ਕੈਨੇਡਾ ਦੇ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫ਼ਾ
ਔਟਵਾ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਦੇ ਸਪੀਕਰ ਐਂਥਨੀ ਰੋਟਾ ਨੇ ਅਸਤੀਫ਼ਾ ਦੇ ਦਿੱਤਾ। ਰੋਟਾ ਨੂੰ ਸਾਬਕਾ ਨਾਜ਼ੀ ਫ਼ੌਜੀ ਦਾ ਸਨਮਾਨ ਕਰਨਾ ਮਹਿੰਗਾ ਪੈ ਗਿਆ। ਬੇਸ਼ੱਕ ਉਨ੍ਹਾਂ ਨੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੁੱਦੇ ’ਤੇ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਵੀ ਮੰਗ ਲਈ […]
By : Hamdard Tv Admin
ਔਟਵਾ, 27 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਦੇ ਸਪੀਕਰ ਐਂਥਨੀ ਰੋਟਾ ਨੇ ਅਸਤੀਫ਼ਾ ਦੇ ਦਿੱਤਾ। ਰੋਟਾ ਨੂੰ ਸਾਬਕਾ ਨਾਜ਼ੀ ਫ਼ੌਜੀ ਦਾ ਸਨਮਾਨ ਕਰਨਾ ਮਹਿੰਗਾ ਪੈ ਗਿਆ। ਬੇਸ਼ੱਕ ਉਨ੍ਹਾਂ ਨੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੁੱਦੇ ’ਤੇ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਵੀ ਮੰਗ ਲਈ ਸੀ, ਪਰ ਵਿਰੋਧੀ ਧਿਰ ਅਸਤੀਫ਼ੇ ’ਤੇ ਅੜ ਗਈ। ਇਸ ਦੇ ਚਲਦਿਆਂ ਆਖਰਕਾਰ ਸਪੀਕਰ ਨੂੰ ਆਪਣਾ ਅਹੁਦਾ ਛੱਡਣਾ ਪੈ ਗਿਆ।
ਯੂਕਰੇਨ ਦੇ ਰਾਸ਼ਟਰਪਤੀ ਦੀ ਕੈਨੇਡਾ ਫੇਰੀ ਦੌਰਾਨ ਬੀਤੇ ਦਿਨੀਂ ਸਪੀਕਰ ਐਂਥਨੀ ਰੋਟਾ ਨੇ ਦੇਸ਼ ਦੀ ਸੰਸਦ ਵਿੱਚ ਸਾਬਕਾ ਨਾਜ਼ੀ ਫ਼ੌਜੀ 98 ਸਾਲ ਦੇ ਯਾਰੋਸਲਾਵ ਹੁੰਕਾ ਨੂੰ ਸੱਦਿਆ ਸੀ ਤੇ ਉਸ ਦਾ ਸਨਮਾਨ ਵੀ ਕੀਤਾ। ਇਸ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਏ ਤੇ ਉਨ੍ਹਾਂ ਦੀ ਚੁਫੇਰਿਓਂ ਨਿੰਦਾ ਵੀ ਹੋਈ।
ਹਿਟਲਰ ਦੀ ਫ਼ੌਜ ਵੱਲੋਂ ਲੜਨ ਵਾਲੇ ਨਾਜ਼ੀ ਫ਼ੌਜੀਆਂ ਨੇ ਬਹੁਤ ਸਾਰੇ ਭੋਲ਼ੇ-ਭਾਲੇ ਲੋਕਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ। ਇਸ ਕਾਰਨ ਕਿਸੇ ਨਾਜ਼ੀ ਫ਼ੌਜੀ ਦਾ ਸੰਸਦ ਵਿੱਚ ਸਨਮਾਨ ਕਰਨ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਦੇਸ਼ਾਂ ਦੇ ਨਿਸ਼ਾਨੇ ’ਤੇ ਆ ਗਏ ਸੀ।
ਸਪੀਕਰ ਐਂਥਨੀ ਰੋਟਾ ਨੇ ਹੁੰਕਾ ਦੀ ਬਹਾਦਰੀ ਦੇ ਪੁਲ ਬੰਨ੍ਹਦੇ ਹੋਏ ਸੰਸਦ ਵਿੱਚ ਕਿਹਾ ਕਿ ਸੀ ਕਿ ਉਹ ਅਜਿਹਾ ਯੋਧਾ ਹੈ, ਜਿਸ ਨੇ ਪਹਿਲੀ ਯੂਕਰੇਨੀ ਡਵੀਜ਼ਨ ਵੱਲੋਂ ਲੜਾਈ ਲੜੀ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਸ ਡਵੀਜ਼ਨ ਨੇ ਨਾਜ਼ੀਆਂ ਦੀ ਕਮਾਨ ਵਿੱਚ ਲੜਾਈ ਲੜੀ ਸੀ। ਇਸ ਮਗਰੋਂ ਸੰਸਦ ਵਿੱਚ ਸਾਬਕਾ ਨਾਜ਼ੀ ਦੇ ਸਨਮਾਨ ਦਾ ਮੁੱਦਾ ਕਾਫ਼ੀ ਭਖ ਗਿਆ ਤੇ ਸਰਕਾਰ ਦੀ ਜਮ ਕੇ ਆਲੋਚਨਾ ਹੋਈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਸ ਮੁੱਦੇ ’ਤੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹੁੰਕਾ ਨੂੰ ਸੰਸਦ ਵਿੱਚ ਕਿਸ ਨੇ ਸੱਦਿਆ ਸੀ, ਪਰ ਬਾਅਦ ਵਿੱਚ ਸਪੀਕਰ ਐਂਥਨੀ ਰੋਟਾ ਨੇ ਇਸ ਦੀ ਜ਼ਿੰਮੇਦਾਰੀ ਆਪਣੇ ’ਤੇ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੁਣ ਆਪਣੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਹੈ। ਇਸ ਲਈ ਉਹ ਦਿਲੋਂ ਮਾਫ਼ੀ ਮੰਗਦੇ ਨੇ।
ਉੱਧਰ ਕੈਨੇਡਾ ਦੀ ਵਿਰੋਧੀ ਧਿਰ ਸਪੀਕਰ ਦੇ ਅਸਤੀਫ਼ੇ ਦੀ ਮੰਗ ’ਤੇ ਅੜ ਗਈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਿਰਫ਼ ਮਾਫ਼ੀ ਕਾਫ਼ੀ ਨਹੀਂ ਹੈ, ਸਗੋਂ ਸਪੀਕਰ ਨੂੰ ਆਪਣਾ ਅਹੁਦਾ ਹੀ ਛੱਡ ਦੇਣਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਖੁਦ ਲਿਬਰਲ ਪਾਰਟੀ ਦੇ ਕਈ ਮੈਂਬਰ ਤੇ ਕਈ ਹੋਰ ਸਮੂਹ ਵੀ ਸਪੀਕਰ ਦੇ ਅਸਤੀਫ਼ੇ ਲਈ ਦਬਾਅ ਪਾ ਰਹੇ ਸੀ। ਇਸ ਦੇ ਚਲਦਿਆਂ ਆਖਰਕਾਰ ਐਂਥਨੀ ਰੋਟਾ ਨੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੱਸ ਦੇਈਏ ਕਿ ਹੁਣ 98 ਸਾਲ ਦੇ ਹੋ ਚੁੱਕੇ ਯਾਰੋਸਲਾਵ ਹੁੰਕਾ ਨੇ ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਯੂਨਿਟ ਲਈ ਕੰਮ ਕੀਤਾ ਸੀ।
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਕਿਹਾ ਸੀ ਕਿ ਸੰਸਦ ਵਿੱਚ ਸਾਬਕਾ ਨਾਜ਼ੀ ਫ਼ੌਜੀ ਦੇ ਸਨਮਾਨ ਵਾਲੀ ਘਟਨਾ ਸਦਨ ਅਤੇ ਕੈਨੇਡਾ ਦੇ ਲੋਕਾਂ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਯਹੂਦੀਆਂ ’ਤੇ ਜ਼ੁਲਮ ਢਾਹੁਣ ਵਾਲੇ ਨਾਜ਼ੀ ਫ਼ੌਜੀ ਦਾ ਸਨਮਾਨ ਕਰਨਾ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਉਸ ਵੇਲੇ ਦਰਦ ਹੰਢਾਇਆ ਸੀ। ਇਸ ਕਾਰਨ ਉਹ ਕਦੇ ਵੀ ਨਾਜ਼ੀਆਂ ਦੇ ਜ਼ੁਲਮ ਨੂੰ ਭੁਲਾ ਨਹੀਂ ਸਕਦੀ।