ਰੋਜ਼ੀ ਰੋਟੀ ਲਈ ਵਿਦੇਸ਼ ਗਏ 2 ਪੰਜਾਬੀਆਂ ਦੀ ਮੌਤ
ਮਨੀਲਾ/ਦੁਬਈ, (ਹਮਦਰਦ ਨਿਊਜ਼ ਸਰਵਿਸ) : ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀਆਂ ਨਾਲ ਅਣਹੋਣੀ ਘਟਨਾ ਵਾਪਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਜਿਸ ਕਾਰਨ ਪੰਜਾਬ ਰਹਿੰਦੇ ਉਨ੍ਹਾਂ ਦੇ ਮਾਪਿਆਂ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਜਾਂਦਾ ਹੈ। ਤਾਜ਼ਾ ਮਾਮਲਾ ਫਿਲੀਪੀਨਜ਼ ਤੇ ਦੁਬਈ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਦੋ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। […]
By : Editor Editor
ਮਨੀਲਾ/ਦੁਬਈ, (ਹਮਦਰਦ ਨਿਊਜ਼ ਸਰਵਿਸ) : ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀਆਂ ਨਾਲ ਅਣਹੋਣੀ ਘਟਨਾ ਵਾਪਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਜਿਸ ਕਾਰਨ ਪੰਜਾਬ ਰਹਿੰਦੇ ਉਨ੍ਹਾਂ ਦੇ ਮਾਪਿਆਂ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਜਾਂਦਾ ਹੈ। ਤਾਜ਼ਾ ਮਾਮਲਾ ਫਿਲੀਪੀਨਜ਼ ਤੇ ਦੁਬਈ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਦੋ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਰਣਜੀਤ ਰਾਣਾ ਦਾ ਜਿੱਥੇ ਫਿਲੀਪੀਨਜ਼ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਉੱਥੇ ਗੁਰਦਾਸਪੁਰ ਦੇ ਜੁਗਰਾਜ ਸਿੰਘ ਦੀ ਦੁਬਈ ’ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ।
ਆੜ੍ਹਤੀਆ ਐਸੋਸੀਏਸ਼ਨ ਤੇ ਰੋਟਰੀ ਕਲੱਬ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਦੇ ਭਤੀਜੇ ਰੇਸ਼ਮ ਸਿੰਘ ਦੇ ਪੁੱਤਰ ਰਣਜੀਤ ਰਾਣਾ ਦਾ ਫਿਲੀਪੀਨਜ਼ ਦੇ ਸਨਬਲੋ ਸ਼ਹਿਰ ਵਿੱਚ ਕਤਲ ਹੋ ਗਿਆ। 33 ਸਾਲ ਦਾ ਰਣਜੀਤ ਰਾਣਾ ਸਵੇਰੇ ਕੰਮ ਕਰਨ ਲਈ ਆਪਣੇ ਸ਼ਹਿਰ ਸਨਬਲੋ ਤੋਂ ਨੇੜਲੇ ਕਸਬਾ ਚਾਓ ’ਚ ਸਟੋਰ ’ਤੇ ਪੁੱਜਾ ਤਾਂ ਉਸ ’ਤੇ ਅਚਾਨਕ ਪਿੱਛੋਂ ਆਏ 2 ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜੋ ਨੌਜਵਾਨ ਦੀ ਪਿੱਠ ’ਚ ਜਾ ਲੱਗੀਆਂ ਤੇ ਛਾਤੀ ’ਚੋਂ ਆਰ-ਪਾਰ ਹੋ ਗਈਆਂ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਰਣਜੀਤ ਰਾਣਾ ਦਾ ਪੂਰਾ ਪਰਿਵਾਰ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ’ਚ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਰਾਣਾ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਭਾਰਤ ’ਚ ਛੁੱਟੀਆਂ ਮਨਾਉਣ ਲਈ ਲੋਹੀਆਂ ਆਇਆ ਸੀ। ਦੀਵਾਲੀ ਤੋਂ 2 ਦਿਨ ਪਹਿਲਾਂ ਹੀ ਉਹ ਲੋਹੀਆਂ ਤੋਂ ਮਨੀਲਾ ਚਲਾ ਗਿਆ। 2 ਮਹੀਨੇ ਬਾਅਦ ਫਰਵਰੀ 2024 ’ਚ ਉਸ ਦਾ ਵਿਆਹ ਹੋਣਾ ਸੀ। ਉਸ ਦੀ ਮੰਗਣੀ ਕਰਤਾਰਪੁਰ ਨੇੜੇ ਪਿੰਡ ਵਿਸ਼ਵਾਸਪੁਰ ’ਚ ਹੋਈ ਸੀ। ਦੱਸਣਾ ਬਣਦਾ ਹੈ ਕਿ ਫਿਲੀਪੀਨਜ਼ ਵਿੱਚ ਗਏ ਜ਼ਿਆਦਾਤਰ ਪੰਜਾਬੀ ਉੱਥੇ ਮਨੀਲਾ ’ਚ ਫਾਈਨਾਂਸ ਦਾ ਕੰਮ ਕਰਦੇ ਨੇ ਤੇ ਅਕਸਰ ਉਨ੍ਹਾਂ ’ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਉੱਧਰ ਦੁਬਈ ਤੋਂ ਵੀ ਪੰਜਾਬੀਆਂ ਲਈ ਮੰਦਭਾਗੀ ਖਬਰ ਪੁੱਜੀ ਐ, ਜਿੱਥੇ ਭਿਆਨਕ ਸੜਕ ਹਾਦਸੇ ਦੌਰਾਨਗੁਰਦਾਸਪੁਰ ਦੇ 30 ਸਾਲਾ ਨੌਜਵਾਨ ਜੁਗਰਾਜ ਸਿੰਘ ਦੀ ਮੌਤ ਹੋ ਗਈ। ਗੁਰਦਾਸਪੁਰ ’ਚ ਪੈਂਦੇ ਕਸਬਾ ਘੁਮਾਣ ਦੇ ਪਿੰਡ ਭੋਮੇ ਦੇ ਵਾਸੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦੁਬਈ ’ਚ ਰਿੱਧੀ ਸਿੱਧੀ ਟਰਾਂਸਪੋਰਟ ਕੰਪਨੀ ’ਚ ਨੌਕਰੀ ਕਰਦਾ ਸੀ। ਦੀਵਾਲੀ ਵਾਲੇ ਦਿਨ ਜੁਗਰਾਤ ਦੇ ਕਿਸੇ ਸਾਥੀ ਦਾ ਫੋਨ ਆਇਆ ਕਿ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੁਗਰਾਜ ਦੇ ਘਰ ਛੇ ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ ਤੇ ਉਹ ਹਾਲੇ ਤੱਕ ਆਪਣੇ ਪੁੱਤਰ ਨੂੰ ਦੇਖਣ ਨਹੀਂ ਸੀ ਆਇਆ। ਅਗਲੇ ਮਹੀਨੇ ਉਸ ਨੇ ਘਰ ਆਉਣਾ ਸੀ ਕਿ ਉਕਤ ਭਾਣਾ ਵਾਪਰ ਗਿਆ। ਭਿਆਨਕ ਸੜਕ ਹਾਦਸੇ ਨੇ ਸਭ ਕੁਝ ਖਤਮ ਕਰ ਦਿੱਤਾ। ਇੱਕ ਪਿਓ ਦੀ ਆਪਣੇ ਨਵਜੰਮੇ ਬੱਚੇ ਨੂੰ ਮਿਲਣ ਦੀ ਤਾਂਘ ਵੀ ਮਨ ਵਿੱਚ ਹੀ ਰਹਿ ਗਈ। ਇੱਕ ਪਤਨੀ ਦਾ ਸੁਹਾਗ ਉਜੜ ਗਿਆ ਤੇ ਮਾਪਿਆਂ ਕੋਲੋਂ ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਹੀ ਖੁਸ ਗਿਆ। ਸੋ ਇਸ ਤਰ੍ਹਾਂ ਵਿਦੇਸ਼ ਤੋਂ ਆਈਆਂ ਦੋ ਮੰਦਭਾਗੀਆਂ ਖ਼ਬਰਾਂ ਨੇ ਪੰਜਾਬ ਦੇ ਦੋ ਘਰਾਂ ਵਿੱਚ ਸੱਥਰ ਵਿਛਾ ਦਿੱਤੇ।