ਤਾਨਾਸ਼ਾਹ ਸੱਦਾਮ ਹੁਸੈਨ ਦੀ ਧੀ ਨੂੰ 7 ਸਾਲ ਕੈਦ
ਬਗਦਾਦ, (ਹਮਦਰਦ ਨਿਊਜ਼ ਸਰਵਿਸ) : ਇਰਾਕ ਦੇ ਸਾਬਕਾ ਰਾਸ਼ਟਰਪਤੀ ਅਤੇ ਤਾਨਾਸ਼ਾਹ ਸੱਦਾਮ ਹੁਸੈਨ ਦੀ ਵੱਡੀ ਧੀ ਰਗਦ ਹੁਸੈਨ ਨੂੰ ਬਗਦਾਦ ਕੋਰਟ ਨੇ 7 ਸਾਲ ਕੈਦ ਦੀ ਸਜ਼ਾ ਸੁਣਾਈ। ਉਸ ’ਤੇ ਆਪਣੇ ਪਿਤਾ ਦੀ ਪਾਬੰਦੀਸ਼ੁਦਾ ਪਾਰਟੀ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ। ਇਨ੍ਹਾਂ ਦੋਸ਼ਾਂ ਤਹਿਤ ਹੀ ਉਸ ਨੂੰ ਇਸ ਸਜ਼ਾ ਦਾ ਐਲਾਨ ਕੀਤਾ ਗਿਆ। 2003 ਵਿੱਚ […]
By : Hamdard Tv Admin
ਬਗਦਾਦ, (ਹਮਦਰਦ ਨਿਊਜ਼ ਸਰਵਿਸ) : ਇਰਾਕ ਦੇ ਸਾਬਕਾ ਰਾਸ਼ਟਰਪਤੀ ਅਤੇ ਤਾਨਾਸ਼ਾਹ ਸੱਦਾਮ ਹੁਸੈਨ ਦੀ ਵੱਡੀ ਧੀ ਰਗਦ ਹੁਸੈਨ ਨੂੰ ਬਗਦਾਦ ਕੋਰਟ ਨੇ 7 ਸਾਲ ਕੈਦ ਦੀ ਸਜ਼ਾ ਸੁਣਾਈ। ਉਸ ’ਤੇ ਆਪਣੇ ਪਿਤਾ ਦੀ ਪਾਬੰਦੀਸ਼ੁਦਾ ਪਾਰਟੀ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ। ਇਨ੍ਹਾਂ ਦੋਸ਼ਾਂ ਤਹਿਤ ਹੀ ਉਸ ਨੂੰ ਇਸ ਸਜ਼ਾ ਦਾ ਐਲਾਨ ਕੀਤਾ ਗਿਆ।
2003 ਵਿੱਚ ਅਮਰੀਕਾ ਅਤੇ ਬਰਤਾਨੀਆ ਨੇ ਇਰਾਕ ’ਤੇ ਹਮਲਾ ਕਰਕੇ ਸੱਦਾਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਫਾਂਸੀ ਦੇ ਦਿੱਤੀ ਸੀ। ਇਸ ਦੇ ਨਾਲ ਹੀ ਇਰਾਕ ਵਿੱਚ ਸੱਦਾਮ ਸ਼ਾਸਨ ਦਾ ਖਾਤਮਾ ਹੋਇਆ, ਜਿਸ ਤੋਂ ਬਾਅਦ ਉਸ ਦੀ ਪਾਰਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਉਸ ’ਤੇ ਪਾਬੰਦੀ ਲਾ ਦਿੱਤੀ ਗਈ।
ਇੱਕ ਰਿਪੋਰਟ ਮੁਤਾਬਕ ਸੱਦਾਮ ਹੁਸੈਨ ਦੀ ਧੀ ਰਗਦ ਨੇ 2021 ਵਿੱਚ ਇੱਕ ਇੰਟਰਵਿਊ ਦਿੱਤੀ ਸੀ, ਜਿਸ ਵਿੱਚ ਉਸ ਨੇ ‘ਬਾਥ’ ਪਾਰਟੀ ਨੂੰ ਪ੍ਰਮੋਟ ਕਰਦੇ ਹੋਏ ਉਸ ਦੀਆਂ ਉਪਲੱਬਧੀਆਂ ਗਿਣਵਾਈਆਂ। ਦਰਅਸਲ, ਇਰਾਕ ਵਿੱਚ ਪੁਰਾਣੀ ਸੱਤਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਸਰਗਰਮੀਆਂ ’ਤੇ ਪਾਬੰਦੀ ਲਾਈ ਗਈ ਹੈ। ਇੱਥੇ ਪੁਰਾਣੀ ਸੱਤਾ ਨਾਲ ਜੁੜੀਆਂ ਤਸਵੀਰਾਂ ਜਾਂ ਨਾਅਰੇ ਲਾਉਣ ਵਾਲੇ ਕਿਸੇ ਵੀ ਵਿਅਕਤੀ ’ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।
2021 ਵਿੱਚ ਇੱਕ ਇੰਟਰਵਿਊ ਦੌਰਾਨ ਰਗਦ ਨੇ ਕਿਹਾ ਸੀ ਕਿ 1979 ਤੋਂ 2003 ਵਿਚਾਲੇ ਇਰਾਕ ਦੀ ਹਾਲਤ ਬੇਹੱਦ ਚੰਗੀ ਸੀ। ਉਸ ਵੇਲੇ ਦੇਸ਼ ਖੁਸ਼ਹਾਲ ਸੀ। ਲੋਕਾਂ ਨੂੰ ਮਾਣ ਮਹਿਸੂਸ ਹੁੰਦਾ ਸੀ।
ਦੱਸ ਦੇਈਏ ਕਿ ਇਰਾਕ ਦੇ ਤਾਨਸ਼ਾਹ ਰਾਸ਼ਟਰਪਤੀ ਰਹੇ ਸੱਦਾਮ ਹੁਸੈਨ ਤੋਂ ਇੱਕ ਸਮੇਂ ਅਮਰੀਕਾ ਵੀ ਭੈਅ ਖਾਂਦਾ ਸੀ। ਕਈ ਲੋਕਾਂ ਲਈ ਉਹ ਮਸੀਹਾ ਸੀ, ਜਦਕਿ ਦੁਨੀਆ ਦੀ ਵੱਡੀ ਅਬਾਦੀ ਲਈ ਉਹ ਇੱਕ ਜ਼ਾਲਮ ਤਾਨਾਸ਼ਾਹ ਸੀ।
ਸੱਦਾ ਆਪਣੇ ਦੁਸ਼ਮਣਾਂ ਨੂੰ ਮਾਫ਼ ਨਹੀਂ ਕਰਦਾ ਸੀ। ਆਪਣੇ ਕਤਲ ਦੀ ਸਾਜ਼ਿਸ਼ ਘੜਨ ਵਾਲਿਆਂ ਤੋਂ ਬਦਲਾ ਲੈਣ ਲਈ ਉਸ ਨੇ ਇਰਾਕ ਦੇ ਸ਼ਹਿਰ ਦੁਜੈਲ ਵਿੱਚ 1982 ਵਿੱਚ ਕਲਤੇਆਮ ਕਰਵਾਇਆ ਅਤੇ 148 ਸ਼ਿਆ ਮੁਸਲਮਾਨਾਂ ਦੀ ਹੱਤਿਆ ਕਰਵਾ ਦਿੱਤੀ। ਇਸ ਮਾਮਲੇ ਵਿੱਚ ਸੱਦਾਮ ਨੂੰ ਨਵੰਬਰ 2006 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਅਤੇ 30 ਦਸੰਬਰ 2006 ਨੂੰ ਉਸ ਨੂੰ ਫਾਹੇ ਟੰਗ ਦਿੱਤਾ ਗਿਆ।
ਦੱਸਣਾ ਬਣਦਾ ਹੈ ਕਿ ਸੱਦਾਮ ਦਾ ਜਨਮ ਬਗਦਾਦ ਦੇ ਉੱਤਰ ਵਿੱਚ ਸਥਿਤ ਤਿਕਰਿਤ ਦੇ ਇੱਕ ਪਿੰਡ ਵਿੱਚ 28 ਅਪ੍ਰੈਲ 1937 ਨੂੰ ਹੋਇਆ ਸੀ। ਬਗਦਾਦ ਵਿੱਚ ਰਹਿ ਕੇ ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ। 1957 ਵਿੱਚ ਸੱਦਾਮ ਨੇ ਸਿਰਫ਼ 20 ਸਾਲ ਦੀ ਉਮਰ ਵਿੱਚ ‘ਬਾਥ’ ਪਾਰਟੀ ਦੀ ਮੈਂਬਰਸ਼ਿਪ ਲਈ। ਇਹ ਪਾਰਟੀ ਅਰਬ ਰਾਸ਼ਟਰਵਾਦ ਦੀ ਮੁਹਿੰਮ ਚਲਾ ਰਹੀ ਸੀ, ਜੋ ਅੱਗੇ ਚੱਲ ਕੇ 1962 ਵਿੱਚ ਇਰਾਕ ’ਚ ਹੋਏ ਫ਼ੌਜੀ ਵਿਦਰੋਹ ਦਾ ਕਾਰਨ ਬਣਿਆ। ਸੱਦਾਮ ਹੁਸੈਨ ਵੀ ਇਸ ਵਿਦਰੋਹ ਦਾ ਹਿੱਸਾ ਸੀ।
1968 ’ਚ ਇਰਾਕ ’ਚ ਹੋਏ ਇੱਕ ਹੋਰ ਫ਼ੌਜੀ ਵਿਦਰੋਹ ’ਚ ਸੱਦਾਮ ਨੇ ਮੁੱਖ ਭੂਮਿਕਾ ਨਿਭਾਈ, ਜਿਸ ਨਾਲ ਉਸ ਦੀ ਪਾਰਟੀ ਸੱਤਾ ਵਿੱਚ ਆ ਗਈ। ਇਸ ਵਿਦਰੋਹ ਦੇ ਚਲਦਿਆਂ ਸਿਰਫ਼ 31 ਸਾਲ ਦੀ ਉਮਰ ਵਿੱਚ ਸੱਦਾਮ ਨੇ ਜਨਰਲ ਅਹਿਮ ਹਸਨ ਅਲ-ਬਕਰ ਨਾਲ ਮਿਲ ਕੇ ਸੱਤਾ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸੱਦਾਮ ਤੇਜ਼ੀ ਨਾਲ ਅੱਗੇ ਵਧਿਆ ਅਤੇ 1979 ਵਿੱਚ ਉਹ ਇਰਾਕ ਦਾ 5ਵਾਂ ਰਾਸ਼ਟਰਪਤੀ ਬਣ ਗਿਆ ਅਤੇ ਜੁਲਾਈ 1979 ਤੋਂ ਅਪ੍ਰੈਲ 2003 ਤੱਕ ਇਰਾਕ ਦੀ ਸੱਤਾ ’ਤੇ ਵਿਰਾਜਮਾਨ ਰਿਹਾ।
ਇਸ ਤਾਨਾਸ਼ਾਹ ਕਾਰਨ ਇਰਾਕ ਵਿੱਚ ਢਾਈ ਲੱਖ ਲੋਕ ਮਾਰੇ ਗਏ। ਸੱਦਾਮ ਨੇ ਸੱਤਾ ’ਤੇ ਕਬਜ਼ਾ ਜਮਾਉਣ ਮਗਰੋਂ ਸਭ ਤੋਂ ਪਹਿਲਾਂ ਸ਼ਿਆ ਅਤੇ ਕੁਰਦਿਆਂ ਵਿਰੁੱਧ ਮੁਹਿੰਮ ਚਲਾਈ। ਉਹ ਅਮਰੀਕਾ ਦਾ ਵੀ ਵਿਰੋਧ ਕਰਦਾ ਸੀ। ਮੰਨਿਆ ਜਾਂਦਾ ਹੈ ਕਿ ਸੱਦਾਮ ਦੇ ਸੁਰੱਖਿਆ ਦਸਤਿਆਂ ਨੇ ਇਰਾਕ ਵਿੱਚ ਲਗਭਗ ਢਾਈ ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇੰਨਾ ਹੀ ਨਹੀਂ, ਸੱਦਾਮ ਵੱਲੋਂ ਈਰਾਨ ਅਤੇ ਕੁਵੈਤ ’ਤੇ ਹਮਲਿਆਂ ਕਾਰਨ ਵੀ ਹਜ਼ਾਰਾਂ ਲੋਕ ਮਾਰੇ ਗਏ।
1982 ਵਿੱਚ ਦੁਜੈਲ ’ਚ 148 ਸ਼ਿਆ ਮੁਸਲਮਾਨਾਂ ਦੇ ਕਤਲੇਆਮ ਨੂੰ ਲੈ ਕੇ ਹੀ ਇਰਾਕ ਦੀ ਇੱਕ ਅਦਾਲਤ ਨੇ 5 ਨਵੰਬਬਰ 2006 ਨੂੰ ਸੱਦਾਮ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਇਸ ਤੋਂ ਬਾਅਦ 30 ਦਸੰਬਰ 2006 ਨੂੰ ਉਸ ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ।