ਕੈਨੇਡਾ ਦੀ ਡਰਹਮ ਪਾਰਲੀਮਾਨੀ ਸੀਟ ’ਤੇ ਜ਼ਿਮਨੀ ਚੋਣ 4 ਮਾਰਚ ਨੂੰ
ਔਟਵਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਇਕ ਪਾਰਲੀਮਾਨੀ ਸੀਟ ’ਤੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਦੋ ਹੋਰ ਸੀਟਾਂ ’ਤੇ ਵੀ ਜਲਦ ਵੋਟਾਂ ਪਵਾਏ ਜਾਣ ਦੇ ਆਸਾਰ ਹਨ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਿਨ ਓ ਟੂਲ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਖਾਲੀ ਹੋਈ ਡਰਹਮ ਸੀਟ ’ਤੇ 4 ਮਾਰਚ ਨੂੰ ਵੋਟਾਂ […]
By : Editor Editor
ਔਟਵਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਇਕ ਪਾਰਲੀਮਾਨੀ ਸੀਟ ’ਤੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਦੋ ਹੋਰ ਸੀਟਾਂ ’ਤੇ ਵੀ ਜਲਦ ਵੋਟਾਂ ਪਵਾਏ ਜਾਣ ਦੇ ਆਸਾਰ ਹਨ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਿਨ ਓ ਟੂਲ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਖਾਲੀ ਹੋਈ ਡਰਹਮ ਸੀਟ ’ਤੇ 4 ਮਾਰਚ ਨੂੰ ਵੋਟਾਂ ਪੈਣਗੀਆਂ ਜੋ ਪਿਛਲੇ ਦੋ ਦਹਾਕੇ ਤੋਂ ਟੋਰੀਆਂ ਦੇ ਕਬਜ਼ੇ ਹੇਠ ਹੈ। ਭਾਵੇਂ ਡਰਹਮ ਪਾਰਲੀਮਾਨੀ ਸੀਟ ਦੇ ਨਤੀਜੇ ਹਾਊਸ ਆਫ ਕਾਮਨਜ਼ ਸੱਤਾ ਦਾ ਤਵਾਜ਼ਨ ਵਿਗਾੜਨ ਦੀ ਤਾਕਤ ਨਹੀਂ ਰਖਦੇ ਪਰ ਉਨਟਾਰੀਓ ਦੇ 905 ਰੀਜਨ ਵਿਚ ਵੱਖ ਵੱਖ ਪਾਰਟੀਆਂ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਪਾਣੀ ਵਿਚ ਹਨ।
2 ਹੋਰ ਸੀਟਾਂ ’ਤੇ ਜਲਦ ਪਵਾਈਆਂ ਜਾਣਗੀਆਂ ਵੋਟਾਂ
ਸਾਬਕਾ ਕੈਬਨਿਟ ਮੰਤਰੀ ਬੈਵ ਓਡਾ ਨੇ 2004 ਤੋਂ 2012 ਤੱਕ ਡਰਹਮ ਸੀਟ ਦੀ ਨੁਮਾਇੰਦਗੀ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਮਗਰੋਂ ਹੋਈ ਜ਼ਿਮਨੀ ਚੋਣ ਵਿਚ ਐਰਿਨ ਓ ਟੂਲ ਜੇਤੂ ਰਹੇ। ਐਰਿਨ ਓ ਟੂਲ ਨੇ 2015, 2019 ਅਤੇ 2021 ਦੀਆਂ ਚੋਣਾਂ ਵਿਚ ਇਸ ਸੀਟ ’ਤੇ ਜਿੱਤ ਦਰਜ ਕੀਤੀ। ਕੰਜ਼ਰਵੇਟਿਵ ਪਾਰਟੀ ਵੱਲੋਂ ਜ਼ਿਮਨੀ ਚੋਣ ਲਈ ਲੇਖਕ ਅਤੇ ਟਿੱਪਣੀਕਾਰ ਜਮੀਲ ਜਿਵਾਨੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਲਿਬਰਲ ਪਾਰਟੀ ਵੱਲੋਂ ਸਥਾਨਕ ਕੌਂਸਲਰ ਰੌਬਰਟ ਰੌਕ ਨੂੰ ਟਿਕਟ ਦਿਤੀ ਗਈ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਵੱਲੋਂ ਕ੍ਰਿਸ ਬੌਰਜ਼ੀਆ ਨੂੰ ਮੁਕਾਬਲੇ ਵਿਚ ਉਤਾਰਿਆ ਗਿਆ ਹੈ। ਡਰਹਮ ਸੀਟ ਤੋਂ ਇਲਾਵਾ ਉਨਟਾਰੀਓ ਦੀ ਟੋਰਾਂਟੋ-ਸੇਂਟ ਪੌਲ ਸੀਟ ਵੀ ਖਾਲੀ ਹੈ ਜੋ ਸਾਬਕਾ ਲਿਬਰਲ ਮੰਤਰੀ ਕੈਰੋਲਿਨ ਬੈਨੇਟ ਦੇ ਅਸਤੀਫੇ ਕਾਰਨ ਖਾਲੀ ਹੋਈ।
ਕੈਨੇਡੀਅਨ ਸਿਆਸਤ ਦੀ ਤਸਵੀਰ ਪੇਸ਼ ਕਰਨਗੇ ਟੋਰਾਂਟੋ-ਸੇਂਟ ਪੌਲ ਸੀਟ ਦੇ ਨਤੀਜੇ
ਸਾਬਕਾ ਮੰਤਰੀ ਡੇਵਿਡ ਲਾਮੇਟੀ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਮੌਂਟਰੀਅਲ ਇਲਾਕੇ ਦੀ ਲਾਸਾਲ-ਇਮਾਰਡ-ਵਰਡਨ ਸੀਟ ਖਾਲੀ ਹੋ ਗਈ ਸੀ ਅਤੇ ਇਥੇ ਹੀ ਵੀ ਜਲਦ ਜ਼ਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ। ਕੈਨੇਡਾ ਦੇ ਕੌਮੀ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ ਦਾ ਹੱਥ ਉਪਰ ਦੱਸਿਆ ਜਾ ਰਿਹਾ ਹੈ ਪਰ ਉਨਟਾਰੀਓ ਅਤੇ ਕਿਊਬੈਕ ਦੇ ਮਾਮਲੇ ਵਿਚ ਹਾਲਾਤ ਟੋਰੀਆਂ ਵਾਸਤੇ ਮੁਕੰਮਲ ਤੌਰ ’ਤੇ ਸੁਖਾਵੇਂ ਨਹੀਂ। ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ਕੈਨੇਡੀਅਨ ਸਿਆਸਤ ਦੇ ਭਵਿੱਖ ਦੀ ਤਸਵੀਰ ਪੇਸ਼ ਕਰ ਸਕਦੀ ਹੈ।