Arijit Singh: ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਗਾਇਕੀ ਨੂੰ ਕਿਹਾ ਅਲਵਿਦਾ, ਅਚਾਨਕ ਲਏ ਗਏ ਫੈਸਲੇ ਤੋਂ ਫੈਨਜ਼ ਹੈਰਾਨ
ਸਿੰਗਰ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਕਿਹਾ ਸ਼ੁਕਰੀਆ

By : Annie Khokhar
Arijit Singh Retired As Playback Singer: ਅੱਜ ਦੇ ਦੌਰ ਦੇ ਸਭ ਤੋਂ ਵੱਡੇ ਗਾਇਕਾਂ ਵਿੱਚੋਂ ਇੱਕ, ਅਰਿਜੀਤ ਸਿੰਘ ਨੇ ਪਲੇਬੈਕ ਗਾਇਕੀ ਤੋਂ ਸੰਨਿਆਸ ਲੈ ਲਿਆ ਹੈ। ਇੱਕ ਪੋਸਟ ਵਿੱਚ, ਅਰਿਜੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਹੁਣ ਪਲੇਬੈਕ ਗਾਇਕ ਵਜੋਂ ਕੋਈ ਨਵਾਂ ਗਾਣਾ ਨਹੀਂ ਗਾਵੇਗਾ। ਉਸਨੇ ਸੰਗੀਤਕ ਸਫ਼ਰ ਨੂੰ ਇੱਕ ਸੁੰਦਰ ਯਾਤਰਾ ਦੱਸਿਆ। ਇਸ ਫੈਸਲੇ ਨੇ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਇੰਸਟਾਗ੍ਰਾਮ 'ਤੇ ਦਿੱਤੀ ਜਾਣਕਾਰੀ
ਅਰਿਜੀਤ ਸਿੰਘ ਨੇ ਅੱਜ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਪਲੇਬੈਕ ਗਾਇਕੀ ਤੋਂ ਆਪਣੀ ਸੰਨਿਆਸ ਦਾ ਐਲਾਨ ਕੀਤਾ ਗਿਆ। ਪੋਸਟ ਵਿੱਚ, ਉਸਨੇ ਲਿਖਿਆ, "ਨਮਸਕਾਰ, ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਸਾਲਾਂ ਤੋਂ ਸਰੋਤਿਆਂ ਵਜੋਂ ਮੈਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤੋਂ, ਮੈਂ ਪਲੇਬੈਕ ਗਾਇਕ ਵਜੋਂ ਕੰਮ ਨਹੀਂ ਕਰਾਂਗਾ। ਮੈਂ ਇਸ ਪੇਸ਼ੇ ਨੂੰ ਅਲਵਿਦਾ ਕਹਿ ਰਿਹਾ ਹਾਂ। ਇਹ ਇੱਕ ਸ਼ਾਨਦਾਰ ਯਾਤਰਾ ਰਹੀ ਹੈ।"
ਸੰਗੀਤ ਬਣਾਉਣਾ ਜਾਰੀ ਰੱਖੇਗਾ ਅਰਿਜੀਤ
ਇਸ ਤੋਂ ਪਹਿਲਾਂ, ਗਾਇਕ ਨੇ ਆਪਣੇ ਐਕਸ ਅਕਾਊਂਟ ਉੱਪਰ ਟਵੀਟ ਰਾਹੀਂ ਇਹ ਐਲਾਨ ਕੀਤਾ ਸੀ। ਉਸਨੇ ਇਹ ਵੀ ਕਿਹਾ, "ਰੱਬ ਮੇਰੇ 'ਤੇ ਬਹੁਤ ਮਿਹਰਬਾਨ ਰਿਹਾ ਹੈ। ਮੈਂ ਚੰਗੇ ਸੰਗੀਤ ਦਾ ਪ੍ਰਸ਼ੰਸਕ ਹਾਂ ਅਤੇ ਭਵਿੱਖ ਵਿੱਚ, ਮੈਂ ਇੱਕ ਛੋਟੇ ਕਲਾਕਾਰ ਵਜੋਂ ਹੋਰ ਸਿੱਖਾਂਗਾ ਅਤੇ ਆਪਣੇ ਆਪ ਤੇ ਹੋਰ ਕੰਮ ਕਰਾਂਗਾ। ਤੁਹਾਡੇ ਸਮਰਥਨ ਲਈ ਦੁਬਾਰਾ ਧੰਨਵਾਦ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਸੰਗੀਤ ਬਣਾਉਣਾ ਬੰਦ ਨਹੀਂ ਕਰਾਂਗਾ।" ਅਰਿਜੀਤ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਪਲੇਬੈਕ ਗਾਇਕੀ ਤੋਂ ਸੰਨਿਆਸ ਲੈ ਰਿਹਾ ਹੈ, ਪਰ ਉਹ ਸੰਗੀਤ ਬਣਾਉਣਾ ਜਾਰੀ ਰੱਖੇਗਾ।
2011 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ, ਗਾਏ ਕਈ ਸੁਪਰਹਿੱਟ ਰੋਮਾਂਟਿਕ ਗੀਤ
ਅਰਿਜੀਤ ਸਿੰਘ ਇਸ ਸਮੇਂ ਇੰਡਸਟਰੀ ਦੇ ਸਭ ਤੋਂ ਵੱਡੇ ਗਾਇਕਾਂ ਵਿੱਚੋਂ ਇੱਕ ਹੈ। ਉਸਨੂੰ ਰੋਮਾਂਸ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਉਸਦਾ ਗਾਇਆ ਹਰ ਰੋਮਾਂਟਿਕ ਗੀਤ ਸੁਪਰਹਿੱਟ ਹੈ। ਇਸ ਲਈ ਅਰਿਜੀਤ ਦੀ ਇੱਕ ਜ਼ਬਰਦਸਤ ਫ਼ੈਨ ਫਾਲੋਇੰਗ ਹੈ। ਇੱਕ ਗਾਇਕ ਹੋਣ ਦੇ ਨਾਲ-ਨਾਲ, ਉਹ ਇੱਕ ਸੰਗੀਤਕਾਰ ਅਤੇ ਸੰਗੀਤ ਨਿਰਮਾਤਾ ਵੀ ਹੈ। ਉਸਨੇ 2005 ਵਿੱਚ ਰਿਐਲਿਟੀ ਸ਼ੋਅ "ਫੇਮ ਗੁਰੂਕੁਲ" ਵਿੱਚ ਹਿੱਸਾ ਲੈ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ 2011 ਵਿੱਚ "ਮਰਡਰ 2" ਦੇ "ਫਿਰ ਮੁਹੱਬਤ" ਗੀਤ ਨਾਲ ਆਪਣੀ ਹਿੰਦੀ ਫ਼ਿਲਮੀ ਸ਼ੁਰੂਆਤ ਕੀਤੀ। ਅਰਿਜੀਤ ਨੇ ''ਤੁਮ ਹੀ ਹੋ'', ''ਬਿਨਤੇ ਦਿਲ'', ''ਚੰਨਾ ਮੇਰਿਆ'', ''ਐ ਦਿਲ ਹੈ ਮੁਸ਼ਕਿਲ'', ''ਕੇਸਰੀਆ'', ''ਤੇਰੇ ਇਸ਼ਕ ਮੇਂ'', ''ਗੇਹਰਾ ਹੂਆ'' "ਗੇਰੂਆ", "ਜਨਮ ਜਨਮ" ਵਰਗੇ ਕਈ ਯਾਦਗਾਰ ਗੀਤ ਦਿੱਤੇ ਹਨ। ਉਸਨੂੰ ਦੋ ਰਾਸ਼ਟਰੀ ਫਿਲਮ ਅਵਾਰਡਾਂ ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਨੂੰ 2025 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।


