‘ਰਾਕੇਟ ਸ਼ੈਲ’ ਨੂੰ ਖਿਡੌਣਾ ਸਮਝ ਘਰ ਲੈ ਗਏ ਬੱਚੇ, ਹੋਇਆ ਵੱਡਾ ਧਮਾਕਾ
ਇਸਲਾਮਾਬਾਦ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਸਿੰਧੂ ਸੂਬੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਕੁਝ ਬੱਚੇ ਇੱਕ ਰਾਕੇਟ ਲਾਂਚਰ ਦੇ ਸ਼ੈਲ ਨੂੰ ਖਿਡੌਣਾ ਸਮਝ ਬੈਠੇ ਤੇ ਆਪਣੇ ਘਰ ਲੈ ਗਏ। ਇਸ ਦੌਰਾਨ ਘਰ ਵਿੱਚ ਇਹ ਰਾਕੇਟ ਲਾਂਚਰ ਦਾ ਸ਼ੈਲ ਫਟਣ ਕਾਰਨ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇੱਕੋ ਪਰਿਵਾਰ ਦੇ 4 […]
By : Hamdard Tv Admin
ਇਸਲਾਮਾਬਾਦ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਸਿੰਧੂ ਸੂਬੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਕੁਝ ਬੱਚੇ ਇੱਕ ਰਾਕੇਟ ਲਾਂਚਰ ਦੇ ਸ਼ੈਲ ਨੂੰ ਖਿਡੌਣਾ ਸਮਝ ਬੈਠੇ ਤੇ ਆਪਣੇ ਘਰ ਲੈ ਗਏ। ਇਸ ਦੌਰਾਨ ਘਰ ਵਿੱਚ ਇਹ ਰਾਕੇਟ ਲਾਂਚਰ ਦਾ ਸ਼ੈਲ ਫਟਣ ਕਾਰਨ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇੱਕੋ ਪਰਿਵਾਰ ਦੇ 4 ਬੱਚਿਆਂ ਸਣੇ 8 ਲੋਕਾਂ ਦੀ ਮੌਤ ਹੋ ਗਈ।
ਸਿੰਧ ’ਚ ਇਹ ਘਟਨਾ ਕਾਸ਼ਮੋਰ ਜ਼ਿਲ੍ਹੇ ਦੀ ਕੰਧਕੋਟ ਤਹਿਸੀਲ ਦੇ ਜਾਂਗੀ ਸੁਬਜਵਾਈ ਗੋਥ ਪਿੰਡ ਵਿੱਚ ਵਾਪਰੀ ਹੈ। ਕਾਸ਼ਮੋਰ ਦੇ ਐਸਐਸਪੀ ਰੋਹਿਲ ਖੋਸਾ ਨੇ ਮੀਡੀਆ ਨੂੰ ਦੱਸਿਆ ਕਿ ਪਿੰਡ ਦੇ ਖੇਡ ਮੈਦਾਨ ਵਿੱਚ ਕੁਝ ਬੱਚੇ ਖੇਡ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਇੱਕ ਰਾਕੇਟ ਲਾਂਚਰ ਦਾ ਸ਼ੈਲ ਮਿਲ ਗਿਆ। ਉਹ ਉਸ ਨੂੰ ਖਿਡੌਣਾ ਸਮਝ ਬੈਠੇ ਤੇ ਆਪਣੇ ਨਾਲ ਘਰ ਲੈ ਗਏ। ਉੱਥੇ ਜਾ ਕੇ ਉਹ ਉਸ ਨੂੰ ਖੇਡਣ ਲੱਗ ਪਏ। ਇਸੇ ਦੌਰਾਨ ਰਾਕੇਟ ਲਾਂਚਰ ਦਾ ਇਹ ਸ਼ੈਲ ਫਟ ਗਿਆ। ਇਸ ਕਾਰਨ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇੱਕ ਪਰਿਵਾਰ ਦੇ 4 ਬੱਚਿਆਂ ਸਣੇ 8 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਪਿੰਡ ’ਚ ਖੇਡ ਦੇ ਮੈਦਾਨ ਵਿੱਚ ਇਹ ਰਾਕੇਟ ਲਾਂਚਰ ਕਿਵੇਂ ਪਹੁੰਚ ਗਿਆ?
ਉੱਧਰ ਸਿੰਧ ਸੂਬੇ ਦੇ ਮੁੱਖ ਮੰਤਰੀ ਮਕਬੂਲ ਬਕਰ ਨੇ ਸੂਬੇ ਦੇ ਆਈਜੀ ਕੋਲੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਇਹ ਦੱਸਿਆ ਜਾਵੇ ਕਿ ਜਾਂਗੀ ਸੁਬਜਵਾਈ ਗੋਥ ਪਿੰਡ ਵਿੱਚ ਇਹ ਰਾਕੇਟ ਲਾਂਚਰ ਕਿਵੇਂ ਪਹੁੰਚ ਗਿਆ। ਨਾਲ ਹੀ ਕਿਹਾ ਕਿ ਕੀ ਗੋਥ ਪਿੰਡ ਵਿੱਚ ਅਪਰਾਧਕ ਅਨਸਰਾਂ ਦਾ ਸਮਰਥਨ ਕਰਨ ਵਾਲੇ ਲੋਕ ਵੀ ਮੌਜੂਦ ਹਨ।
ਮ੍ਰਿਤਕਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਆਈਜੀ ਨੂੰ ਘਟਨਾ ਦੀ ਵਿਸਥਾਰਪੂਰਵਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਵਿੱਚ ਧਮਾਕੇ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਜਿਨ੍ਹਾਂ ਵਿੱਚ ਧਮਾਕਾ ਹੋਣ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਦੀ ਅਜਾਈਂ ਜਾਨ ਚਲੀ ਗਈ। ਭਰੇ ਬਾਜ਼ਾਰ ਜਾਂ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤੇ ਜਾਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ।
ਸਮੇਂ-ਸਮੇਂ ’ਤੇ ਪਾਕਿਸਤਾਨ ’ਤੇ ਇਹ ਦੋਸ਼ ਲੱਗਦੇ ਰਹੇ ਨੇ ਕਿ ਇਹ ਅੱਤਵਾਦੀਆਂ ਜਾਂ ਹੋਰ ਅਪਰਾਧਕ ਕਿਸਮ ਦੇ ਲੋਕਾਂ ਦੀ ਪਨਾਹਗਾਹ ਬਣਦਾ ਹੈ। ਇੱਥੋਂ ਪਲੇ ਹੋਏ ਬਹੁਤ ਸਾਰੇ ਅਪਰਾਧਕ ਲੋਕ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਸਣੇ ਵੱਖ-ਵੱਖ ਥਾਵਾਂ ’ਤੇ ਹਮਲੇ ਨੂੰ ਅੰਜਾਮ ਦੇ ਚੁੱਕੇ ਹਨ। ਇਸ ਲਈ ਪਾਕਿਸਤਾਨ ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦਿੰਦੇ ਹੋਏ ਅਪਰਾਧਕ ਕਿਸਮ ਦੇ ਲੋਕਾਂ ਨੂੰ ਨੱਥ ਪਾਉਣ ਲਈ ਵੱਡੇ ਕਦਮ ਚੁੱਕਣੇ ਚਾਹੀਦੇ ਹਨ।