌਬ ਰੇਨਰ ਅਤੇ ਉਹਨਾਂ ਦੇ ਪਤਨੀ ਮਿਸ਼ੇਲ ਰੇਨਰ ਦਾ ਬੇਹਰੇਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਇਲਜ਼ਾਮ ਵਿੱਚ ਹੋਰ ਕਿਸੇ ਨੂੰ ਨਹੀਂ ਬਲਿਕ ਰੌਬ ਦੇ ਪੁੱਤਰ ਨਿੱਕ ਰੇਨਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਸ ਏਂਜਲਸ ਪੁਲਿਸ ਵਿਭਾਗ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 32 ਸਾਲਾ ਨਿੱਕ ਰੇਨਰ ਨੂੰ ਉਸਦੇ ਮਾਪਿਆਂ ਦੀ ਹੱਤਿਆ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਖ਼ਬਰ ਨੇ ਅਮਰੀਕਾ ਦੇ ਨਾਲ ਨਾਲ ਦੁਨੀਆ ਭਰ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਐਤਵਾਰ ਨੂੰ ਹੋਈ ਗ੍ਰਿਫ਼ਤਾਰੀ
ਦੱਸਿਆ ਜਾ ਰਿਹਾ ਹੈ ਕਿ ਰੌਬ ਰੇਨਰ ਅਤੇ ਉਸਦੀ ਪਤਨੀ ਦੀਆਂ ਲਾਸ਼ਾਂ ਐਤਵਾਰ ਦੁਪਹਿਰ ਨੂੰ ਲਾਸ ਏਂਜਲਸ ਦੇ ਬ੍ਰੈਂਟਵੁੱਡ ਖੇਤਰ ਵਿੱਚ ਰੇਨਰ ਪਰਿਵਾਰ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਸਨ। ਪੁਲਿਸ ਨੇ ਸ਼ੁਰੂ ਵਿੱਚ ਇਸ ਮਾਮਲੇ ਨੂੰ ਕਤਲ ਮੰਨਿਆ ਸੀ, ਪਰ ਉਸ ਸਮੇਂ ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋ ਸਕੀ। ਬਾਅਦ ਵਿੱਚ, ਪਰਿਵਾਰਕ ਸੂਤਰਾਂ ਅਤੇ ਜਾਂਚ ਦੇ ਆਧਾਰ 'ਤੇ, ਪੁਲਿਸ ਨੇ ਨਿੱਕ ਰੇਨਰ ਦੇ ਪੁੱਤਰ 'ਤੇ ਸ਼ੱਕ ਕੀਤਾ।
ਪੁਲਿਸ ਰਿਕਾਰਡ ਦੇ ਅਨੁਸਾਰ, ਨਿੱਕ ਰੇਨਰ ਨੂੰ ਐਤਵਾਰ ਰਾਤ 9:30 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸੋਮਵਾਰ ਸਵੇਰੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਲਾਸ ਏਂਜਲਸ ਪੁਲਿਸ ਮੁਖੀ ਜਿਮ ਮੈਕਡੋਨਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੇ ਨਾ ਸਿਰਫ਼ ਇੱਕ ਪਰਿਵਾਰ ਨੂੰ ਸਗੋਂ ਪੂਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਸ ਵੇਲੇ, ਨਿੱਕ ਰੇਨਰ 'ਤੇ ਅਧਿਕਾਰਤ ਤੌਰ 'ਤੇ ਦੋਸ਼ ਨਹੀਂ ਲਗਾਏ ਗਏ ਹਨ, ਪਰ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਜ਼ਿਲ੍ਹਾ ਅਟਾਰਨੀ ਦਫ਼ਤਰ ਨੂੰ ਸੌਂਪਣ ਦੀ ਤਿਆਰੀ ਕਰ ਰਹੀਆਂ ਹਨ। ਨਿੱਕ ਦੀ ਜ਼ਮਾਨਤ ਪਹਿਲਾਂ 4 ਮਿਲੀਅਨ ਅਮਰੀਕੀ ਡਾਲਰ ਰੱਖੀ ਗਈ ਸੀ, ਜਿਸਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਉਹ ਇਸ ਸਮੇਂ ਲਾਸ ਏਂਜਲਸ ਦੇ ਟਵਿਨ ਟਾਵਰਸ ਸੁਧਾਰ ਸੁਵਿਧਾ ਵਿੱਚ ਬਿਨਾਂ ਜ਼ਮਾਨਤ ਦੇ ਰੱਖਿਆ ਜਾ ਰਿਹਾ ਹੈ।


