Asrani: ਕੌਣ ਹੋਵੇਗਾ ਅਸਰਾਨੀ ਦੀ 50 ਕਰੋੜ ਜਾਇਦਾਦ ਦਾ ਵਾਰਿਸ, ਐਕਟਰ ਦੀ ਨਹੀਂ ਸੀ ਕੋਈ ਔਲਾਦ
ਪਤਨੀ ਰਹਿ ਗਈ ਇਕੱਲੀ

By : Annie Khokhar
Asrani Death: ਦੀਵਾਲੀ ਵਾਲੇ ਦਿਨ ਸੋਮਵਾਰ ਨੂੰ ਮਨੋਰੰਜਨ ਜਗਤ ਤੋਂ ਮਨਹੂਸ ਖ਼ਬਰ ਆਈ ਕਿ ਬਾਲੀਵੁੱਡ ਦੇ ਲੀਜੈਂਡ ਅਦਾਕਾਰ ਅਸਰਾਨੀ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਗਮ ਵਿੱਚ ਡੁੱਬ ਗਈ। ਦੱਸਿਆ ਜਾ ਰਿਹਾ ਹੈ ਕਿ ਐਕਟਰ ਪਿਛਲੇ 5-6 ਦਿਨ ਤੋਂ ਬੀਮਾਰ ਸਨ ਅਤੇ ਹਸਪਤਾਲ ਵਿੱਚ ਭਰਤੀ ਸਨ। ਉਹਨਾਂ ਦਾ ਦੀਵਾਲੀ ਵਾਲੇ ਦਿਨ ਦੇਹਾਂਤ ਹੋਇਆ, ਪਰਿਵਾਰ ਨੇ ਕਿਸੇ ਨੂੰ ਇਸਦੀ ਭਣਕ ਨਾ ਲੱਗਣ ਦਿੱਤੀ। ਇੱਥੋਂ ਤੱਕ ਕਿ ਮਰਹੂਮ ਐਕਟਰ ਦਾ ਅੰਤਿਮ ਸੰਸਕਾਰ ਵੀ ਚੁੱਪ ਚਪੀਤੇ ਕਰ ਦਿੱਤਾ ਗਿਆ। ਹੁਣ ਜਦੋਂ ਅਸਰਾਨੀ ਇਸ ਦੁਨੀਆ ਵਿੱਚ ਨਹੀਂ ਰਹੇ ਹਨ ਤਾਂ ਇਹ ਸਵਾਲ ਉੱਠ ਰਹੇ ਹਨ ਕਿ ਆਖ਼ਰ ਉਹਨਾਂ ਦੀ ਜਾਇਦਾਦ ਦਾ ਵਾਰਿਸ ਕੌਣ ਬਣੇਗਾ। ਕਿਉਂਕਿ ਅਸਰਾਨੀ ਦੇ ਕੋਈ ਔਲਾਦ ਵੀ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਮੰਜੂ ਇਕੱਲੀ ਰਹਿ ਗਈ ਹੈ।
ਰਿਪੋਰਟਾਂ ਮੁਤਾਬਕ ਸ਼ੋਲੇ, ਚੁਪਕੇ ਚੁਪਕੇ ਅਤੇ ਅਭਿਮਾਨ ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਕਿਰਦਾਰ ਨਿਭਾਉਣ ਵਾਲੇ ਅਸਰਾਨੀ ਘੱਟੋ ਘੱਟ 50 ਕਰੋੜ ਜਾਇਦਾਦ ਦੇ ਮਾਲਕ ਸਨ। ਅਸਰਾਨੀ ਆਪਣੀ ਪਤਨੀ ਮੰਜੂ ਲਈ ਇੰਨੀ ਜਾਇਦਾਦ ਛੱਡ ਗਏ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿਆਦਾਤਰ ਦੌਲਤ ਫਿਲਮਾਂ, ਨਿਰਦੇਸ਼ਨ, ਬ੍ਰਾਂਡ ਐਡੋਰਸਮੈਂਟ ਅਤੇ ਵੈੱਬ ਸੀਰੀਜ਼ ਵਿੱਚ ਅਦਾਕਾਰੀ ਰਾਹੀਂ ਕਮਾਈ ਸੀ। ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਯਾਦਗਾਰੀ ਕਿਰਦਾਰ "ਸ਼ੋਲੇ" ਫਿਲਮ ਵਿੱਚ ਸੀ, ਉਹ ਇਸ ਫਿਲਮ ਵਿੱਚ ਅੰਗਰੇਜ਼ ਦੇ ਜ਼ਮਾਨੇ ਦੇ ਜੇਲਰ ਬਣੇ ਸਨ। ਉਹਨਾਂ ਦਾ ਇਹ ਕਿਰਦਾਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਅਸਰਾਨੀ ਦੀ ਪਤਨੀ ਮੰਜੂ ਬਾਂਸਲ ਇੱਕ ਅਭਿਨੇਤਰੀ ਸੀ। ਉਹਨਾਂ ਨੇ ਅਸਰਾਨੀ ਨਾਲ ਕੁਝ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਪਿਆਰ ਹੋ ਗਿਆ ਅਤੇ ਬਾਅਦ ਵਿੱਚ ਜੋੜੇ ਨੇ ਵਿਆਹ ਕਰਵਾ ਲਿਆ।
ਅਸਰਾਨੀ ਦਾ ਜਨਮ ਜੈਪੁਰ ਵਿੱਚ ਇੱਕ ਸਿੰਧੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਸਦੀਆਂ ਚਾਰ ਭੈਣਾਂ ਅਤੇ ਤਿੰਨ ਭਰਾ ਸਨ। ਅਸਰਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ। 1964 ਵਿੱਚ, ਐਕਟਰ ਨੇ ਪੁਣੇ ਦੇ ਫਿਲਮ ਇੰਸਟੀਚਿਊਟ ਵਿੱਚ ਦਾਖਲਾ ਲਿਆ ਅਤੇ 1966 ਵਿੱਚ ਆਪਣਾ ਕੋਰਸ ਪੂਰਾ ਕੀਤਾ। ਉਸਨੂੰ ਹਿੰਦੀ ਫਿਲਮਾਂ ਵਿੱਚ ਪਹਿਲਾ ਬ੍ਰੇਕ 1967 ਦੀ ਫਿਲਮ "ਹਰੇ ਕਾਂਚ ਕੀ ਚੂੜੀਆਂ" ਵਿੱਚ ਮਿਲਿਆ, ਜਿਸ ਵਿੱਚ ਉਸਨੇ ਅਦਾਕਾਰ ਵਿਸ਼ਵਜੀਤ ਦੇ ਦੋਸਤ ਦੀ ਭੂਮਿਕਾ ਨਿਭਾਈ।
ਅਸਰਾਨੀ ਫਿਲਮਾਂ ਵਿੱਚ ਲਗਾਤਾਰ ਕੰਮ ਕਰ ਰਹੇ ਸਨ। ਉਹ ਆਖਰੀ ਵਾਰ 2023 ਦੀ ਫਿਲਮ "ਨਾਨ-ਸਟਾਪ ਧਮਾਲ" ਵਿੱਚ ਦਿਖਾਈ ਦਿੱਤੇ ਸਨ। ਇਸ ਤੋਂ ਪਹਿਲਾਂ, ਉਹ "ਡ੍ਰੀਮ ਗਰਲ 2" (2023), "ਬੰਟੀ ਔਰ ਬਬਲੀ 2" (2021), ਅਤੇ "ਇਟਸ ਮਾਈ ਲਾਈਫ" (2020) ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਸਨ।


