ਬਰੈਂਪਟਨ ਵਿਖੇ ਹਿੰਦੂ ਮੰਦਰ ਦੇ ਬਾਹਰ ਨਜ਼ਰ ਆਏ ਹਥਿਆਰ
ਬਰੈਂਪਟਨ ਵਿਖੇ ਹਿੰਦੂ ਮੰਦਰ ਦੇ ਬਾਹਰ ਸੋਮਵਾਰ ਸ਼ਾਮ ਹੋਏ ਇਕੱਠ ਦੌਰਾਨ ਹਥਿਆਰ ਨਜ਼ਰ ਆਉਣ ’ਤੇ ਪੀਲ ਰੀਜਨਲ ਪੁਲਿਸ ਵੱਲੋਂ ਭੀੜ ਨੂੰ ਖਿੰਡਾ ਦਿਤਾ ਗਿਆ।
By : Upjit Singh
ਬਰੈਂਪਟਨ : ਬਰੈਂਪਟਨ ਵਿਖੇ ਹਿੰਦੂ ਮੰਦਰ ਦੇ ਬਾਹਰ ਸੋਮਵਾਰ ਸ਼ਾਮ ਹੋਏ ਇਕੱਠ ਦੌਰਾਨ ਹਥਿਆਰ ਨਜ਼ਰ ਆਉਣ ’ਤੇ ਪੀਲ ਰੀਜਨਲ ਪੁਲਿਸ ਵੱਲੋਂ ਭੀੜ ਨੂੰ ਖਿੰਡਾ ਦਿਤਾ ਗਿਆ। ਸੋਸ਼ਲ ਮੀਡੀਆ ’ਤੇ ਇਕ ਪੋਸਟ ਜਾਰੀ ਕਰਦਿਆਂ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਟਾਇਲਰ ਐਵੇਨਿਊ ਨੇੜੇ ਗੋਰ ਰੋਡ ’ਤੇ ਹੋ ਰਹੇ ਰੋਸ ਵਿਖਾਵੇ ਦੌਰਾਨ ਹਥਿਆਰਾਂ ਦੀ ਮੌਜੂਦਗੀ ਮਹਿਸੂਸ ਹੋਣ ’ਤੇ ਭੀੜ ਨੂੰ ਤੁਰਤ ਇਲਾਕਾ ਖਾਲੀ ਕਰਨ ਦੇ ਹੁਕਮ ਦੇ ਦਿਤੇ ਗਏ ਅਤੇ ਅਜਿਹਾ ਨਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਚਿਤਾਵਨੀ ਦਿਤੀ ਗਈ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਭੀੜ ਕੋਲ ਕਿਹੜੀ ਕਿਸਮ ਦੇ ਹਥਿਆਰ ਦੇਖੇ ਗਏ। ਦੱਸ ਦੇਈਏ ਕਿ ਇਹ ਰੋਸ ਵਿਖਾਵਾ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਤੋਂ ਇਕ ਦਿਨ ਬਾਅਦ ਕੀਤਾ ਗਿਆ ਜਿਸ ਬਾਰੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਤਿੰਨ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
ਪੀਲ ਰੀਜਨਲ ਪੁਲਿਸ ਨੇ ਭੀੜ ਨੂੰ ਖਿੰਡਾਇਆ
ਦੋਸ਼ ਪੱਤਰ ਮੁਤਾਬਕ ਬਰੈਂਪਟਨ ਦੇ 23 ਸਾਲਾ ਵਿਕਾਸ ਵਿਰੁੱਧ ਹਥਿਆਰ ਨਾਲ ਹਮਲਾ ਕਰਨ, ਮਿਸੀਸਾਗਾ ਦੇ 31 ਸਾਲਾ ਅੰਮ੍ਰਿਤਪਾਲ ਸਿੰਘ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦਾ ਨੁਕਸਾਨ ਕਰਨ ਅਤੇ ਮਿਸੀਸਾਗਾ ਦੇ ਹੀ 42 ਸਾਲਾ ਦਿਲਪ੍ਰੀਤ ਸਿੰਘ ਵਿਰੁੱਧ ਪੀਸ ਅਫਸਰ ’ਤੇ ਹਮਲਾ ਕਰਨ ਅਤੇ ਗੜਬੜੀ ਪੈਦਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਸੇ ਦੌਰਾਨ ਬਰੈਂਪਟਨ ਦੇ ਇਕ ਸਿੱਖ ਕਾਰੋਬਾਰੀ ਵੱਲੋਂ ਲਿਖੀ ਖੁੱਲ੍ਹੀ ਚਿੱਠੀ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ ਹਿੰਸਕ ਸਰਗਰਮੀਆਂ ਤੋਂ ਦੂਰ ਰਹਿਣ ਦਾ ਸੱਦਾ ਦਿਤਾ ਗਿਆ ਹੈ। ਕਾਰੋਬਾਰੀ ਨੇ ਲਿਖਿਆ ਕਿ ਸਿੱਖ ਅਤੇ ਹਿੰਦੂ ਭਾਈਚਾਰਾ ਇਕ-ਦੂਜੇ ਦਾ ਸਤਿਕਾਰ ਕਰਦੇ ਹਨ ਅਤੇ ਗੁਰਬਾਣੀ ਵਿਚ ਮਨੁੱਖਤਾ ਦੀ ਸਿਰਫ ਇਕ ਜਾਤ ਹੋਣ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਭਾਰਤ ਦੇ ਕੋਨੇ ਕੋਨੇ ਤੋਂ ਆ ਕੇ ਕੈਨੇਡਾ ਵਸੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਹਿੰਸਕ ਘਟਨਾਵਾਂ ਦੀ ਇਕਸੁਰ ਆਵਾਜ਼ ਵਿਚ ਨਿਖੇਧੀ ਕਰਦਿਆਂ ਅਮਨ-ਸ਼ਾਂਤੀ ਕਾਇਮ ਰੱਖਣ ਦੀ ਵਚਨਬੱਧਤਾ ਜ਼ਾਹਰ ਕੀਤੀ ਜਾਵੇ। ਮੰਦਰ ਅਤੇ ਗੁਰਦਵਾਰੇ ਸਿਰਫ ਇਮਾਰਤਾਂ ਨਹੀਂ ਸਗੋਂ ਰੂਹਾਨੀਅਤ ਦਾ ਕੇਂਦਰ ਹਨ ਜਿਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਮਾਨਸਿਕ ਤਸੱਲੀ ਮਿਲਦੀ ਹੈ। ਸਿੱਖ ਹੋਣ ਦੇ ਨਾਤੇ ਸਾਡਾ ਧਰਮ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੀਆਂ ਹਿੰਸਕ ਘਟਨਾਵਾਂ ਸਾਡੇ ਦਰਮਿਆਨ ਵੰਡੀਆਂ ਨਾ ਪਾ ਸਕਣ। ਸਿੱਖ ਧਰਮ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਅਜਿਹੀਆਂ ਘਟਨਾਵਾਂ ਦੀ ਸਾਡੇ ਭਾਈਚਾਰੇ ਵਿਚ ਕੋਈ ਥਾਂ ਨਹੀਂ। ਦੋਹਾਂ ਧਰਮਾਂ ਦੇ ਆਗੂਆਂ ਨੂੰ ਹਾਲਾਤ ਨਾਲ ਨਜਿੱਠਣ ਲਈ ਅੱਗੇ ਆਉਣਾ ਚਾਹੀਦਾ ਹੈ।