ਸੀ.ਬੀ.ਐਸ.ਏ. ਮੁਲਾਜ਼ਮਾਂ ਦੀ ਸੰਭਾਵਤ ਹੜਤਾਲ ਤੋਂ ਅਮਰੀਕਾ 'ਚ ਅਲਰਟ ਜਾਰੀ
ਨਿਊਯਾਰਕ, ਪਰਦੀਪ ਸਿੰਘ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਸੰਭਾਵਤ ਹੜਤਾਲ ਨੂੰ ਵੇਖਦਿਆਂ ਅਮਰੀਕਾ ਦੇ ਸਰਹੱਦੀ ਰਾਜਾਂ ਵਿਚ ਐਲਰਟ ਜਾਰੀ ਕਰ ਦਿਤਾ ਗਿਆ ਹੈ। ਦੋਹਾਂ ਮੁਲਕਾਂ ਵਿਚਾਲੇ ਜ਼ਮੀਨੀ ਰਸਤੇ ਅਰਬਾਂ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਸਰਹੱਦੀ ਲਾਂਘਿਆਂ 'ਤੇ ਆਵਾਜਾਈ ਠੱਪ ਹੋਣ ਦੀ ਸੂਰਤ ਵਿਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਮਿਨੇਸੋਟਾ ਦੇ […]
By : Editor Editor
ਨਿਊਯਾਰਕ, ਪਰਦੀਪ ਸਿੰਘ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਸੰਭਾਵਤ ਹੜਤਾਲ ਨੂੰ ਵੇਖਦਿਆਂ ਅਮਰੀਕਾ ਦੇ ਸਰਹੱਦੀ ਰਾਜਾਂ ਵਿਚ ਐਲਰਟ ਜਾਰੀ ਕਰ ਦਿਤਾ ਗਿਆ ਹੈ। ਦੋਹਾਂ ਮੁਲਕਾਂ ਵਿਚਾਲੇ ਜ਼ਮੀਨੀ ਰਸਤੇ ਅਰਬਾਂ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਸਰਹੱਦੀ ਲਾਂਘਿਆਂ 'ਤੇ ਆਵਾਜਾਈ ਠੱਪ ਹੋਣ ਦੀ ਸੂਰਤ ਵਿਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਮਿਨੇਸੋਟਾ ਦੇ ਐਗਰੀਕਲਚਰ ਕਮਿਸ਼ਨਰ ਟੌਮ ਪੀਟਰਸਨ ਨੇ ਦੱਸਿਆ ਕਿ ਉਹ ਕੈਨੇਡੀਅਨ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ ।ਪੀਟਰਸਨ ਮੁਤਾਬਕ ਹੜਤਾਲ ਦੇ 70 ਫੀ ਸਦੀ ਆਸਾਰ ਮੰਨੇ ਜਾ ਰਹੇ ਹਨ ਪਰ ਦੋਹਾਂ ਮੁਲਕਾਂ ਵਿਚ ਕੋਈ ਨਹੀਂ ਚਾਹੁੰਦਾ ਕਿ ਸਰਹੱਦੀ ਲਾਂਘਿਆਂ 'ਤੇ ਦਿੱਕਤਾਂ ਪੈਦਾ ਹੋਣ । ਪਿਛਲੇ ਸਾਲ ਇਕੱਲੇ ਮਿਨੇਸੋਟਾ ਸੂਬੇ ਰਾਹੀਂ 7 ਅਰਬ ਡਾਲਰ ਦੀਆਂ ਵਸਤਾਂ ਕੈਨੇਡਾ ਭੇਜੀਆਂ ਗਈਆਂ । ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਖੇਤੀ ਨਾਲ ਸਬੰਧਤ ਵਸਤਾਂ ਰਹੀਆਂ ।
ਪੀਟਰਸਨ ਨੇ ਦੱਸਿਆ ਕਿ ਪਸ਼ੂਆਂ ਅਤੇ ਪੋਲਟਰੀ ਵਾਸਤੇ ਫੀਡ ਕੈਨੇਡਾ ਜਾਂਦੀ ਹੈ ਜਦਕਿ ਮੱਕੀ ਅਤੇ ਵੱਖ ਵੱਖ ਕਿਸਮ ਦੀਆਂ ਫਲੀਆਂ ਵੀ ਭੇਜੀਆਂ ਜਾਂਦੀਆਂ ਹਨ। ਉਧਰ ਕੈਨੇਡਾ ਸਰਕਾਰ ਨੇ ਕਿਹਾ ਕਿ ਸੀ.ਬੀ.ਐਸ.ਏ. ਦੇ ਮੁਲਾਜ਼ਮਾਂ ਨਾਲ ਵਾਜਬ ਸਮਝੌਤਾ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ। ਮੁਲਾਜ਼ਮਾਂ ਨੂੰ ਹੜਤਾਲ ਕਰਨ ਦਾ ਹੱਕ ਹੈ ਪਰ ਇਸ ਵਾਰ ਇਹ ਗੈਰਜ਼ਰੂਰੀ ਮੰਨੀ ਜਾ ਸਕਦੀ ਹੈ। ਫਿਰ ਵੀ ਗੱਲਬਾਤ ਦਾ ਦੌਰ ਕਿਸੇ ਵੀ ਵੇਲੇ ਸ਼ੁਰੂ ਹੋ ਸਕਦਾ ਹੈ । ਦੂਜੇ ਪਾਸੇ ਕਸਟਮਜ਼ ਅਤੇ ਇੰਮੀਗ੍ਰੇਸ਼ਨ ਯੂਨੀਅਨ ਦੇ ਪ੍ਰਧਾਨ ਮਾਰਕ ਵੈਬਰ ਨੇ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਨੂੰ ਆਪਣੇ ਕੰਮ 'ਤੇ ਮਾਣ ਹੈ। ਜਿਥੇ ਉਹ ਕੈਨੇਡੀਅਨਜ਼ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ, ਉਥੇ ਹੀ ਅਮਰੀਕਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਅਸੀਂ ਵੀ ਆਪਣਾ ਕੰਮ ਜਾਰੀ ਰੱਖਣਾ ਚਾਹੁੰਦੇ ਹਾਂ ਅਤੇ ਹੜਤਾਲ ਨਹੀਂ ਚਾਹੁੰਦੇ | ਫੈਡਰਲ ਸਰਕਾਰ ਮੰਗਾਂ ਮੰਨ ਲੈਂਦੀ ਹੈ ਤਾਂ ਕੋਈ ਸਮੱਸਿਆ ਪੈਦਾ ਨਹੀਂ ਹੋਵੇਗਾ ਪਰ ਹੜਤਾਲ ਹੋਣ 'ਤੇ ਸਰਹੱਦੀ ਲਾਂਘੇ ਪਾਰ ਕਰਨ ਵਿਚ 10 ਘੰਟੇ ਤੋਂ ਵੱਧ ਸਮਾਂ ਲੱਗ ਸਕਦਾ ਹੈ ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸੀ.ਬੀ.ਐਸ.ਏ. ਦੇ ਮੁਲਾਜ਼ਮ ਨਾ ਸਿਰਫ ਪੈਨਸ਼ਨ ਦੇ ਹੱਕਦਾਰ ਹਨ ਬਲਕਿ ਕੰਮ ਲਈ ਬਿਹਤਰ ਹਾਲਾਤ ਅਤੇ ਬਣਦਾ ਸਤਿਕਾਰ ਵੀ ਮਿਲਣਾ ਚਾਹੀਦਾ ਹੈ । ਦੱਸ ਦੇਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਵੱਲੋਂ 2021 ਵਿਚ ਕੀਤੀ ਹੜਤਾਲ ਦੌਰਾਨ ਸਰਹੱਦ ਲਾਂਘਿਆਂ ਅਤੇ ਹਵਾਈ ਅੱਡਿਆਂ 'ਤੇ ਕੰਮ ਕਈ ਕਈ ਘੰਟੇ ਪੱਛੜ ਗਿਆ । ਦੋਹਾਂ ਮੁਲਕਾਂ ਦਰਮਿਆਨ ਸਭ ਤੋਂ ਵੱਧ ਵਪਾਰ ਉਨਟਾਰੀਓ ਨਾਲ ਲਗਦੇ ਅਮਰੀਕਾ ਦੇ ਮਿਸ਼ੀਗਨ, ਮਿਨੇਸੋਟਾ ਅਤੇ ਨਿਊ ਯਾਰਕ ਰਾਜਾਂ ਰਾਹੀਂ ਹੁੰਦਾ ਹੈ ।ਅਮਰੀਕਾ ਦੇ ਡੈਟਰਾਇਟ ਅਤੇ ਕੈਨੇਡਾ ਦੇ ਵਿੰਡਸਰ ਸ਼ਹਿਰ ਨੂੰ ਜੋੜਨ ਵਾਲੇ ਅੰਬੈਸਡਰ ਬਿ੍ਜ ਤੋਂ ਸਭ ਤੋਂ ਵੱਧ ਮੁਸਾਫਰ ਗੱਡੀਆਂ ਅਤੇ ਟਰੱਕ ਲੰਘਦੇ ਹਨ ।