ਅਮਰੀਕਾ ’ਚ ਬਜ਼ੁਰਗ ਸਿੱਖ ਦਾ ਬੇਰਹਿਮੀ ਨਾਲ ਕਤਲ
ਨਿਊਯਾਰਕ, 23 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਸਲੀ ਹਮਲੇ ਦੀਆਂ ਘਟਨਾਵਾਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਨਿਊਯਾਰਕ ਵਿੱਚ 1 ਹਫ਼ਤੇ ਦੌਰਾਨ ਹੀ ਸਿੱਖਾਂ ’ਤੇ ਨਸਲੀ ਹਮਲੇ ਦੀਆਂ ਦੋ ਘਟਨਾਵਾਂ ਵਾਪਰ ਗਈਆਂ। ਬੱਸ ’ਚ ਸਫ਼ਰ ਕਰ ਰਹੇ ਸਿੱਖ ਨੌਜਵਾਨ ’ਤੇ ਹਮਲੇ ਮਗਰੋਂ ਹੁਣ ਇੱਕ ਬਜ਼ੁਰਗ ਸਿੱਖ […]
By : Hamdard Tv Admin
ਨਿਊਯਾਰਕ, 23 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਸਲੀ ਹਮਲੇ ਦੀਆਂ ਘਟਨਾਵਾਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਨਿਊਯਾਰਕ ਵਿੱਚ 1 ਹਫ਼ਤੇ ਦੌਰਾਨ ਹੀ ਸਿੱਖਾਂ ’ਤੇ ਨਸਲੀ ਹਮਲੇ ਦੀਆਂ ਦੋ ਘਟਨਾਵਾਂ ਵਾਪਰ ਗਈਆਂ। ਬੱਸ ’ਚ ਸਫ਼ਰ ਕਰ ਰਹੇ ਸਿੱਖ ਨੌਜਵਾਨ ’ਤੇ ਹਮਲੇ ਮਗਰੋਂ ਹੁਣ ਇੱਕ ਬਜ਼ੁਰਗ ਸਿੱਖ ਦਾ ਬੇਰਹਿਮੀ ਨਾਲ ਕਤਲ ਹੀ ਕਰ ਦਿੱਤਾ ਗਿਆ। ਕਾਰ ਹਾਦਸੇ ਮਗਰੋਂ 66 ਸਾਲ ਦੇ ਜਸਮੇਰ ਸਿੰਘ ਨੂੰ ਇੰਨਾ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ।
ਕਾਰ ਹਾਦਸੇ ਮਗਰੋਂ ਬੁਰੀ ਤਰ੍ਹਾਂ ਕੁੱਟਿਆ, ਹਸਪਤਾਲ ’ਚ ਮੌਤ
ਤਾਜ਼ਾ ਘਟਨਾ ਦੀ ਗੱਲ ਕਰੀਏ ਤਾਂ ਨਿਊਯਾਰਕ ਸ਼ਹਿਰ ਵਿੱਚ ਬੀਤੇ ਦਿਨੀਂ ਇੱਕ ਕਾਰ ਹਾਦਸਾ ਹੋਇਆ ਸੀ। ਇਸ ਹਾਦਸੇ ਮਗਰੋਂ 30 ਸਾਲ ਦੇ ਗਿਲਬਰਟ ਔਗਸਟਿਨ ਨੇ 66 ਸਾਲ ਦੇ ਬਜ਼ੁਰਗ ਸਿੱਖ ਜਸਮੇਰ ਸਿੰਘ ’ਤੇ ਹਮਲਾ ਕਰ ਦਿੱਤਾ। ਉਸ ਨੇ ਬੁਰੀ ਤਰ੍ਹਾਂ ਮੁੱਕੇ ਮਾਰੇ ਤੇ ਬਜ਼ੁਰਗ ਦੇ ਸਿਰ ’ਚ ਵੀ ਗੰਭੀਰ ਸੱਟਾਂ ਮਾਰੀਆਂ। ਗੰਭੀਰ ਜ਼ਖਮੀ ਹੋਏ ਜਸਮੇਰ ਸਿੰਘ ਨੂੰ ਕਵੀਨਸ ਦੇ ਜਮੈਕਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਸਮੇਰ ਸਿੰਘ ਨਾਲ ਕੁੱਟਮਾਰ ਦੀ ਘਟਨਾ 19 ਅਕਤੂਬਰ ਨੂੰ ਵਾਪਰੀ ਸੀ। ਇਸ ਮਾਮਲੇ ਵਿੱਚ ਗਿਲਬਰਟ ਔਗਸਟਿਨ ਨੂੰ 20 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਕੁੱਟਮਾਰ ਤੋਂ ਇਲਾਵਾ ਜਾਨਲੇਵਾ ਹਮਲਾ ਅਤੇ ਕਤਲ ਦਾ ਦੋਸ਼ ਵੀ ਲਾਇਆ ਗਿਆ। ਜਸਮੇਰ ਸਿੰਘ ਦੀ ਮੌਤ ਮਗਰੋਂ ਸ਼ਹਿਰ ਵਿੱਚ ਵੱਸਦੇ ਪੂਰੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉੱਧਰ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਟਵਿੱਟਰ ’ਤੇ ਇੱਕ ਟਵੀਟ ਕਰਦੇ ਹੋਏ ਬਜ਼ੁਰਗ ਸਿੱਖ ਵਿਅਕਤੀ ਦੀ ਮੌਤ ’ਤੇ ਦੁਖ ਜਤਾਇਆ।
ਉਨ੍ਹਾਂ ਕਿਹਾ ਕਿ ਜਸਮੇਰ ਸਿੰਘ ਨਿਊਯਾਰਕ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸੀ, ਜੋ ਉਨ੍ਹਾਂ ਨਾਲ ਘਟਨਾ ਵਾਪਰੀ, ਉਸ ਤੋਂ ਉਹ ਬਹੁਤ ਨਿਰਾਸ਼ ਨੇ, ਪਰ ਨਾਲ ਹੀ ਉਨ੍ਹਾਂ ਨੇ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ ਉਹ ਭਾਈਚਾਰੇ ਦੇ ਨਾਲ ਖੜ੍ਹੇ ਹਨ। ਨਸਲੀ ਨਫ਼ਰਤ ਕਰਨ ਵਾਲੇ ਅਪਰਾਧੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਹਫ਼ਤੇ ਨਿਊਯਾਰਕ ਸ਼ਹਿਰ ਵਿੱਚ ਹੀ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਸਿੱਖ ਨੌਜਵਾਨ ’ਤੇ ਨਸਲੀ ਹਮਲਾ ਹੋਇਆ ਸੀ। 19 ਸਾਲਾ ਸਿੱਖ ਨੌਜਵਾਨ ’ਤੇ ਇੱਕ ਵਿਅਕਤੀ ਨੇ ਹਮਲਾ ਕਰਦਿਆਂ ਉਸ ਨੂੰ ਪਹਿਲਾਂ ਮੁੱਕਾ ਮਾਰਿਆ, ਫਿਰ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨਿਊਯਾਰਕ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ, ਪਰ ਹਮਲਾਵਰ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।