ਜਥੇਦਾਰ ਕਾਉਂਕੇ ਕੇਸ : ਦੇਖੋ ਕੀ ਮੰਨੇ ਕਾਂਗਰਸੀ?
ਚੰਡੀਗੜ੍ਹ, 12 ਜਨਵਰੀ (ਸ਼ਾਹ) : ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਮਾਮਲਾ ਇਸ ਸਮੇਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ, ਜਿਸ ਨੇ ਪੰਜਾਬ ਦੀਆਂ ਦੋ ਸਿਆਸੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਕਿਉਂਕਿ ਜਿਸ ਸਮੇਂ ਇਹ ਖ਼ੂਨੀ ਕਾਂਡ ਹੋਇਆ, ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਫਿਰ ਜਦੋਂ […]
By : Makhan Shah
ਚੰਡੀਗੜ੍ਹ, 12 ਜਨਵਰੀ (ਸ਼ਾਹ) : ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਮਾਮਲਾ ਇਸ ਸਮੇਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ, ਜਿਸ ਨੇ ਪੰਜਾਬ ਦੀਆਂ ਦੋ ਸਿਆਸੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਕਿਉਂਕਿ ਜਿਸ ਸਮੇਂ ਇਹ ਖ਼ੂਨੀ ਕਾਂਡ ਹੋਇਆ, ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਫਿਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਤਾਂ ਉਸ ਸਮੇਂ ਵੀ ਇਸ ਕੇਸ ਦੀ ਫਾਈਲ ਤੋਂ ਮਿੱਟੀ ਝਾੜਨ ਦੀ ਖੇਚਲ ਨਹੀਂ ਕੀਤੀ ਗਈ, ਜਿਸ ਕਰਕੇ ਪੰਜਾਬ ਦੇ ਵੱਡੀ ਗਿਣਤੀ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ।
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘੇਰੇ ਵਿਚ ਆਈ ਹੋਈ ਐ, ਉਥੇ ਹੀ ਇਸ ਮਾਮਲੇ ’ਤੇ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਬੁਰੀ ਤਰ੍ਹਾਂ ਘਿਰਦਾ ਦਿਖਾਈ ਦੇ ਰਿਹਾ ਏ। ਭਾਵੇਂ ਕਿ ਕਈ ਅਕਾਲੀ ਆਗੂਆਂ ਵੱਲੋਂ ਇਸ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਰਨ ਦੀ ਬਜਾਏ ਜ਼ਿਆਦਾ ਜ਼ੋਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਕ ਸਾਫ਼ ਦਰਸਾਉਣ ’ਤੇ ਲਗਾਇਆ ਹੋਇਆ ਏ ਜਦਕਿ ਕੁੱਝ ਕਾਂਗਰਸੀ ਆਗੂਆਂ ਵੱਲੋਂ ਇਸ ਖ਼ੂਨੀ ਕਾਂਡ ਲਈ ਉਸ ਸਮੇਂ ਬੇਅੰਤ ਸਰਕਾਰ ਨੂੰ ਦੋਸ਼ੀ ਦੱਸਣ ਵਿਚ ਕੋਈ ਹਿਚਕਚਾਹਟ ਨਹੀਂ ਹੋਈ, ਜਿਵੇਂ ਪਹਿਲਾਂ ਹੁੰਦੀ ਰਹੀ ਐ।
ਨਵਜੋਤ ਸਿੰਘ ਸਿੱਧੂ ਦੀ ਹੀ ਗੱਲ ਕਰ ਲਓ, ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਥੇਦਾਰ ਕਾਉਂਕੇ ਦੇ ਮਾਮਲੇ ਵਿਚ ਉਨ੍ਹਾਂ ਦਾ ਕੀ ਕਹਿਣਾ ਏ ਤਾਂ ਉਨ੍ਹਾਂ ਨੇ ਜਿੱਥੇ ਅਕਾਲੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ, ਉਥੇ ਹੀ ਉਨ੍ਹਾਂ ਤਤਕਾਲੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਇਹ ਵੀ ਆਖ ਦਿੱਤਾ ਕਿ ਜਥੇਦਾਰ ਕਾਉਂਕੇ ਦੀ ਮੌਤ ਲਈ ਇਕੱਲੀ ਪੁਲਿਸ ਜ਼ਿੰਮੇਵਾਰ ਨਹੀਂ ਬਲਕਿ ਪੁਲਿਸ ਨੂੰ ਹੁਕਮ ਸੁਣਾਉਣ ਵਾਲੇ ਵੀ ਬਰਾਬਰ ਦੇ ਜ਼ਿੰਮੇਵਾਰ ਨੇ।
ਹੁਣ ਤੱਕ ਬੇਅੰਤ ਸਰਕਾਰ ਵੇਲੇ ਦੇ ਜ਼ਿਆਦਾਤਰ ਅਜਿਹੇ ਮਾਮਲਿਆਂ ਵਿਚ ਕਾਂਗਰਸ ਪਾਰਟੀ ਦੇ ਆਗੂ ‘ਆਪਣੀਆਂ ਕੱਛ ’ਚ, ਦੂਜਿਆਂ ਦੀਆਂ ਹੱਥ ’ਚ’ ਵਾਲੀ ਨੀਤੀ ’ਤੇ ਚਲਦੇ ਆ ਰਹੇ ਨੇ ਪਰ ਨਵਜੋਤ ਸਿੱਧੂ ਜਥੇਦਾਰ ਕਾਉਂਕੇ ਦੇ ਮਾਮਲੇ ਵਿਚ ਤਤਕਾਲੀ ਬੇਅੰਤ ਸਰਕਾਰ ’ਤੇ ਨਿਸ਼ਾਨਾ ਸਾਧਣ ਤੋਂ ਪਿੱਛੇ ਨਹੀਂ ਹਟੇ। ਉਂਝ ਜ਼ਿਆਦਾਤਰ ਕਾਂਗਰਸੀ ਆਗੂ ਜਥੇਦਾਰ ਕਾਉਂਕੇ ਵਾਲੇ ਸਵਾਲ ਤੋਂ ਭੱਜਦੇ ਦਿਖਾਈ ਦਿੰਦੇ ਨੇ ਪਰ ਜਦੋਂ ਚਲਦੀ ਇੰਟਰਵਿਊ ਵਿਚ ਕੋਈ ਅੜਿੱਕੇ ਚੜ੍ਹ ਜਾਵੇ ਤਾਂ ਜਵਾਬ ਦੇਣਾ ਹੀ ਪੈਂਦਾ ਏ।
ਅਜਿਹਾ ਹੀ ਕੁੱਝ ਸਾਬਕਾ ਸਾਬਕਾ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਹੋਇਆ। ਪੱਤਰਕਾਰ ਨੇ ਇੰਟਰਵਿਊ ਦੇ ਆਖ਼ਰ ਵਿਚ ਲਖਵੀਰ ਲੱਖਾ ਨੂੰ ਜਦੋਂ ਜਥੇਦਾਰ ਕਾਉਂਕੇ ਦੀ ਮੌਤ ਨੂੰ ਲੈ ਕੇ ਸਵਾਲ ਕੀਤਾ ਤਾਂ ਲਖਵੀਰ ਲੱਖਾ ਨੇ ਪਹਿਲਾਂ ਆਖਿਆ ਕਿ ਅਜਿਹੇ ਸੈਂਸਟਿਵ ਮਸਲਿਆਂ ਨੂੰ ਜਾਣਬੁੱਝ ਕੇ ਉਛਾਲਿਆ ਜਾਂਦਾ ਏ ਪਰ ਨਾਲ ਹੀ ਉਨ੍ਹਾਂ ਇਹ ਵੀ ਆਖ ਦਿੱਤਾ ਕਿ ਉਸ ਸਮੇਂ ਜੇ ਕਿਸੇ ਨਾਲ ਗ਼ਲਤ ਹੋਇਆ ਜਾਂ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ, ਉਨ੍ਹਾਂ ਦਾ ਪੱਖ ਵੀ ਸੁਣਨਾ ਚਾਹੀਦਾ ਏ।
ਸਾਬਕਾ ਸੀਐਮ ਬੇਅੰਤ ਸਿੰਘ ਪਰਿਵਾਰ ਦੇ ਕਰੀਬੀ ਸਾਬਕਾ ਕਾਂਗਰਸੀ ਵਿਧਾਇਕ ਲਖਵੀਰ ਲੱਖਾ ਨੇ ਆਪਣੇ ਬਿਆਨ ਵਿਚ ਇਹ ਗੱਲ ਤਾਂ ਮੰਨੀ ਐ ਕਿ ਬੇਅੰਤ ਸਰਕਾਰ ਵੇਲੇ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ ਸੀ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਐ ਕਿ ਬੇਅੰਤ ਸਰਕਾਰ ਤੋਂ ਬਾਅਦ ਵਾਲੀਆਂ ਕਾਂਗਰਸ ਸਰਕਾਰਾਂ ਨੇ ਇਨ੍ਹਾਂ ਬੇਗੁਨਾਹ ਲੋਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਕਿਉਂ ਨਹੀਂ ਦਿੱਤਾ?
ਖ਼ੈਰ,,,, ਕਾਂਗਰਸ ਸਰਕਾਰ ਨੇ ਤਾਂ ਕੀ ਇਨਸਾਫ਼ ਦੇਣਾ ਸੀ, ਬਲਕਿ ਪੰਥ ਦੀ ਸਰਕਾਰ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੇਲੇ ਵੀ ਜਥੇਦਾਰ ਕਾਉਂਕੇ ਦੀ ਫ਼ਾਈਲ ਤੋਂ ਕਿਸੇ ਨੇ ਮਿੱਟੀ ਝਾੜਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ 31 ਸਾਲਾਂ ਤੱਕ ਇਹ ਫਾਈਲ ਧੂੜ ਫੱਕਦੀ ਰਹੀ। ਹੁਣ ਜਦੋਂ 31 ਸਾਲ ਮਗਰੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਵਾਲੀ ਰਿਪੋਰਟ ਜਨਤਕ ਹੋਈ ਐ ਤਾਂ ਹੁਣ ਵੀ ਇਨਸਾਫ਼ ਦੀ ਗੱਲ ਕਰਨ ਦੀ ਥਾਂ ਅਕਾਲੀ ਆਗੂਆਂ ਨੇ ਤਤਕਾਲੀ ਬਾਦਲ ਸਰਕਾਰ ਨੂੰ ਕਲੀਨ ਚਿੱਟ ਦੇਣ ’ਤੇ ਜ਼ੋਰ ਲਗਾਇਆ ਹੋਇਆ ਏ।
ਅਕਾਲੀ ਆਗੂ ਬੰਟੀ ਰੋਮਾਣਾ ਤਸਵੀਰਾਂ ਦਿਖਾ ਦਿਖਾ ਕੇ ਇਹ ਆਖ ਰਹੇ ਨੇ ਕਿ ਬਾਦਲ ਸਾਬ੍ਹ ਨੇ ਤਾਂ ਜਥੇਦਾਰ ਕਾਉਂਕੇ ਨੂੰ ਇਨਸਾਫ਼ ਦਿਵਾਉਣ ਲਈ ਉਸ ਸਮੇਂ ਧਰਨਾ ਲਗਾਇਆ ਹੋਇਆ ਸੀ ਅਤੇ ਪੁਲਿਸ ਨੂੰ ਫ਼ੋਨ ਕਰਕੇ ਜਥੇਦਾਰ ਸਾਬ੍ਹ ਨੂੰ ਘਰ ਦਾ ਖਾਣਾ ਦੇਣ ਲਈ ਵੀ ਬਾਦਲ ਸਾਬ੍ਹ ਨੇ ਐਸਐਸਪੀ ਸਵਰਨ ਸਿੰਘ ਘੋਟਣੇ ਨੂੰ ਫ਼ੋਨ ਕੀਤਾ ਸੀ। ਬੰਟੀ ਰੋਮਾਣਾ ਦੀ ਇਹ ਗੱਲ ਬੇਸ਼ੱਕ ਬਿਲਕੁਲ ਸੱਚ ਐ ਪਰ ਇਹ ਉਦੋਂ ਕੀਤਾ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਬਲਕਿ ਕਾਂਗਰਸ ਦੀ ਸਰਕਾਰ ਸੀ ਪਰ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਤਾਂ ਬਾਦਲ ਸਾਬ੍ਹ ਦਾ ਵਾਅਦੇ ਅਤੇ ਦਾਅਵੇ ਵੀ ਰੁੱਤਾਂ ਦੀ ਤਰ੍ਹਾਂ ਬਦਲ ਗਏ।
ਇੱਥੇ ਹੀ ਬਸ ਨਹੀਂ, ਅਕਾਲੀ ਆਗੂਆਂ ਨੇ ਇਸ ਰਿਪੋਰਟ ਦੀ ਟਾਈਮਿੰਗ ਤੱਕ ’ਤੇ ਸਵਾਲ ਖੜ੍ਹੇ ਕਰ ਦਿੱਤੇ। ਜੇਕਰ ਅਕਾਲੀ ਦਲ ਸੱਚੇ ਦਿਲੋਂ ਇਹ ਚਾਹੁੰਦਾ ਏ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਵਿਚ ਇਨਸਾਫ਼ ਹੋਵੇ ਅਤੇ ਉਸ ਦਾ ਸਾਰਾ ਸੱਚ ਕੌਮ ਦੇ ਸਾਹਮਣੇ ਆਵੇ ਤਾਂ ਫਿਰ 31 ਸਾਲ ਮਗਰੋਂ ਆਈ ਰਿਪੋਰਟ ’ਤੇ ਵੀ ਅਕਾਲੀ ਦਲ ਦਾ ਇਹ ਕਹਿਣਾ ਵਾਜ਼ਿਬ ਨਹੀਂ ਜਾਪਦਾ ਕਿ ਇਹ ਰਿਪੋਰਟ ਹੁਣੇ ਕਿਉਂ ਜਾਰੀ ਕੀਤੀ ਗਈ? ਕੀ ਅਕਾਲੀ ਦਲ ਇਹ ਚਾਹੁੰਦਾ ਏ ਕਿ ਇਸ ਰਿਪੋਰਟ ਦੇ ਸੱਚ ਨੂੰ ਹੋਰ 31 ਸਾਲਾਂ ਤੱਕ ਦਬਾ ਕੇ ਰੱਖਿਆ ਜਾਵੇ?
ਭਾਵੇਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਸਿੱਖ ਕੌਮ ਨਾਲ ਜੁੜਿਆ ਬਹੁਤ ਹੀ ਗੰਭੀਰ ਮਾਮਲਾ ਏ ਪਰ ਕੁੱਝ ਲੋਕਾਂ ਦਾ ਕਹਿਣਾ ਏ ਕਿ ਬਾਦਲਾਂ ਵੱਲ ਨੂੰ ਸੂਈ ਘੁੰਮਦੀ ਦੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮਾਮਲਾ ਉਸ ਤਰੀਕੇ ਨਾਲ ਨਹੀਂ ਉਠਾਇਆ ਜਾ ਰਿਹਾ, ਜਿਸ ਤਰੀਕੇ ਉਠਾਇਆ ਜਾਣਾ ਚਾਹੀਦਾ ਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ