ਇੱਕ ਸਫ਼ਲ ਗਾਇਕ ਅਤੇ ਨਾਇਕ ਅਮਰਿੰਦਰ ਗਿੱਲ

By : DarshanSingh
ਗੀਤਕਾਰੀ,ਗਾਇਕੀ,ਅਦਾਕਾਰੀ ਅਤੇ ਪ੍ਰੋਡਕਸ਼ਨ ਤਿੰਨਾਂ ਨਾਲ ਵਫ਼ਾਦਾਰੀ ਨਿਭਾਉਣ ਵਾਲਾ ਅਮਰਿੰਦਰ ਗਿੱਲ ਕਿਸੇ ਜਾਣ ਪਹਿਚਾਣ ਦਾ ਮੁਹਤਾਜ਼ ਨਹੀਂ।ਬਚਪਨ ਵਿੱਚ ਸ਼ੀਸ਼ੇ ਅੱਗੇ ਖੜ੍ਹ ਕੇ ਐਕਟਿੰਗ ਕਰਨ ਵਾਲਾ ਅਮਰਿੰਦਰ ਗਿੱਲ ਅੱਜ ਆਪਣੀ ਸੁਰੀਲੀ ਆਵਾਜ਼, ਸੱਭਿਆਚਾਰਕ ਗਾਇਕੀ ਅਤੇ ਬਿਹਤਰੀਨ ਅਦਾਕਾਰੀ ਰਾਹੀਂ ਪੂਰੇ ਪਾਲੀਵੁੱਡ ਵਿੱਚ ਰਾਜ਼ ਕਰ ਰਿਹਾ ਹੈ। ਅੰਮ੍ਰਿਤਸਰ ਦੇ ਪਿੰਡ ਬੂਹੜ ਚੰਦ ਵਿੱਚ 11 ਮਈ,1976 ਨੂੰ ਜਨਮੇ ਅਮਰਿੰਦਰ ਗਿੱਲ ਦਾ ਪਿਤਾ ਡਾਕਟਰ ਇੰਦਰਜੀਤ ਗਿੱਲ ਅਤੇ ਅਧਿਆਪਕਾ ਮਾਤਾ ਅਮਰੀਕ ਕੌਰ ਗਿੱਲ ਨੇ ਅਮਰਿੰਦਰ ਗਿੱਲ ਦਾ ਨਿੱਕਾ ਨਾਮ ਐਮੀ ਰੱਖਿਆ। ਜਦੋਂ ਘਰ ਵਿੱਚ ਐਮੀ ਇਕੱਲਾ ਹੁੰਦਾ ਸ਼ੀਸ਼ੇ ਅੱਗੇ ਖਲੋ ਕੇ ਐਕਟਰ ਬਣਨ ਦੀ ਨਕਲਾਂ ਕਰਦਾ।ਮੁੱਢਲੀ ਸਿੱਖਿਆ ਦੀ ਪ੍ਰਾਪਤੀ ਤੋਂ ਬਾਅਦ ਅਮਰਿੰਦਰ ਗਿੱਲ ਨੇ ਆਪਣੀ ਗ੍ਰੈਜੂਏਸ਼ਨ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਅਮਰਿੰਦਰ ਗਿੱਲ ਦੀ ਗਾਇਕੀ ਅਤੇ ਅਦਾਕਾਰੀ ਨੂੰ ਨਿਖਾਰਨ ਵਿੱਚ ਖ਼ਾਲਸਾ ਕਾਲਜ ਦੇ ਯੂਥ ਫੈਸਟੀਵਲਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਖੇਤੀਬਾੜੀ ਵਿਗਿਆਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰ ਹਾਸਿਲ ਕਰਕੇ ਅਮਰਿੰਦਰ ਗਿੱਲ ਕੁੱਝ ਸਮਾਂ ਸੈਂਟਰਲ ਕੋਆਪਰੇਟਿਵ ਬੈਂਕ ਵਿੱਚ ਮੈਨੇਜਰ ਤੈਨਾਤ ਰਿਹਾ ਪ੍ਰੰਤੂ ਗਾਇਕੀ ਅਤੇ ਅਦਾਕਾਰੀ ਦੇ ਜਨੂੰਨ ਨੇ ਅਮਰਿੰਦਰ ਗਿੱਲ ਨੂੰ ਨੌਕਰੀ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਅਮਰਿੰਦਰ ਗਿੱਲ ਦੀ ਗਾਇਕੀ ਦੀ ਸ਼ੁਰੂਆਤ 1999 ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕਾਲਾ ਡੋਰੀਆ ਤੋਂ ਹੋਈ ਜਿਥੇ ਉਸਨੇ ਸਾਨੂੰ ਇਸ਼ਕ ਹੋ ਗਿਆ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਲੁੱਟਿਆ।ਇਸ ਤੋਂ ਬਾਅਦ 2002 ਵਿੱਚ ਆਈ ਐਲਬਮ ਏਕ ਵਾਅਦਾ ਦੇ ਗੀਤ ਜੇ ਮਿਲੀ ਉਹ ਕੁੜੀ(ਪੈਗਾਮ) ਨੇ ਅਮਰਿੰਦਰ ਗਿੱਲ ਨੂੰ ਚੋਟੀ ਦੇ ਗਾਇਕਾਂ ਵਿੱਚ ਸ਼ੁਮਾਰ ਕਰ ਦਿੱਤਾ। ਗਾਇਕੀ ਅਤੇ ਗੀਤਕਾਰੀ ਦਾ ਸ਼ੌਕ ਅਮਰਿੰਦਰ ਗਿੱਲ ਨੂੰ ਸਿਨੇਮਾ ਵੱਲ ਲੈ ਆਇਆ।
ਅਮਰਿੰਦਰ ਗਿੱਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2009 ਵਿੱਚ ਆਈ ਪੰਜਾਬੀ ਫ਼ਿਲਮ ਮੁੰਡੇ ਯੂ ਕੇ ਦੇ ਵਿੱਚ ਸਹਾਇਕ ਕਲਾਕਾਰ ਵਜੋਂ ਕੀਤੀ।ਇਸ ਤੋਂ ਬਾਅਦ ਇੱਕ ਕੁੜੀ ਪੰਜਾਬ ਦੀ,ਤੂੰ ਮੇਰਾ ਬਾਈ ਮੈਂ ਤੇਰਾ ਬਾਈ,ਲਵ ਪੰਜਾਬ, ਲਾਹੌਰੀਏ,ਚੱਲ ਮੇਰਾ ਪੁੱਤ ਭਾਗ ਇੱਕ,ਦੋ, ਤਿੰਨ ਅਤੇ ਚਾਰ, ਅੰਗਰੇਜ਼, ਗੋਰਿਆਂ ਨੂੰ ਦਫ਼ਾ ਕਰੋ, ਅਸ਼ਕੇ, ਮੁੰਡੇ ਕਮਾਲ ਦੇ,ਡੈਡੀ ਕੂਲ ਮੁੰਡੇ ਫੂਲ, ਮਿੱਤਰਾਂ ਦਾ ਚੱਲਿਆ ਟਰੱਕ ਨੀ,ਦਾਰੂ ਨਾ ਪੀਂਦਾ ਹੋਵੇ,ਗੋਲਕ,ਬੁਗਨੀ,ਬੈਂਕ ਤੇ ਬਟੂਆ,ਵੇਖ ਬਰਾਤਾਂ ਚੱਲੀਆਂ,ਟੌਹਰ ਮਿੱਤਰਾਂ ਦੀ ਅਤੇ ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮਾਂ ਪੌਲੀਵੁੱਡ ਸਿਨੇਮਾ ਵਿੱਚ ਮੀਲ ਪੱਥਰ ਸਾਬਿਤ ਹੋਈਆਂ। ਅਮਰਿੰਦਰ ਗਿੱਲ ਦੀ ਗਾਇਕੀ ਅਤੇ ਅਦਾਕਾਰੀ ਸਾਫ਼ ਸੁਥਰੀ,ਪਰਿਵਾਰਕ ਅਤੇ ਸਮਾਜ਼ ਨੂੰ ਸ਼ੀਸ਼ਾ ਦਿਖਾਉਣ ਵਿੱਚ ਕਾਮਯਾਬ ਰਹੀ।ਚੱਲ ਜਿੰਦੀਏ,ਨਾਜਰਾ ਅਤੇ ਜਿੰਦੇ ਅੱਜ ਵੀ ਰੂਹ ਨੂੰ ਸਕੂਨ ਦਿੰਦੇ ਹਨ।ਨਾਜਰਾ ਲਾ ਸੀਪ ਦੀ ਬਾਜ਼ੀ ਸੱਥਾਂ ਖ਼ਾਲੀ ਹੋ ਚੱਲੀਆਂ ਸੁਣ ਕੇ ਪਿੰਡਾਂ ਵਿੱਚੋਂ ਖ਼ਤਮ ਹੋ ਰਹੀ ਰੌਣਕ ਅਤੇ ਪੰਜਾਬ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਿਕਲਾਂ ਦੀ ਝਲਕ ਦਿਖਾਈ ਦਿੰਦੀ ਹੈ। ਅੰਗਰੇਜ਼ ਅਤੇ ਲਾਹੌਰੀਏ ਵਰਗੀਆਂ ਫਿਲਮਾਂ ਪੁਰਾਤਨ ਪੇਂਡੂ ਸੱਭਿਆਚਾਰ ਨਾਲ ਰੂਬਰੂ ਕਰਵਾਉਣ ਵਿੱਚ ਕਾਮਯਾਬ ਰਹੀਆਂ।ਚੱਲ ਮੇਰਾ ਪੁੱਤ ਦੇ ਸਾਰੇ ਭਾਗ ਅਤੇ ਛੱਲਾ ਮੁੜਕੇ ਨਹੀਂ ਆਇਆ ਪੰਜਾਬ ਦੀ ਜਵਾਨੀ ਦੇ ਵਿਦੇਸ਼ਾਂ ਵੱਲ ਹੋ ਰਹੇ ਪ੍ਰਵਾਸ ਅਤੇ ਉਥੇ ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਆਪਣੀ ਹੋਂਦ ਬਣਾਈ ਰੱਖਣ ਪੇਸ਼ ਆ ਰਹੀਆਂ ਮੁਸ਼ਿਕਲਾਂ ਨੂੰ ਉਜਾਗਰ ਕਰਨ ਵਿੱਚ ਸਫ਼ਲ ਰਹੀਆਂ ਹਨ।ਆਪਣੀ ਬਿਹਤਰੀਨ ਗਾਇਕੀ ਅਤੇ ਅਦਾਕਾਰੀ ਲਈ ਅਮਰਿੰਦਰ ਗਿੱਲ ਨੂੰ ਦੇਸ਼ ਵਿਦੇਸ਼ਾਂ ਤੋਂ ਕਈ ਮਾਨ ਸਨਮਾਨ ਵੀ ਹਾਸਿਲ ਹੋਏ ਜਿਨ੍ਹਾਂ ਵਿੱਚ ਪੀ ਟੀ ਸੀ ਪੰਜਾਬੀ ਫ਼ਿਲਮ ਐਵਾਰਡ ਸੱਤ ਵਾਰ, ਫ਼ਿਲਮਫੇਅਰ ਪੰਜਾਬੀ ਪੁਰਸਕਾਰ ਦੋ ਵਾਰ,ਪੀ ਟੀ ਸੀ ਪੰਜਾਬੀ ਮਿਊਜ਼ਿਕ ਐਵਾਰਡ ਚਾਰ ਵਾਰ,ਬ੍ਰਿਟ ਏਸ਼ੀਆ ਟੀ ਵੀ ਸੰਗੀਤ ਐਵਾਰਡ ਇੱਕ ਵਾਰ ਅਤੇ ਵਿਰਾਸਤ ਫ਼ਿਲਮ ਪੁਰਸਕਾਰ ਇੱਕ ਵਾਰ ਪ੍ਰਾਪਤ ਹੋਇਆ। ਇਹਨਾਂ ਸਾਰੇ ਪੁਰਸਕਾਰਾਂ ਦੇ ਨਾਲ ਨਾਲ ਸਭ ਵੱਡਾ ਇਨਾਮ ਅਤੇ ਪੁਰਸਕਾਰ ਹੈ ਦਰਸ਼ਕਾਂ ਵੱਲੋਂ ਅਮਰਿੰਦਰ ਗਿੱਲ ਨੂੰ ਮਿਲਿਆ ਪਿਆਰ, ਅੱਜ਼ ਵੀ ਉਸਦੇ ਗੀਤਾਂ ਅਤੇ ਫ਼ਿਲਮਾਂ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰਦੇ ਹਨ। ਅਮਰਿੰਦਰ ਗਿੱਲ ਦੀ ਚੰਗੀ ਸਿਹਤ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਇਹ ਧਰੂ ਤਾਰਾ ਇਸੇ ਤਰ੍ਹਾਂ ਚਮਕਦਾ ਰਹਿ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜਿਲ੍ਹਾ ਬਠਿੰਡਾ
7087367969


