Pankaj Dheer: ਬਾਲੀਵੁੱਡ ਦੇ ਦਿੱਗਜ ਐਕਟਰ ਪੰਕਜ ਧੀਰ ਨਹੀਂ ਰਹੇ, 68 ਦੀ ਉਮਰ ਚ ਦੁਨੀਆ ਤੋਂ ਹੋਏ ਰੁਖ਼ਸਤ
"ਮਹਾਂਭਾਰਤ" ਸੀਰੀਅਲ ਤੋਂ ਹੋਏ ਸੀ ਘਰ ਘਰ ਮਸ਼ਹੂਰ

By : Annie Khokhar
Pankaj Dheer Death: ਮਨੋਰੰਜਨ ਜਗਤ ਦਾ ਇੱਕ ਹੋਰ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਕਜ ਧੀਰ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ। ਉਹਨਾਂ ਨੇ 68 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਾਲੀਵੁੱਡ ਵਿੱਚ ਸਰਗਰਮ ਸਨ, ਪਰ ਪਛਾਣ ਉਹਨਾਂ ਨੂੰ ਬੀ.ਆਰ. ਚੋਪੜਾ ਦੀ "ਮਹਾਭਾਰਤ" ਵਿੱਚ ਕਰਨ ਦੀ ਭੂਮਿਕਾ ਨਿਭਾ ਕੇ ਮਿਲੀ। ਅਦਾਕਾਰ ਫਿਰੋਜ਼ ਖਾਨ, ਜਿਨ੍ਹਾਂ ਨੇ "ਮਹਾਭਾਰਤ" ਵਿੱਚ ਅਰਜੁਨ ਦੀ ਭੂਮਿਕਾ ਨਿਭਾਈ ਸੀ, ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ। ਪੰਕਜ ਦਾ ਬੁੱਧਵਾਰ (15 ਅਕਤੂਬਰ) ਦੀ ਸਵੇਰੇ 11:30 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4:30 ਵਜੇ ਵਿਲੇ ਪਾਰਲੇ, ਮੁੰਬਈ ਵਿੱਚ ਕੀਤਾ ਗਿਆ।
ਕੈਂਸਰ ਬਣੀ ਮੌਤ ਦੀ ਵਜ੍ਹਾ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੰਕਜ ਧੀਰ ਦੀ ਮੌਤ ਕੈਂਸਰ ਕਾਰਨ ਹੋਈ। ਉਹਨਾਂ ਨੇ ਪਹਿਲਾਂ ਵੀ ਕੈਂਸਰ ਨੂੰ ਹਰਾਇਆ ਸੀ, ਪਰ ਇਹ ਕੁਝ ਸਮੇਂ ਬਾਅਦ ਵਾਪਸ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਦੂਜੀ ਵਾਰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਟੁੱਟ ਗਏ ਸਨ। ਕੁੱਝ ਸਮੇਂ ਬਾਅਦ ਹੀ ਉਹਨਾਂ ਦਾ ਦੇਹਾਂਤ ਹੋ ਗਿਆ।
ਮਹਾਭਾਰਤ ਵਿੱਚ ਕਰਨ ਦੇ ਕਿਰਦਾਰ ਤੋਂ ਹੋਏ ਘਰ ਘਰ ਮਸ਼ਹੂਰ
ਵੈਸੇ ਤਾਂ ਪੰਕਜ ਧੀਰ ਨੇ ਸੈਂਕੜੇ ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਹਨਾਂ ਨੂੰ ਪਛਾਣ ਦਿਵਾਈ ਮਹਾਭਾਰਤ ਸੀਰੀਅਲ ਨੇ। ਪੰਕਜ ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾ ਕੇ ਘਰ ਘਰ ਮਸ਼ਹੂਰ ਹੋਏ ਸਨ। ਇੱਕ ਇੰਟਰਵਿਊ ਵਿੱਚ ਪੰਕਜ ਧੀਰ ਨੇ ਖੁਦ ਦੱਸਿਆ ਸੀ ਕਿ ਉਹ ਕਰਨ ਦੇ ਕਿਰਦਾਰ ਨੂੰ ਆਪਣੀ ਖੁਸ਼ਕਿਸਮਤੀ ਸਮਝਦੇ ਹਨ। ਇਸ ਨਾਲ ਸੰਬੰਧਿਤ ਇੱਕ ਕਿੱਸਾ ਵੀ ਐਕਟਰ ਨੇ ਸਾਂਝਾ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਉਹਨਾਂ ਨੂੰ ਕਿਸਮਤ ਨਾਲ ਕਰਨ ਦਾ ਕਿਰਦਾਰ ਮਿਲਿਆ। ਦਰਅਸਲ, ਪੰਕਜ ਨੂੰ ਅਰਜੁਨ ਦੀ ਭੂਮਿਕਾ ਲਈ ਚੁਣਿਆ ਗਿਆ ਸੀ। ਉਸ ਸਮੇਂ, ਲੇਖਕਾਂ ਅਤੇ ਪੈਨਲ ਦੇ ਮੈਂਬਰਾਂ, ਮਾਸੂਮ ਰਜ਼ਾ, ਭਰਿੰਗ ਤੁਪਕਰੀ, ਅਤੇ ਪੰਡਿਤ ਨਰਿੰਦਰ ਸ਼ਰਮਾ, ਸਰਬਸੰਮਤੀ ਨਾਲ ਸਹਿਮਤ ਹੋਏ ਕਿ ਪੰਕਜ ਇਸ ਭੂਮਿਕਾ ਲਈ ਪਰਫ਼ੈਕਟ ਸਨ। ਇਕਰਾਰਨਾਮੇ 'ਤੇ ਦਸਤਖਤ ਵੀ ਹੋ ਗਏ, ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਪਰ ਫਿਰ BR ਚੋਪੜਾ ਨੇ ਕਿਹਾ ਕਿ ਅਰਜੁਨ ਦੀ ਭੂਮਿਕਾ ਦੇ ਨਾਲ, ਉਸਨੂੰ ਬ੍ਰਿਹੰਨਲਾ (ਅਰਜੁਨ ਦਾ ਨਪੁੰਸਕ ਅਵਤਾਰ) ਵੀ ਨਿਭਾਉਣਾ ਪਵੇਗਾ, ਜਿਸ ਲਈ ਉਸਨੂੰ ਆਪਣੀਆਂ ਮੁੱਛਾਂ ਮੁੰਨਣੀਆਂ ਪੈਣਗੀਆਂ, ਪਰ ਪੰਕਜ ਮੁੱਛਾਂ ਮਨਵਾਉਣਾ ਨਹੀਂ ਚਾਹੁੰਦੇ ਸੀ। ਇਸ ਤਰ੍ਹਾਂ ਉਹਨਾਂ ਨੂੰ ਅਰਜੁਨ ਦੀ ਥਾਂ ਕਰਨ ਦਾ ਕਿਰਦਾਰ ਮਿਲ ਗਿਆ।


