ਢੀਂਡਸਾ ਦੀ ਅਕਾਲੀ ਦਲ 'ਚ ਵਾਪਸੀ, ਰਿਪੋਰਟ 'ਤੇ ਹੋਵੇਗਾ ਫੈਸਲਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਘਰ ਵਾਪਸੀ ਯਾਨੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਆਪਣੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਅਤੇ ਸਮਰਥਕਾਂ ਦੀ ਰਾਏ ਲਵੇਗੀ। ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ ਹੈ, ਜੋ ਇਸ ਮੁੱਦੇ 'ਤੇ ਸਾਰੇ ਆਗੂਆਂ ਤੋਂ ਵਿਚਾਰ-ਵਟਾਂਦਰਾ […]
By : Editor (BS)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਘਰ ਵਾਪਸੀ ਯਾਨੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਆਪਣੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਅਤੇ ਸਮਰਥਕਾਂ ਦੀ ਰਾਏ ਲਵੇਗੀ। ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ ਹੈ, ਜੋ ਇਸ ਮੁੱਦੇ 'ਤੇ ਸਾਰੇ ਆਗੂਆਂ ਤੋਂ ਵਿਚਾਰ-ਵਟਾਂਦਰਾ ਕਰੇਗੀ। ਇਸ ਤੋਂ ਬਾਅਦ ਕਮੇਟੀ ਵੱਲੋਂ ਜੋ ਫੈਸਲਾ ਲਿਆ ਜਾਵੇਗਾ, ਉਹ ਸਭ ਨੂੰ ਪ੍ਰਵਾਨ ਹੋਵੇਗਾ। ਆਉਣ ਵਾਲੇ 2 ਹਫਤਿਆਂ 'ਚ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਮੁਹਾਲੀ ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪਾਰਟੀ ਦੇ ਹਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਇੱਕ ਮੰਚ ’ਤੇ ਆਉਣ ਦੇ ਮੁੱਦੇ ’ਤੇ ਆਪਣੀ ਰਾਏ ਪ੍ਰਗਟਾਈ। ਉਨ੍ਹਾਂ ਇਸ ਕਾਰਨ ਪਾਰਟੀ ਨੂੰ ਹੋਣ ਵਾਲੇ ਨਫੇ-ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ।
ਮੀਟਿੰਗ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਪਾਰਟੀ ਦੇ ਅਗਲੇ ਫੈਸਲੇ ਸਬੰਧੀ ਲੀਡਰਸ਼ਿਪ ਤੋਂ ਸੁਝਾਅ ਲਵੇਗੀ। ਇਸ ਦੇ ਨਾਲ ਹੀ ਕਮੇਟੀ ਵੱਲੋਂ ਜੋ ਫੈਸਲਾ ਲਿਆ ਜਾਵੇਗਾ, ਉਹ ਸਭ ਨੂੰ ਪ੍ਰਵਾਨ ਹੋਵੇਗਾ।
ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਨਾਲ ਗਠਜੋੜ ਦੀ ਸੰਭਾਵਨਾ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਸਾਰੀ ਲੀਡਰਸ਼ਿਪ ਤੋਂ ਫੀਡਬੈਕ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦਿੱਤੇ ਬਿਆਨ ‘ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਵਿਚਕਾਰਲਾ ਰਸਤਾ ਕੱਢਣਾ ਚਾਹੀਦਾ ਹੈ।
ਕੁਝ ਦਿਨ ਪਹਿਲਾਂ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ 'ਤੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਰਾਜ਼ ਅਕਾਲੀ ਆਗੂਆਂ ਨੂੰ ਪਾਰਟੀ 'ਚ ਵਾਪਸ ਆਉਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਇਸ਼ਾਰਾ ਕੀਤਾ ਹੈ ਕਿ ਉਹ ਮੁੜ ਵਾਪਸੀ ਕਰ ਸਕਦੇ ਹਨ, ਪਰ ਸਪੱਸ਼ਟ ਕਿਹਾ ਕਿ ਪਾਰਟੀ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਮੀਟਿੰਗ ਬੁਲਾਈ। ਕਰੀਬ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਤੋਂ ਵੱਖਰਾ ਰਸਤਾ ਚੁਣ ਕੇ ਆਪਣੀ ਪਾਰਟੀ ਬਣਾਈ ਸੀ। ਉਨ੍ਹਾਂ ਦੀ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੈ।