ਵੈਸਟ ਜੈਟ ਦੀ ਹੜਤਾਲ ਖਤਮ, ਹੁਣ ਤੱਕ 832 ਉਡਾਣਾਂ ਰੱਦ
ਕੈਨੇਡਾ ਵਿਚ ਹਜ਼ਾਰਾਂ ਹਵਾਈ ਮੁਸਾਫਰਾਂ ਦੇ ਖੱਜਲ-ਖੁਆਰ ਹੋਣਾ ਦਾ ਕਾਰਨ ਬਣੀ ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ ਦੇਰ ਰਾਤ ਖਤਮ ਹੋ ਗਈ।
By : Upjit Singh
ਕੈਲਗਰੀ : ਕੈਨੇਡਾ ਵਿਚ ਹਜ਼ਾਰਾਂ ਹਵਾਈ ਮੁਸਾਫਰਾਂ ਦੇ ਖੱਜਲ-ਖੁਆਰ ਹੋਣਾ ਦਾ ਕਾਰਨ ਬਣੀ ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ ਦੇਰ ਰਾਤ ਖਤਮ ਹੋ ਗਈ। ਲੰਮੀ ਗੱਲਬਾਤ ਮਗਰੋਂ ਮੁਲਾਜ਼ਮ ਯੂਨੀਅਨ ਅਤੇ ਏਅਰਲਾਈਨ ਦੇ ਪ੍ਰਬੰਧਕ ਸਮਝੌਤੇ ’ਤੇ ਪੁੱਜ ਗਏ ਜਿਸ ਮੁਤਾਬਕ ਮਕੈਨਿਕਸ ਦੀ ਤਨਖਾਹ ਵਿਚ ਪੰਜ ਸਾਲ ਦੌਰਾਨ 15.5 ਫੀ ਸਦੀ ਵਾਧਾ ਹੋਵੇਗਾ ਅਤੇ ਓਵਰਟਾਈਮ ਦਾ ਮਿਹਨਤਾਨਾ ਵੀ ਵਧੇਗਾ। ਇਥੇ ਦਸਣਾ ਬਣਦਾ ਹੈ ਕਿ ਐਤਵਾਰ ਨੂੰ ਕੀਤੇ ਐਲਾਨ ਤਹਿਤ ਮਕੈਨਿਕਸ ਦੀ ਹੜਤਾਲ ਸੋਮਵਾਰ ਅਤੇ ਮੰਗਲਵਾਰ ਤੱਕ ਜਾਰੀ ਰਹਿਣ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ 832 ਉਡਾਣਾਂ ਰੱਦ ਹੋਈਆਂ ਅਤੇ ਕੈਨੇਡਾ ਦਿਹਾੜੇ ਮੌਕੇ 10 ਹਜ਼ਾਰ ਤੋਂ ਵੱਧ ਮੁਸਾਫਰਾਂ ਨੂੰ ਆਪਣੀ ਆਵਾਜਾਈ ਯੋਜਨਾ ਰੱਦ ਕਰਨੀ ਪਈ।
ਵੈਸਟ ਜੈਟ ਦੀ ਹੜਤਾਲ ਖਤਮ, ਹੁਣ ਤੱਕ 832 ਉਡਾਣਾਂ ਰੱਦ
ਸਮਝੌਤੇ ’ਤੇ ਪੁੱਜਣ ਤੋਂ ਪਹਿਲਾਂ ਮੁਲਾਜ਼ਮ ਯੂਨੀਅਨ ਅਤੇ ਏਅਰਲਾਈਨ ਦੇ ਪ੍ਰਬੰਧਕਾਂ ਵੱਲੋਂ ਮੌਜੂਦਾ ਹਾਲਾਤ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਕਿਸੇ ਵੀ ਏਅਰਲਾਈਨ ਵਿਚ ਫਲਾਈਟਸ ਦੇ ਰੋਜ਼ਾਨਾ ਸੰਚਾਲਨ ਵਾਸਤੇ ਮਕੈਨਿਕਸ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ ਜੋ ਹਵਾਈ ਜਹਾਜ਼ ਦਾ ਰੱਖ-ਰਖਾਅ ਯਕੀਨੀ ਬਣਾਉਂਦੇ ਹਨ। ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਐਤਵਾਰ ਨੂੰ 77 ਫੀ ਸਦੀ ਫਲਾਈਟਸ ਰੱਦ ਹੋਈਆਂ ਅਤੇ ਕੌਮਾਂਤਰੀ ਪੱਧਰ ’ਤੇ ਸਭ ਤੋਂ ਵੱਧ ਉਡਾਣਾਂ ਰੱਦ ਕਰਨ ਵਾਲੀ ਏਅਰਲਾਈਨ ਵੈਸਟ ਜੈਟ ਰਹੀ। ਸਮਝੌਤਾ ਹੋਣ ਤੋਂ ਪਹਿਲਾਂ ਏਅਰ ਕ੍ਰਾਫਟ ਮਕੈਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਬਰੈਟ ਈਸਟ੍ਰਿਚ ਨੇ ਕਿਹਾ ਸੀ ਕਿ ਕਿਸੇ ਠੋਸ ਨਤੀਜੇ ’ਤੇ ਪੁੱਜੇ ਬਗੈਰ ਹੜਤਾਲ ਖਤਮ ਕਰਨ ਦਾ ਐਲਾਨ ਨਹੀਂ ਕੀਤਾ ਜਾਵੇਗਾ।
ਮੁਲਾਜ਼ਮ ਯੂਨੀਅਨ ਅਤੇ ਪ੍ਰਬੰਧਕਾਂ ਵਿਚਾਲੇ ਹੋਇਆ ਸਮਝੌਤਾ
ਵੈਸਟ ਜੈਟ ਦੇ ਤਕਰੀਬਨ 680 ਮੁਲਾਜ਼ਮ ਏਅਰ ਕ੍ਰਾਫ਼ਟ ਮਕੈਨਿਕਸ ਐਸੋਸੀਏਸ਼ਨ ਦੇ ਮੈਂਬਰ ਹਨ ਜਿਨ੍ਹਾਂ ਵੱਲੋਂ ਸ਼ੁੱਕਰਵਾਰ ਦੇਰ ਰਾਤ ਹੜਤਾਲ ਆਰੰਭੀ ਗਈ। ਇਸੇ ਦੌਰਾਨ ਵੈਸਟ ਜੈਟ ਦੇ ਪ੍ਰੈਜ਼ੀਡੈਂਟ ਡਾਈਡਰਿਕ ਪੈੱਨ ਦਾ ਕਹਿਣਾ ਸੀ ਕਿ ਯੂਨੀਅਨ ਦੀਆਂ ਆਪਹੁਦਰੀਆਂ ਕਾਰਨ ਵੱਡੀ ਗਿਣਤੀ ਵਿਚ ਕੈਨੇਡਾ ਵਾਸੀਆਂ ਦੀ ਆਵਾਜਾਈ ਪ੍ਰਭਾਵਤ ਹੋਈ। ਕੈਲਗਰੀ ਸਥਿਤ ਵੈਸਟ ਜੈਟ ਦੇ ਮੁੱਖ ਦਫਤਰ ਵਿਚ ਡਾਈਡਰਿਕ ਪੈੱਨ ਅਤੇ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਫਸਰ ਅਲੈਕਸਿਸ ਵੱਲੋਂ ਵਾਰ ਵਾਰ ਹੜਤਾਲੀ ਮੁਲਾਜ਼ਮਾਂ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹੜਤਾਲ ਦਾ ਇਕੋ ਇਕ ਮਕਸਦ ਗੱਲਬਾਤ ਦੀ ਮੇਜ਼ ’ਤੇ ਵੱਧ ਤੋਂ ਵੱਧ ਦਬਾਅ ਕਾਇਮ ਕਰਨਾ ਰਿਹਾ ਜਦਕਿ ਮੰਗਾਂ ਨਾਲ ਸਬੰਧਤ ਗੱਲਬਾਤ ਦਾ ਸਿਲਸਿਲਾ ਪਹਿਲਾਂ ਹੀ ਚੱਲ ਰਿਹਾ ਸੀ। ਵੈਸਟ ਜੈਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮਕੈਨਿਕਸ ਨੂੰ ਮੁਲਕ ਵਿਚ ਬਿਹਤਰੀਨ ਉਜਰਤ ਦਰਾਂ ਮਿਲ ਰਹੀਆਂ ਹਨ ਪਰ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਪ੍ਰਮੁੱਖ ਏਅਰਲਾਈਨਜ਼ ਤੋਂ 30 ਫੀ ਸਦੀ ਘੱਟ ਮਿਹਨਤਾਨਾ ਅਦਾ ਕੀਤਾ ਜਾ ਰਿਹਾ ਹੈ। ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਮੰਗ ਅਤੇ ਵੈਸਟ ਜੈਟ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਵਿਚ ਤਕਰੀਬਨ 7 ਫੀ ਸਦੀ ਫਰਕ ਦੱਸਿਆ ਜਾ ਰਿਹਾ ਹੈ ਜਿਸ ਦੀ ਕੁਲ ਰਕਮ ਚਾਰ ਸਾਲ ਦੇ ਕੌਂਟਰੈਕਟ ਦੌਰਾਨ 80 ਲੱਖ ਡਾਲਰ ਬਣਦੀ ਹੈ। ਉਧਰ ਹਵਾਈ ਅੱਡਿਆਂ ’ਤੇ ਫਸੇ ਮੁਸਾਫਰਾਂ ਨੇ ਕੁਝ ਮੁਸਾਫਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ। ਇਕ ਬਜ਼ੁਰਗ ਨੇ ਦੱਸਿਆ ਕਿ ਉਸ ਦੀ ਪਤਨੀ ਵ੍ਹੀਲ ਚੇਅਰ ’ਤੇ ਹੈ ਅਤੇ ਬਦਲਵੇਂ ਪ੍ਰਬੰਧ ਹੋਣ ਤੋਂ ਉਸ ਸੰਭਾਲਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ।