ਹਿਮਾਚਲ ’ਚ ਸਰਕਾਰ ’ਤੇ ਨਹੀਂ, ਸੀਐਮ ਸੁੱਖੂ ’ਤੇ ਖ਼ਤਰਾ!
ਸ਼ਿਮਲਾ, 28 ਫਰਵਰੀ : ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਪੂਰਨ ਬਹੁਮਤ ਨਾਲ ਸਰਕਾਰ ਬਣਿਆਂ ਹਾਲੇ ਮਹਿਜ਼ 14 ਮਹੀਨੇ ਹੋਏ ਨੇ ਕਿ ਕਾਂਗਰਸ ਆਪਣੀ ਸਰਕਾਰ ਗਵਾਉਣ ਦੇ ਕੰਢੇ ’ਤੇ ਆ ਖੜ੍ਹੀ ਐ। ਹਿਮਾਚਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਏ ਕਿ ਜਦੋਂ ਸੱਤਾਧਾਰੀ ਪਾਰਟੀ ਪੂਰਨ ਬਹੁਮਤ ਹੋਣ ਦੇ ਬਾਵਜੂਦ ਰਾਜ ਸਭਾ ਚੋਣ ਹਾਰ ਗਈ […]
By : Makhan Shah
ਸ਼ਿਮਲਾ, 28 ਫਰਵਰੀ : ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਪੂਰਨ ਬਹੁਮਤ ਨਾਲ ਸਰਕਾਰ ਬਣਿਆਂ ਹਾਲੇ ਮਹਿਜ਼ 14 ਮਹੀਨੇ ਹੋਏ ਨੇ ਕਿ ਕਾਂਗਰਸ ਆਪਣੀ ਸਰਕਾਰ ਗਵਾਉਣ ਦੇ ਕੰਢੇ ’ਤੇ ਆ ਖੜ੍ਹੀ ਐ। ਹਿਮਾਚਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਏ ਕਿ ਜਦੋਂ ਸੱਤਾਧਾਰੀ ਪਾਰਟੀ ਪੂਰਨ ਬਹੁਮਤ ਹੋਣ ਦੇ ਬਾਵਜੂਦ ਰਾਜ ਸਭਾ ਚੋਣ ਹਾਰ ਗਈ ਹੋਵੇ। ਸੁੱਖੂ ਤੋਂ ਨਾਰਾਜ਼ ਚੱਲ ਰਹੇ ਕੁੱਝ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿਚ ਕ੍ਰਾਸ ਵੋਟਿੰਗ ਕਰ ਦਿੱਤੀ, ਜਿਸ ਕਰਕੇ ਇਹ ਸਾਰਾ ਸੰਕਟ ਖੜ੍ਹਾ ਹੋਇਆ।
ਇਸ ਮਗਰੋਂ ਕੈਬਨਿਟ ਮੰਤਰੀ ਵਿਕਰਮਾ ਦਿੱਤਿਆ ਸਿੰਘ ਨੇ ਅਸਤੀਫ਼ਾ ਦੇ ਕੇ ਸੁੱਖੂ ਸਰਕਾਰ ਨੂੰ ਹੋਰ ਸਿੱਧੇ ਤੌਰ ’ਤੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਏ। ਹਿਮਾਚਲ ਵਿਚ ਰਾਜ ਸਭਾ ਚੋਣ ਲਈ ਕਿਉਂ ਹੋਈ ਕ੍ਰਾਸ ਵੋਟਿੰਗ? ਕੀ ਹੁਣ ਵਾਕਈ ਹਿਮਾਚਲ ਵਿਚ ਸੁੱਖੂ ਸਰਕਾਰ ਖ਼ਤਰੇ ਵਿਚ ਆਈ ਹੋਈ ਐ? ਦੇਖੋ, ਸਾਡੀ ਇਹ ਖ਼ਾਸ ਰਿਪੋਰਟ।
ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੇ ਕਰੀਬ 14 ਮਹੀਨੇ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾਈ ਸੀ ਅਤੇ ਸੁਖਵਿੰਦਰ ਸਿੰਘ ਸੁੱਖੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਪਰ ਮੌਜੂਦਾ ਸਮੇਂ ਜਿਸ ਤਰੀਕੇ ਨਾਲ ਸੱਤਾਧਾਰੀ ਹੋਣ ਦੇ ਬਾਵਜੂਦ ਕਾਂਗਰਸ ਰਾਜ ਸਭਾ ਚੋਣ ਹਾਰ ਗਈ ਐ, ਉਸ ਤੋਂ ਇੰਝ ਜਾਪਦਾ ਏ ਕਿ ਸੁੱਖੂ ਸਰਕਾਰ ’ਤੇ ਅੱਧ ਵਿਚਾਲੇ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਏ। ਦਰਅਸਲ ਕਾਂਗਰਸ ਪਾਰਟੀ ਦੇ ਅੱਧਾ ਦਰਜਨ ਤੋਂ ਜ਼ਿਆਦਾ ਵਿਧਾਇਕ ਅਤੇ ਮੰਤਰੀ ਸੁਖਵਿੰਦਰ ਸੁੱਖੂ ਦੇ ਕੰਮ ਕਰਨ ਦੇ ਤਰੀਕੇ ਅਤੇ ਮਿਸ ਮੈਨੇਜਮੈਂਟ ਤੋਂ ਨਾਰਾਜ਼ ਚੱਲ ਰਹੇ ਨੇ, ਜਿਸ ਦੇ ਨਤੀਜੇ ਵਜੋਂ ਇਹ ਸਭ ਕੁੱਝ ਹੋਇਆ।
ਹਿਮਾਚਲ ਪ੍ਰਦੇਸ਼ ਵਿਚ ਰਾਜ ਸਭਾ ਦੀ ਇਕ ਸੀਟ ਦੇ ਲਈ ਦੋ ਉਮੀਦਵਾਰ ਸਨ, ਜਿਸ ਕਰਕੇ ਇੱਥੇ ਚੋਣ ਕਰਵਾਉਣੀ ਪਈ। ਕਾਂਗਰਸ ਦੇ ਅਭਿਸ਼ੇਕ ਮਨੂੰ ਸਿੰਘਵੀ ਨੂੰ ਉਮੀਦਵਾਰ ਬਣਾਇਆ ਤਾਂ ਭਾਜਪਾ ਨੇ ਹਰਸ਼ ਮਹਾਜਨ ਨੂੰ ਟਿਕਟ ਦੇ ਦਿੱਤਾ। ਨਾਮਜ਼ਦਗੀ ਦੇ ਨਾਲ ਹੀ ਰਾਜ ਵਿਚ ਕ੍ਰਾਸ ਵੋਟਿੰਗ ਦਾ ਸ਼ੱਕ ਜ਼ਾਹਿਰ ਕੀਤਾ ਜਾਣ ਲੱਗਿਆ ਸੀ ਜੋ ਵੋਟਿੰਗ ਤੋਂ ਬਾਅਦ ਸੱਚ ਸਾਬਤ ਹੋਇਆ।
ਸੱਤਾਧਾਰੀ ਕਾਂਗਰਸ ਦੇ ਘੱਟੋ ਘੱਟ ਛੇ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ, ਜਿਸ ਤੋਂ ਬਾਅਦ ਦੋਵੇਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ। ਫਿਰ ਪਰਚੀ ਜ਼ਰੀਏ ਫ਼ੈਸਲਾ ਕੀਤਾ ਗਿਆ ਤਾਂ ਪਰਚੀ ਵਿਚ ਹਰਸ਼ ਮਹਾਜਨ ਦਾ ਨਾਮ ਨਿਕਲ ਆਇਆ ਅਤੇ ਉਹ ਜਿੱਤ ਗਏ। ਇਸ ਤੋਂ ਇਲਾਵਾ ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਭਾਜਪਾ ਦੇ ਪੱਖ ਵਿਚ ਵੋਟਿੰਗ ਕੀਤੀ ਸੀ।
ਇਸ ਮਗਰੋਂ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ। ਇੱਥੇ ਹੀ ਬਸ ਨਹੀਂ, ਜੈਰਾਮ ਠਾਕੁਰ ਆਪਣੇ ਕਈ ਸਾਥੀਆਂ ਸਮੇਤ ਸੂਬੇ ਦੇ ਰਾਜਪਾਲ ਨੂੰ ਵੀ ਜਾ ਕੇ ਮਿਲੇ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਜੈਰਾਮ ਠਾਕੁਰ ਨੇ ਆਖਿਆ ਕਿ ਕਾਂਗਰਸ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਐ ਕਿਉਂਕਿ ਉਸ ਦੇ ਆਪਣੇ ਹੀ ਵਿਧਾਇਕ ਉਸ ਤੋਂ ਭਰੋਸਾ ਖੋ ਚੁੱਕੇ ਨੇ।
ਦਰਅਸਲ ਹਿਮਾਚਲ ਪ੍ਰਦੇਸ਼ ਦੀਆਂ ਕੁੱਲ 68 ਸੀਟਾਂ ਵਿਚੋਂ ਕਾਂਗਰਸ ਦੇ ਕੋਲ 40 ਵਿਧਾਇਕ ਨੇ, ਜਦਕਿ 25 ਵਿਧਾਇਕ ਭਾਜਪਾ ਕੋਲ ਨੇ। ਇਸ ਤੋਂ ਇਲਾਵਾ ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਨੂੰ ਸਮਰਥਨ ਦਿੱਤਾ ਹੋਇਆ ਏ। ਰਾਜ ਸਭਾ ਵਿਚ ਉਮੀਦਵਾਰ ਦੀ ਜਿੱਤ ਲਈ 35 ਵੋਟਾਂ ਦੀ ਲੋੜ ਸੀ। ਗਿਣਤੀ ਦੇ ਹਿਸਾਬ ਨਾਲ ਕਾਂਗਰਸ ਨੂੰ ਇਹ ਲੜਾਈ ਬਹੁਤ ਆਸਾਨ ਦਿਸ ਰਹੀ ਸੀ ਪਰ ਇਸ ਦੇ ਬਾਵਜੂਦ ਭਾਜਪਾ ਨੇ ਇੱਥੇ ਪਾਸਾ ਪਲਟ ਕੇ ਰੱਖ ਦਿੱਤਾ।
ਹੁਣ ਕ੍ਰਾਸ ਵੋਟਿੰਗ ਦੇ ਦਾਅਵੇ ਨੂੰ ਲੈ ਕੇ ਰਾਜ ਵਿਚ ਸਿਆਸੀ ਉਥਲ ਪੁਥਲ ਸ਼ੁਰੂ ਹੋ ਚੁੱਕੀ ਐ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਦੇ ਖ਼ਤਰੇ ਵਿਚ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਕੀ ਸਰਕਾਰ ਦੇ ਵਿਰੁੱਧ ਬੇਭਰੋਸਗੀ ਮਤਾ ਲਿਆਵੇਗੀ ਜਾਂ ਨਹੀਂ। ਇਸੇ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਅਸਤੀਫ਼ੇ ਦੀ ਖ਼ਬਰ ਵੀ ਫੈਲ ਗਈ, ਜਿਸ ’ਤੇ ਬੋਲਦਿਆਂ ਸੀਐਮ ਸੁਖਵਿੰਦਰ ਸੁੱਖੂ ਨੇ ਆਖਿਆ ਕਿ ਉਹ ਅੱਧ ਵਿਚਾਲੇ ਭੱਜਣ ਵਾਲਿਆਂ ਵਿਚੋਂ ਨਹੀਂ, ਕਾਂਗਰਸ ਦੀ ਸਰਕਾਰ ਪੂਰੇ ਪੰਜ ਸਾਲ ਚੱਲੇਗੀ, ਵਿਰੋਧੀ ਚਾਹੇ ਜਿਹੜੀਆਂ ਮਰਜ਼ੀ ਚਾਲਾਂ ਚੱਲ ਲੈਣ।
ਹਿਮਾਚਲ ਪ੍ਰਦੇਸ਼ ਵਿਚ 68 ਵਿਧਾਨ ਸਭਾ ਸੀਟਾਂ ਨੇ, ਜਿੱਥੇ ਬਹੁਮਤ ਲਈ 35 ਵਿਧਾਇਕਾਂ ਦੀ ਲੋੜ ਐ। ਕਾਂਗਰਸ ਦੇ 40 ਵਿਧਾਇਕ ਹਨ, ਜਦਕਿ ਭਾਜਪਾ ਦੇ 25 ਵਿਧਾਇਕ ਹਨ। ਇਸ ਦੇ ਨਾਲ ਹੀ ਤਿੰਨ ਹੋਰ ਆਜ਼ਾਦ ਵਿਧਾਇਕ ਵੀ ਸੁੱਖੂ ਦੇ ਨਾਲ ਨੇ। ਇਸ ਤਰ੍ਹਾਂ ਕੁੱਲ ਮਿਲਾ ਕੇ ਕਾਂਗਰਸ ਦੇ 43 ਤੇ ਭਾਜਪਾ ਦੇ 25 ਵਿਧਾਇਕ ਨੇ। ਹੁਣ ਕਾਂਗਰਸ ਦੇ ਛੇ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਐ।
ਜੇਕਰ ਵਿਧਾਨ ਸਭਾ ’ਚ ਬਹੁਮਤ ਸਾਬਤ ਕਰਨ ਦੀ ਗੱਲ ਆਉਂਦੀ ਐ ਤਾਂ ਕਾਂਗਰਸ ਕੋਲ ਸਿਰਫ 34 ਵਿਧਾਇਕ ਰਹਿ ਜਾਣਗੇ। ਜੇਕਰ ਵਿਕਰਮਾਦਿੱਤਿਆ ਨੂੰ ਵੀ ਬਾਗੀਆਂ ਵਿਚ ਜੋੜ ਦਈਏ ਤਾਂ ਇਹ ਗਿਣਤੀ 33 ਰਹਿ ਜਾਵੇਗੀ ਜੋ ਬਹੁਮਤ ਦੇ ਅੰਕੜੇ ਤੋਂ ਦੋ ਨੰਬਰ ਘੱਟ ਐ। ਅਜਿਹੇ ’ਚ ਭਾਜਪਾ ਦਾ ਦਾਅ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਦੇ ਨਾਲ ਹੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਇੰਨੀ ਛੇਤੀ ਬਾਜ਼ੀ ਹੱਥੋਂ ਨਹੀਂ ਜਾਣ ਦੇ ਸਕਦੀ, ਉਸ ਦੇ ਕੋਲ ਵੀ ਬ੍ਰਹਮ ਅਸਤਰ ਮੌਜੂਦ ਐ। ਮੌਜੂਦਾ ਸਮੇਂ ਸਾਰੇ ਬਾਗੀ ਵਿਧਾਇਕ ਪਾਰਟੀ ਖਿਲਾਫ ਨਹੀਂ ਸਗੋਂ ਮੁੱਖ ਮੰਤਰੀ ਸੁੱਖੂ ਖਿਲਾਫ ਬਗਾਵਤ ਕਰ ਰਹੇ ਨੇ। ਅਜਿਹੀ ਸਥਿਤੀ ਵਿਚ ਜੇਕਰ ਕਾਂਗਰਸ ਹਾਈਕਮਾਂਡ ਸੁੱਖੂ ਦੀ ਥਾਂ ਪ੍ਰਤਿਭਾ ਸਿੰਘ ਜਾਂ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਕਮਾਂਡ ਸੌਂਪਦੀ ਐ ਤਾਂ ਯਕੀਨਨ ਤੌਰ ’ਤੇ ਇਸ ਬਗ਼ਾਵਤ ਨੂੰ ਠੱਲ੍ਹ ਪੈ ਸਕਦੀ ਐ ਅਤੇ ਭਾਜਪਾ ਦਾ ਸੁਪਨਾ ਵੀ ਚਕਨਾਚੂਰ ਹੋ ਸਕਦਾ ਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ