ਡੇਂਗੂ ਦਾ ਕਹਿਰ,ਪਟਿਆਲਾ ਵਿੱਚ 693 ਮਾਮਲੇ ਆਏ ਸਾਹਮਣੇ
ਚੰਡੀਗੜ੍ਹ, 26 ਅਕਤੂਬਰ (ਸਵਾਤੀ ਗੌੜ) : ਪੰਜਾਬ ਵਿੱਚ ਸਰਦੀ ਦੀ ਦਸਤਕ ਨਾਲ ਹੀ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਦੇਸ਼ ਭਰ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਉਥੇ ਹੀ ਪੰਜਾਬ ਦੇ ਪਟਿਆਲਾ ਵਿੱਚ ਸਾਹਮਣੇ ਆ ਰਹੇ ਡੇਂਗੂ ਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੋਈ ਹੈ। ਖਾਸ ਤੌਰ […]
By : Editor Editor
ਚੰਡੀਗੜ੍ਹ, 26 ਅਕਤੂਬਰ (ਸਵਾਤੀ ਗੌੜ) : ਪੰਜਾਬ ਵਿੱਚ ਸਰਦੀ ਦੀ ਦਸਤਕ ਨਾਲ ਹੀ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਦੇਸ਼ ਭਰ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਉਥੇ ਹੀ ਪੰਜਾਬ ਦੇ ਪਟਿਆਲਾ ਵਿੱਚ ਸਾਹਮਣੇ ਆ ਰਹੇ ਡੇਂਗੂ ਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੋਈ ਹੈ। ਖਾਸ ਤੌਰ ਤੇ ਪਟਿਆਲਾ ਦੀ ਗੱਲ ਕਰੀਏ ਤਾਂ ਇਥੇ ਡੇਂਗੂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ ਉਥੇ ਹੀ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੌਕਸ ਹੈ।
ਸਰਦੀ ਦੇ ਮੌਸਮ ਵਿੱਚ ਆਏ ਸਾਲ ਡੇਂਗੂ ਦੇ ਮਾਮਲਿਆਂ ਵਿੱਚ ਇਜ਼ਾਫਾ ਹੁੰਦਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਟਿਆਲਾ ਵਿੱਚ ਹੁਣ ਤੱਕ 693 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਰੁਜ਼ਾਨਾ ਇਥੇ 25 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਨੇ।ਇਹਨਾਂ ਹੀ ਨਹੀਂ ਡੇਗੂ ਕਾਰਨ ਇੱਕ ਸਰਕਾਰੀ ਡਾਕਟਰ ਦੀ ਵੀ ਮੌਤ ਹੋ ਗਈ ਹੈ। ਮੰਨਿਆ ਜਾ ਰਿਹਾ ਕਿ ਅਕਤੂਬਰ ਦੇ ਅਖੀਰ ਵਿੱਚ ਜੋ ਮਾਮਲਿਆਂ ਦੇ ਵਧਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਉਹ ਨਵੰਬਰ ਵਿੱਚ ਵੀ ਜਾਰੀ ਰਹੇਗਾ ਤੇ ਨਵੰਬਰ ਦੇ ਅਖੀਰ ਤੱਕ ਸਭ ਤੋਂ ਵਧ ਮਾਮਲੇ ਸਾਹਮਣੇ ਆਉਣਗੇ। ਹਾਲਾਂਕਿ ਡੇਂਗੂ ਨਾਲ ਕੁੱਲ ਕਿੰਨੇ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਪਰ ਮਾਮਲੇ ਜ਼ਰੂਰ ਤੇਜ਼ੀ ਨਾਲ ਵੱਧ ਰਹੇ ਨੇ।
ਇਸ ਤੋਂ ਇਲਾਵਾ ਮੁਕਤਸਰ ਸਾਹਿਬ ਵਿੱਚ ਵੀ ਡੇਂਗੂ ਦਾ ਕਹਿਰ ਜਾਰੀ ਹੈ।ਇਥੇ ਰੁਜ਼ਾਨਾ 10 ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਇਥੇ ਕੁਲ ਮਰੀਜ਼ਾਂ ਦੀ ਗਿਣਤੀ 214 ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 10 ਖੇਤਰ ਅਜਿਹੇ ਹਨ ਜੋ ਡੇਂਗੂ ਦਾ ਗੜ੍ਹ ਬਣ ਗਏ ਨੇ ਜਿਸ ਵਿੱਚ ਦੋਦਾ, ਚੱਕ ਸ਼ੇਰੇਵਾਲਾ , ਮੁਕਤਸਰ ਤੇ ਮਲੋਟ ਖੇਤਰ ਸ਼ਾਮਲ ਹੈ। ਹਾਲਾਂਕਿ ਸਿਹਤ ਵਿਭਾਗ ਵੱਲੋਂ ਇਥੇ ਵਧ ਧਿਆਨ ਦਿੱਤਾ ਜਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਡੇਂਗੂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਾਗਿੰਗ ਵੀ ਕਰਵਾਈ ਜਾ ਰਹੀ ਹੈ।
ਉਧਰ ਹਰਿਆਣਾ ਵਿੱਚ ਵੀ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਨੇ । ਇਥੇ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 267 ਹੋ ਗਈ ਹੈ। ਇਸ ਨੂੰ ਦੇਖਦਿਆਂ ਵੱਖ ਵੱਖ ਟੀਮਾਂ ਨੂੰ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਜਾ ਰਿਹਾ ਹੈ। ਜਿਹੜੇ ਲੋਕਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹਨਾਂ ਨੂੰ ਪਰਹੇਜ਼ ਕਰਨ ਤੇ ਹਸਪਤਾਲ ਦਾ ਰੁਖ ਕਰਨ ਲਈ ਕਿਹਾ ਗਿਆ ਹੈ।ਡੇਂਗੂ ਦੇ ਮਾਮਲਿਆਂ ਨੂੰ ਦੇਖਦਿਆਂ ਜੀਂਦ ਦੇ ਸਿਵਲ ਹਸਪਤਾਲ ਵਿੱਚ ਇੱਕ ਵੱਖਰਾ ਵਿਭਾਗ ਬਣਾਇਆ ਗਿਆ ਹੈ ਜਿਸ ਵਿੱਚ 12 ਬੈਡ ਲਗਾਏ ਗਏ ਨੇ ਤੇ ਬੈਡ ਤੇ ਮਛਰਦਾਨੀ ਲਾਈ ਗਈ ਹੈ ।
ਉਧਰ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ । ਇਥੇ ਹਾਲਾਤ ਇਹ ਹੋ ਗਏ ਨੇ ਕਿ ਪ੍ਰਾਇਵੇਟ ਹਸਪਤਾਲਾਂ ਵਿੱਚ ਹਰ ਦੂਜਾ ਵਿਅਕਤੀ ਡੇਂਗੂ ਨਾਲ ਜੂਝ ਰਿਹਾ ਹੈ। ਡਾਕਟਰਾਂ ਮੁਤਾਬਕ ਬੀਤੇ 15 ਦਿਨਾਂ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਇਸ ਵਿੱਚ ਜ਼ਿਆਦਾਤਰ ਲੋਕ ਮੱਧ ਉਮਰ ਦੇ ਦੱਸੇ ਜਾ ਰਹੇ ਨੇ । ਉਥੇ ਹੀ ਗਾਜ਼ੀਆਬਾਦ ਵਿੱਚ ਡੇਂਗੂ ਦੇ ਮਾਮਲੇ ਵਧ ਰਹੇ ਨੇ ਜਿਸ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੋਈ ਹੈ। ਇਥੇ ਲੋਕਾਂ ਤੇ ਖਾਸ ਤੌਰ ਤੇ ਬੱਚਿਆਂ ਦੇ ਪਲੇਟਲੈਟਸ ਤੇਜ਼ੀ ਨਾਲ ਘੱਟ ਰਹੇ ਨੇ । ਹੁਣ ਤੱਕ ਗਾਜ਼ੀਆਬਾਦ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 113 ਹੈ। ਗਾਜ਼ੀਆਬਾਦ ਦੇ ਜ਼ਿਲ੍ਹਾ ਹਸਪਤਾਲ ਵਿੱਚ ਡੇਂਗੂ ਮਰੀਜ਼ਾਂ ਵਿੱਚ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਹਸਪਤਾਲ ਦਾ ਕਹਿਣਾ ਹੈ ਕਿ ਇਥੇ ਹਰ ਰੋਜ਼ ਡੇਂਗੂ ਦੇ ਅਧ ਦਰਜਨ ਮਰੀਜ਼ ਆ ਰਹੇ ਨੇ।
ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਡੇਂਗੂ ਫੈਲਦਾ ਕਿਵੇਂ ਹੈ ਤੇ ਇਸ ਦੇ ਲਛਣ ਕੀ ਹਨ । ਡੇਂਗੂ ਏਡੀਜ਼ ਇਜਿਪਟੀ ਪ੍ਰਜਾਤੀ ਦੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਡੇਂਗੂ ਡੇਨ-1, ਡੇਨ-2, ਡੇਨ-3,ਡੇਨ-4 ਵਾਇਰਸ ਨਾਲ ਫੈਲਦਾ ਹੈ ।ਇਹ ਮੱਛਰ ਦਿਨ ਵੇਲੇ ਕੱਟਦੇ ਹਨ। ਇਸ ਵਿੱਚ ਵਿਅਕਤੀ ਨੂੰ ਬੁਖਾਰ, ਧੱਫੜ, ਸਿਰ ਦਰਦ ਤੇ ਪਲੇਟਲੈਟਸ ਕਾਉਂਟ ਵਿੱਚ ਕਮੀ ਵਰਗੀਆਂ ਸ਼ਿਕਾਇਤਾਂ ਹੋਣ ਲੱਗਦੀਆਂ ਹਨ।ਇਸ ਤੋਂ ਇਲਾਵਾ ਬਲਡ ਪ੍ਰੈਸ਼ਰ ਘਟ ਹੋਣ ਲੱਗਦਾ ਹੈ, ਮਾਸਪੇਸ਼ੀਆਂ ਵਿੱਚ ਦਰਦ ਸ਼ਾਮਲ ਹੈ। ਜੇਕਰ ਮਰੀਜ਼ ਕਮਜ਼ੋਰ ਹੋਵੇ ਤੇ ਉਸ ਦੇ ਸਰੀਰ ਵਿੱਚ ਪਲੇਟਲੈਟਸ ਘਟ ਰਹੇ ਹੋਣ ਤਾਂ ਸਥਿਤੀ ਘਾਤਕ ਹੋ ਜਾਂਦੀ ਹੈ।
ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਡੇਂਗੂ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣ ਲਈ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਲੋਕ ਪਾਣੀ ਨਾ ਖੜਾ ਹੋਣ ਦੇਣ।ਰਾਤ ਨੂੰ ਮੱਛਰ ਭਜਾਉਣ ਵਾਲੀ ਕਰੀਮ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ । ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।ਆਪਣੇ ਆਸ ਪਾਸ ਫਾਗਿੰਗ ਕਰਨ ਤੇ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨ ਤੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ।