ਟੋਰਾਂਟੋ ਫਿਲਮ ਫੈਸਟੀਵਲ ਵਿੱਚ ‘ਡਿਅਰ ਜੱਸੀ’ ਮੂਵੀ
ਟੋਰਾਂਟੋ, 11 ਸਤੰਬਰ (ਬਿੱਟੂ) : ਹੌਲੀਵੁਡ ਡਾਇਰੈਕਟਰ ਤਰਸੇਮ ਸਿੰਘ ਵੱਲੋਂ ਬਣਾਈ ‘ਡਿਅਰ ਜੱਸੀ’ ਫਿਲਮ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਕੀਤਾ ਗਿਆ। ਇਹ ਫਿਲਮ 23 ਸਾਲ ਪਹਿਲਾਂ ਪੰਜਾਬ ’ਚ ਆਪਣੇ ਪਰਿਵਾਰ ਦੀ ਇੱਛਾ ਵਿਰੁੱਧ ਵਿਆਹ ਕਰਾਉਣ ਵਾਲੀ ਪੰਜਾਬੀ ਮੂਲ ਦੀ ਕੈਨੇਡੀਅਨ ਕੁੜੀ ਜੱਸੀ ਸਿੱਧੂ ਦੇ ਅਣਖ ਖਾਤਰ ਹੋਏ ਕਤਲ ਨੂੰ ਦਰਸਾਉਂਦੀ ਹੈ। ‘ਡਿਅਰ ਜੱਸੀ’ […]

By : Editor (BS)
ਟੋਰਾਂਟੋ, 11 ਸਤੰਬਰ (ਬਿੱਟੂ) : ਹੌਲੀਵੁਡ ਡਾਇਰੈਕਟਰ ਤਰਸੇਮ ਸਿੰਘ ਵੱਲੋਂ ਬਣਾਈ ‘ਡਿਅਰ ਜੱਸੀ’ ਫਿਲਮ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਕੀਤਾ ਗਿਆ। ਇਹ ਫਿਲਮ 23 ਸਾਲ ਪਹਿਲਾਂ ਪੰਜਾਬ ’ਚ ਆਪਣੇ ਪਰਿਵਾਰ ਦੀ ਇੱਛਾ ਵਿਰੁੱਧ ਵਿਆਹ ਕਰਾਉਣ ਵਾਲੀ ਪੰਜਾਬੀ ਮੂਲ ਦੀ ਕੈਨੇਡੀਅਨ ਕੁੜੀ ਜੱਸੀ ਸਿੱਧੂ ਦੇ ਅਣਖ ਖਾਤਰ ਹੋਏ ਕਤਲ ਨੂੰ ਦਰਸਾਉਂਦੀ ਹੈ।
‘ਡਿਅਰ ਜੱਸੀ’ ਫਿਲਮ 24 ਸਾਲਾ ਜੱਸੀ ਸਿੱਧੂ ਦੀ ਤਰਾਸਦੀ ਨੂੰ ਦੁਹਰਾਉਂਦੀ ਹੈ, ਜਿਸ ਦੇ ਆਪਣੇ ਨਾਨਕੇ ਪਿੰਡ ਦੇ ਸਿੱਧੂ ਕਬੀਲੇ ਦੇ ਇੱਕ ਕਬੱਡੀ ਖਿਡਾਰੀ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਨਾਲ ਪ੍ਰੇਮ ਸਬੰਧ ਸਨ।

ਵੈਂਕੁਵਰ ਨੇੜੇ ਮੈਪਲ ਰਿਜ ਵਿੱਚ ਜਨਮੀ ਜੱਸੀ ਦਾ ਪੰਜਾਬ ’ਚ ਜਗਰਾਓਂ ਦੇ ਨੇੜੇ ਉਸ ਦੀ ਮਾਂ ਵੱਲੋਂ ਸੱਦੇ ਗਏ ਭਾੜੇ ਦੇ ਕਾਤਲਾਂ ਨੇ ਕਤਲ ਕਰ ਦਿੱਤਾ ਸੀ, ਜਦਕਿ ਉਸ ਦੇ ਪਤੀ ਨੂੰ ਮਰਿਆ ਸਮਝ ਕੇ ਛੱਡ ਦਿੱਤਾ ਸੀ। ਸੂਫ਼ੀ ਕਵੀ ਬੁੱਲ੍ਹੇ ਸ਼ਾਹ ਦੀ ‘ਕਮਲੀ’ ਨਾਲ ਸ਼ੁਰੂਆਤ ਕਰਦੇ ਹੋਏ ਇਹ ਫਿਲਮ ਜੂਨ 2000 ਦੀਆਂ ਦੁਖਦਾਈ ਘਟਨਾਵਾਂ ਨੂੰ ਸ਼ਾਨਦਾਰ ਢੰਗ ਨਾਲ ਦੋਹਰਾਉਂਦੀ ਹੈ, ਜਿਸ ਦੀ ਸ਼ੁਰੂਆਤ ’ਚ ਇੱਕ ਇੰਡੋ-ਕੈਨੇਡੀਅਨ ਕੁੜੀ ਨੂੰ ਪੰਜਾਬ ਦੇ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ। ਇਸ ਫਿਲਮ ਵਿੱਚ ਕੁੜੀ ਦਾ ਰੋਲ ਪਾਵੀਆ ਸਿੱਧੂ ਅਤੇ ਮੁੰਡੇ ਦਾ ਰੋਲ ਯੁਗਮ ਸੂਦ ਦੁਆਰਾ ਨਿਭਾਇਆ ਗਿਆ।

ਪਹਿਲਾਂ ਜੱਸੀ ਤੇ ਉਸ ਮੁੰਡੇ ਦਾ ਪੰਜਾਬ ਵਿੱਚ ਹੀ ਰੋਮਾਂਸ ਚਲਦਾ ਹੈ। ਉਹ ਲੁਕ-ਛੁਪ ਕੇ ਪਿੰਡ ’ਚ ਇੱਕ-ਦੂਜੇ ਨੂੰ ਮਿਲਦੇ ਨੇ, ਪਰ ਜਦੋਂ ਜੱਸੀ ਵੈਨਕੁਵਰ ਪਹੁੰਚ ਜਾਂਦੀ ਹੈ ਤਾਂ ਚਿੱਠੀਆਂ ਅਤੇ ਫੋਨ ਕਾਲ ਰਾਹੀਂ ਉਨ੍ਹਾਂ ਦੀ ਗੱਲਬਾਤ ਹੁੰਦੀ ਹੈ। ਵੈਨਕੁਵਰ ਵਿੱਚ ਜੱਸੀ ਦੀ ਮਾਤਾ ਮਲਕੀਅਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਉਸ ’ਤੇ ਆਪਣੀ ਪਸੰਦ ਦੇ ਇੱਕ ਇੰਡੋ-ਕੈਨੇਡੀਅਨ ਮੁੰਡੇ ਨਾਲ ਵਿਆਹ ਕਰਾਉਣ ਦਾ ਦਬਾਅ ਪਾਉਂਦੇ ਹਨ, ਪਰ ਜੱਸੀ ਮਿੱਠੂ ਨਾਲ ਹੀ ਵਿਆਹ ਕਰਾਉਣ ’ਤੇ ਅੜੀ ਹੋਈ ਸੀ। ਇਸੇ ਦਰਮਿਆਨ ਉਹ ਫਿਰ ਭਾਰਤ ਆ ਜਾਂਦੀ ਹੈ ਤੇ ਮਿੱਠੂ ਨੂੰ ਕੈਨੇਡਾ ਲਿਜਾਣ ਦਾ ਪ੍ਰਬੰਧ ਕਰਨ ਲਈ ਉਹ ਉਸ ਨਾਲ ਗੁਪਤ ਢੰਗ ਨਾਲ ਪ੍ਰੇਮ ਵਿਆਹ ਕਰਾ ਲੈਂਦੀ ਹੈ।
ਕੈਨੇਡਾ ਪਹੁੰਚਣ ’ਤੇ ਜਦੋਂ ਜੱਸੀ ਦੀ ਮਾਂ ਅਤੇ ਮਾਮੇ ਨੂੰ ਇਸ ਵਿਆਹ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸ ’ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੰਦੇ ਨੇ। ਉਸ ਨੂੰ ਘਰ ਵਿੱਚ ਹੀ ਕੈਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਉਸ ’ਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਉਸ ਦਾ ਵਿਆਹ ਤੁੜਵਾਉਣ ਜਾਂ ਰੱਦ ਕਰਵਾਉਣ ਸਬੰਧੀ ਕਾਗਜ਼ਾਂ ’ਤੇ ਸਾਈਨ ਕਰ ਦੇਵੇ।
ਫਿਲਮ ਦੇ ਮੁੱਖ ਬਿੰਦੂ ਕੈਨੇਡਾ ਵਿੱਚ ਜੱਸੀ ਦੇ ਘਰ ਦੇ ਦ੍ਰਿਸ਼ ਦਿਖਾਏ ਗਏ ਨੇ। ਹਾਲਾਂਕਿ ਉਸ ਦਾ ਵਿਆਹ ਹੁਣ ਗੁਪਤ ਨਹੀਂ ਰਹਿ ਗਿਆ ਸੀ। ਇਸ ਦੇ ਚਲਦਿਆਂ ਮਿੱਠੂ ਨਾਲ ਆਪਣਾ ਵਿਆਹ ਬਚਾਉਣ ਲਈ ਜੱਸੀ ਭਾਰਤ ਜਾਣ ਵਾਸਤੇ ਪੁਲਿਸ ਦੀ ਮਦਦ ਮੰਗਦੀ ਹੈ। ਡਾਇਰੈਕਟਰ ਨੇ ਫਿਲਮ ਵਿੱਚ ਪੰਜਾਬੀ ਕਮੇਡੀ ਦੇ ਸਾਰ ਨੂੰ ਦਰਸਾਉਣ ਲਈ ਬੋਲਚਾਲ ਦੀ ਭਾਸ਼ਾ ਪੰਜਾਬੀ ਦੀ ਵਿਆਪਕ ਵਰਤੋਂ ਕੀਤੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਡਬ ਕੀਤਾ ਗਿਆ ਹੈ।


