ਕੰਜ਼ਰਵੇਟਿਵ ਪਾਰਟੀ ਵੱਲੋਂ ਸ਼ਾਂਤਮਈ ਤਰੀਕੇ ਨਾਲ ‘ਖਾਲਿਸਤਾਨ’ ਮੰਗਣ ਦੀ ਹਮਾਇਤ
ਵੈਨਕੂਵਰ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਖਾਲਿਸਤਾਨ ਹਮਾਇਤੀਆਂ ਨੂੰ ਖੁੱਲ੍ਹ ਦੇਣ ਦੇ ਦੋਸ਼ ਲਗਦੇ ਆਏ ਹਨ ਪਰ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਵੀ ਸਾਫ਼ ਸ਼ਬਦਾਂ ਵਿਚ ਆਖ ਦਿਤਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਪੂਰੀ ਤਰ੍ਹਾਂ ਜਾਇਜ਼ ਹੈ। ਸਰੀ ਵਿਖੇ ਪੰਜਾਬੀ ਪ੍ਰੈਸ […]
By : Editor (BS)
ਵੈਨਕੂਵਰ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਖਾਲਿਸਤਾਨ ਹਮਾਇਤੀਆਂ ਨੂੰ ਖੁੱਲ੍ਹ ਦੇਣ ਦੇ ਦੋਸ਼ ਲਗਦੇ ਆਏ ਹਨ ਪਰ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਵੀ ਸਾਫ਼ ਸ਼ਬਦਾਂ ਵਿਚ ਆਖ ਦਿਤਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਪੂਰੀ ਤਰ੍ਹਾਂ ਜਾਇਜ਼ ਹੈ।
ਸਰੀ ਵਿਖੇ ਪੰਜਾਬੀ ਪ੍ਰੈਸ ਕਲੱਬ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਕਜੁਟ ਭਾਰਤ ਵਿਚ ਯਕੀਨ ਕਰਦੇ ਹਨ ਜਿਵੇਂ ਕਿ ਇਕਜੁਟ ਕੈਨੇਡਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਪਰ ਨਾਲ ਇਹ ਵੀ ਮੰਨਣਾ ਹੈ ਕਿ ਲੋਕਾਂ ਨੂੰ ਆਪਣੀ ਅਸਹਿਮਤੀ ਜ਼ਾਹਰ ਕਰਨ ਦਾ ਪੂਰਾ ਹੱਕ ਹੈ। ਪੰਜਾਬੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਤੁਸੀਂ ਖਾਲਿਸਤਾਨ ਵਿਚ ਯਕੀਨ ਕਰਦੇ ਹੋ ਤਾਂ ਤੁਹਾਨੂੰ ਕਿਊਬੈਕ ਦੇ ਵੱਖਵਾਦੀਆਂ ਵਾਂਗ ਆਪਣੇ ਵਿਚਾਰ ਪ੍ਰਗਟਾਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ।
ਕੈਨੇਡਾ ਵਿਚ ਕਿਊਬੈਕ ਦੇ ਵੱਖਵਾਦੀਆਂ ਨੂੰ ਹਾਊਸ ਆਫ ਕਾਮਨਜ਼ ਵਿਚ ਸੀਟਾਂ ਜਿੱਤਣ ਦੀ ਇਜਾਜ਼ਤ ਵੀ ਦਿਤੀ ਗਈ ਹੈ। ਪਿਅਰੇ ਪੌਇਲੀਐਵ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਕੈਨੇਡਾ ਇਸ ਧਰਤੀ ਦਾ ਸਭ ਤੋਂ ਆਜ਼ਾਦ ਮੁਲਕ ਹੋਵੇ ਜਿਥੇ ਤੁਸੀਂ ਆਪਣੀ ਰਾਏ ਖੁੱਲ੍ਹ ਕੇ ਜ਼ਾਹਰ ਕਰ ਸਕੋ ਅਤੇ ਭਾਵੇਂ ਇਸ ਰਾਏ ਨਾਲ ਮੈਂ ਸਹਿਮਤ ਨਾ ਵੀ ਹੋਵਾਂ ਪਰ ਇਹ ਰਾਏ ਜਾਂ ਵਿਚਾਰ ਸ਼ਾਂਤਮਈ ਤਰੀਕੇ ਨਾਲ ਪ੍ਰਗਟਾਏ ਜਾਣ।
ਇਸ ਲਈ ਮੇਰੀ ਇਹੀ ਸੋਚ ਹੈ, ਹਰ ਇਕ ਵਾਸਤੇ ਆਜ਼ਾਦੀ।’’ ਟੋਰੀ ਆਗੂ ਦਾ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤ ਦੌਰੇ ਤੋਂ ਪਰਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਖਾਲਿਸਤਾਨ ਦੇ ਮਸਲੇ ’ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਵੀ ਇਹੀ ਗੱਲ ਆਖੀ ਕਿ ਕੈਨੇਡਾ ਵਿਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ’ਤੇ ਪਾਬੰਦੀ ਨਹੀਂ ਲਾਈ ਜਾ ਸਕਦੀ।