ਪੰਜਾਬ ਵਿਚ ਕਾਂਗਰਸ ਤੇ ਆਪ ਵਲੋਂ ਅਲੱਗ-ਅਲੱਗ ਚੋਣ ਲੜਨ ਦੀ ਤਿਆਰੀ
ਚੰਡੀਗੜ੍ਹ, 23 ਜਨਵਰੀ, ਨਿਰਮਲ : ਪੰਜਾਬ ਵਿੱਚ ਇੰਡੀਆ ਗਠਜੋੜ ਦਾ ਰਾਹ ਬਹੁਤ ਔਖਾ ਹੈ। ਕੌਮੀ ਸਿਆਸਤ ਵਿੱਚ ਜਿੱਥੇ ‘ਆਪ’ ਅਤੇ ਕਾਂਗਰਸ ਇੱਕਠੇ ਹੋ ਗਏ ਹਨ, ਉੱਥੇ ਪੰਜਾਬ ਵਿੱਚ ਅਜਿਹਾ ਹੋਣ ਦੀ ਸੰਭਾਵਨਾ ਘੱਟ ਜਾਪਦੀ ਹੈ। ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵਿਚਾਲੇ ਪੰਜ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਹਿਮਤੀ […]
By : Editor Editor
ਚੰਡੀਗੜ੍ਹ, 23 ਜਨਵਰੀ, ਨਿਰਮਲ : ਪੰਜਾਬ ਵਿੱਚ ਇੰਡੀਆ ਗਠਜੋੜ ਦਾ ਰਾਹ ਬਹੁਤ ਔਖਾ ਹੈ। ਕੌਮੀ ਸਿਆਸਤ ਵਿੱਚ ਜਿੱਥੇ ‘ਆਪ’ ਅਤੇ ਕਾਂਗਰਸ ਇੱਕਠੇ ਹੋ ਗਏ ਹਨ, ਉੱਥੇ ਪੰਜਾਬ ਵਿੱਚ ਅਜਿਹਾ ਹੋਣ ਦੀ ਸੰਭਾਵਨਾ ਘੱਟ ਜਾਪਦੀ ਹੈ। ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵਿਚਾਲੇ ਪੰਜ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ।
ਇੰਡੀਆ ਅਲਾਇੰਸ ਦੇ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਰਾਸ਼ਟਰੀ ਪੱਧਰ ’ਤੇ ਇਕੱਠੇ ਚੋਣ ਲੜਨ ਲਈ ਸਹਿਮਤ ਹੋ ਗਏ ਹਨ। ਇਸ ਦੇ ਤਹਿਤ ਦਿੱਲੀ ਅਤੇ ਗੁਜਰਾਤ ’ਚ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ’ਤੇ ਵੀ ਸਹਿਮਤ ਹੋ ਗਈਆਂ ਹਨ।
ਇਸ ਦੇ ਨਾਲ ਹੀ ਪੰਜਾਬ ’ਚ ਜਿੱਥੇ ‘ਆਪ’ ਦੀ ਵੱਡੀ ਬਹੁਮਤ ਨਾਲ ਸਰਕਾਰ ਹੈ, ਉਥੇ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਨ ਲਈ ਦੋਵਾਂ ਪਾਰਟੀਆਂ ਵਿਚਾਲੇ ਕੋਈ ਸਹਿਮਤੀ ਨਹੀਂ ਹੈ। ਇਸ ਮੁੱਦੇ ’ਤੇ ਦੋਵਾਂ ਧਿਰਾਂ ਦੀਆਂ ਹਾਈਕਮਾਂਡਾਂ ਵਿਚਾਲੇ ਹੁਣ ਤੱਕ ਪੰਜ ਦੌਰ ਦੀ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ।
ਭਾਵੇਂ ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਪੰਜਾਬ ਵਿਚ ਆਪਸੀ ਸਮਝੌਤੇ ’ਤੇ ਪਹੁੰਚਣ ਦੀ ਉਮੀਦ ਬਰਕਰਾਰ ਹੈ, ਇਸ ਦੇ ਨਾਲ ਹੀ ਕਾਂਗਰਸ ਅਤੇ ‘ਆਪ’ ਨੇ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਕੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਕਾਂਗਰਸ ਅਤੇ ‘ਆਪ’ ਹਾਈਕਮਾਂਡ ਦਰਮਿਆਨ ਪਿਛਲੇ ਹਫ਼ਤੇ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਬਾਰੇ ਕੋਈ ਫੈਸਲਾ ਨਾ ਹੋਣ ਮਗਰੋਂ ਦੋਵਾਂ ਪਾਰਟੀਆਂ ਨੇ ਸੂਬਾ ਇਕਾਈਆਂ ਨੂੰ ਆਪਣੇ ਪੱਧਰ ’ਤੇ ਤਿਆਰੀਆਂ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ। ਇਸ ਸੰਦਰਭ ਵਿੱਚ ਪੰਜਾਬ ਕਾਂਗਰਸ ਨੇ ਪਹਿਲਕਦਮੀ ਕਰਦਿਆਂ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿੱਚ ਵਾਰ ਰੂਮ ਅਤੇ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਸੂਬੇ ਭਰ ਵਿੱਚ ਬੂਥ ਪੱਧਰ ਤੱਕ ਦੇ ਆਗੂਆਂ ਨਾਲ ਸਿੱਧਾ ਤਾਲਮੇਲ ਕਰਕੇ ਡਵੀਜ਼ਨ ਪੱਧਰੀ ਚੋਣ ਰਣਨੀਤੀ ਤਿਆਰ ਕਰੇਗੀ।
ਇਸ ਤੋਂ ਪਹਿਲਾਂ ਸੂਬਾ ਕਾਂਗਰਸ ਨੇ 13 ਹਲਕਿਆਂ ਵਿੱਚ ਲੋਕ ਸਭਾ ਕੋਆਰਡੀਨੇਟਰ ਤਾਇਨਾਤ ਕੀਤੇ ਸਨ, ਜਿਨ੍ਹਾਂ ਨੂੰ ਲੋਕ ਸਭਾ ਹਲਕਾ ਪੱਧਰ ’ਤੇ ਸਥਾਨਕ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਕਾਂਗਰਸ ਦੇ ਨਵੇਂ ਬਣੇ ਵਾਰ ਰੂਮ ਵਿੱਚ ਪਾਰਟੀ ਨੇ ਸੇਵਾਮੁਕਤ ਆਈਐਫਐਸ ਅਧਿਕਾਰੀ ਐਚਐਸ ਕਿੰਗਰਾ, ਰਾਜਵੰਤ ਰਾਏ ਸ਼ਰਮਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਨ ਸਲੈਚ, ਕੁਲਜੀਤ ਸਿੰਘ ਬੇਦੀ ਅਤੇ ਜੰਗਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਹੈ। ਵਾਰ ਰੂਮ ਦੇ ਡਿਜ਼ੀਟਲੀਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਡਾਟਾ ਇੰਟੈਲੀਜੈਂਸ ਯੂਨਿਟ, ਪੋਲੀਟੀਕਲ ਇੰਟੈਲੀਜੈਂਸ ਯੂਨਿਟ, ਗਰਾਊਂਡ ਕੈਂਪੇਨ ਟੀਮ, ਫੀਲਡ ਮੈਨੇਜਮੈਂਟ ਟੀਮ, ਸੋਸ਼ਲ ਮੀਡੀਆ ਮੈਨੇਜਮੈਂਟ ਟੀਮਾਂ ਦਾ ਗਠਨ ਕੀਤਾ ਜਾਵੇਗਾ।
ਦੂਜੇ ਪਾਸੇ ਪੰਜਾਬ ‘ਆਪ’ ਨੇ ਵੀ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਜੇ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਦਾ ਬਿਆਨ ਅਜਿਹੇ ਸਮੇਂ ਦਿੱਤਾ ਸੀ, ਜਦੋਂ ਪੰਜਾਬ ਨੂੰ ਲੈ ਕੇ ਦਿੱਲੀ ’ਚ ਕਾਂਗਰਸ ਅਤੇ ‘ਆਪ’ ਹਾਈਕਮਾਂਡ ਵਿਚਕਾਰ ਸਹਿਮਤੀ ਨਹੀਂ ਬਣ ਸਕੀ ਸੀ।
ਪੰਜਾਬ ‘ਆਪ’ ਦੇ ਸੂਤਰਾਂ ਅਨੁਸਾਰ ਜ਼ਿਲ੍ਹਿਆਂ ਤੋਂ ਮਿਲੇ ਫੀਡਬੈਕ ਵਿੱਚ ‘ਆਪ’ ਆਗੂ ਤੇ ਵਰਕਰ ਆਪਣੇ ਪੱਧਰ ’ਤੇ ਚੋਣ ਲੜਨ ਦੇ ਇੱਛੁਕ ਹਨ। ਇਸ ਸਬੰਧੀ ਸਥਾਨਕ ਆਗੂਆਂ ਨੇ ਵੀ ਸੂਬਾ ਇਕਾਈ ਨੂੰ ਕਾਂਗਰਸ ਨਾਲ ਮਿਲ ਕੇ ਚੋਣ ਨਾ ਲੜਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਜਿਨ੍ਹਾਂ ਦਾ 21 ਜਨਵਰੀ ਨੂੰ ਪੰਜਾਬ ਦਾ ਦੌਰਾ ਹੋਣਾ ਸੀ, ਨੇ ਚੰਡੀਗੜ੍ਹ ਮੇਅਰ ਚੋਣਾਂ ‘ਚ ਹੰਗਾਮੇ ਦੇ ਮੱਦੇਨਜ਼ਰ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੇਅਰ ਚੋਣਾਂ ਤੋਂ ਬਾਅਦ ਉਹ ਚੰਡੀਗੜ੍ਹ ’ਚ ਪੰਜਾਬ ‘ਆਪ’ ਆਗੂਆਂ ਨਾਲ ਲੋਕ ਸਭਾ ਚੋਣਾਂ ਬਾਰੇ ਚਰਚਾ ਕਰਨਗੇ।
ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ 23 ਤੋਂ 25 ਜਨਵਰੀ ਤੱਕ ਤਿੰਨ ਰੋਜ਼ਾ ਸੰਸਦੀ ਪੱਧਰ ਦੇ ਵਰਕਰਾਂ ਦੀ ਮੀਟਿੰਗ ਬੁਲਾਈ ਹੈ। ਇਸ ਤਹਿਤ ਪਟਿਆਲਾ ਲੋਕ ਸਭਾ ਸੀਟ ’ਤੇ 23 ਜਨਵਰੀ ਨੂੰ ਸਵੇਰੇ 11 ਵਜੇ ਕਮਿਊਨਿਟੀ ਹਾਲ, ਪਟਿਆਲਾ ਵਿਖੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 1 ਵਜੇ ਕਮਿਊਨਿਟੀ ਹਾਲ ਦੇ ਬਾਹਰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾਸ ਸ਼ਰਮਾ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤੋਂ ਬਾਅਦ ਸੰਗਰੂਰ ਦੇ ਪਟਿਆਲਾ ਰੋਡ ’ਤੇ ਸਥਿਤ ਜੇ.ਜੀ ਰਿਜ਼ੋਰਟ ਵਿਖੇ ਸੰਗਰੂਰ ਲੋਕ ਸਭਾ ਸੀਟ ਸਬੰਧੀ ਬੁਲਾਈ ਗਈ ਮੀਟਿੰਗ ’ਚ ਵਿਚਾਰ ਚਰਚਾ ਕੀਤੀ ਜਾਵੇਗੀ ।