ਗੁਰਸਿਮਰਨ ਕੌਰ ਦੀ ਮੌਤ ਭੁਲਾ ਕੇ ਖੋਲਿ੍ਹਆ ਵਾਲਮਾਰਟ ਸਟੋਰ
ਕੈਨੇਡਾ ਦੇ ਵਾਲਮਾਰਟ ਸਟੋਰ ਵਿਚ ਜਿਊਂਦੇ ਜੀਅ ਸੜ ਕੇ ਸੁਆਹ ਹੋਈ ਪੰਜਾਬੀ ਮੁਟਿਆਰ ਨੂੰ ਵਿਸਾਰ ਦਿਤਾ ਗਿਆ ਹੈ ਅਤੇ ਤਰਾਸਦੀ ਤੋਂ ਤਕਰੀਬਨ ਸਾਢੇ ਤਿੰਨ ਮਹੀਨੇ ਬਾਅਦ ਸਟੋਰ ਮੁੜ ਖੁੱਲ੍ਹ ਚੁੱਕਾ ਹੈ।

ਹੈਲੀਫੈਕਸ : ਕੈਨੇਡਾ ਦੇ ਵਾਲਮਾਰਟ ਸਟੋਰ ਵਿਚ ਜਿਊਂਦੇ ਜੀਅ ਸੜ ਕੇ ਸੁਆਹ ਹੋਈ ਪੰਜਾਬੀ ਮੁਟਿਆਰ ਨੂੰ ਵਿਸਾਰ ਦਿਤਾ ਗਿਆ ਹੈ ਅਤੇ ਤਰਾਸਦੀ ਤੋਂ ਤਕਰੀਬਨ ਸਾਢੇ ਤਿੰਨ ਮਹੀਨੇ ਬਾਅਦ ਸਟੋਰ ਮੁੜ ਖੁੱਲ੍ਹ ਚੁੱਕਾ ਹੈ। 19 ਅਕਤੂਬਰ 2024 ਨੂੰ ਗੁਰਸਿਮਰਨ ਕੌਰ ਦੀ ਦਰਦਨਾਕ ਮੌਤ ਦੀ ਜ਼ਿੰਮੇਵਾਰੀ ਹੁਣ ਤੱਕ ਤੈਅ ਨਹੀਂ ਕੀਤੀ ਜਾ ਸਕੀ ਜਦਕਿ ਪੁਲਿਸ ਨੂੰ ਮਾਮਲੇ ਵਿਚ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ। ਉਧਰ ਵਾਲਮਾਰਟ ਕੈਨੇਡਾ ਦੇ ਕਾਰਪੋਰੇਟ ਮਾਮਲਿਆਂ ਦੇ ਅਫਸਰ ਨਿਕ ਰਿਚੇ ਨੇ ਦੱਸਿਆ ਕਿ ਆਪਣੇ ਗਾਹਕਾਂ ਨੂੰ ਸਟੋਰ ਵਿਚ ਵਾਪਸੀ ਕਰਦਿਆਂ ਵੇਖ ਖੁਸ਼ੀ ਮਹਿਸੂਸ ਹੋ ਰਹੀ ਹੈ। ਰਿਚੇ ਨੇ ਦਾਅਵਾ ਕੀਤਾ ਕਿ ਸਟੋਰ ਬੰਦ ਰਹਿਣ ਦੌਰਾਨ ਸਟਾਫ਼ ਦੇ ਤਕਰੀਬਨ 325 ਮੈਂਬਰਾਂ ਨੂੰ ਤਨਖਾਹ ਬਾਕਾਇਦਾ ਤੌਰ ’ਤੇ ਮਿਲਦੀ ਰਹੀ।
ਕੈਨੇਡਾ ਵਿਚ ਜਿਊਂਦੇ ਜੀਅ ਸੜ ਗਈ ਸੀ ਪੰਜਾਬਣ ਮੁੁਟਿਆਰ
ਪੁਲਿਸ ਵੱਲੋਂ ਹੈਲੀਫੈਕਸ ਸ਼ਹਿਰ ਦੇ ਸਟੋਰ ਨੂੰ ਹਰੀ ਝੰਡੀ ਦਿਤੇ ਜਾਣ ਮਗਰੋਂ ਵਾਲਮਾਰਟ ਨੇ ਕਿਹਾ ਸੀ ਕਿ ਆਦਮ ਕੱਦ ਅਵਨ ਨੂੰ ਹਟਾਇਆ ਜਾ ਰਿਹਾ ਹੈ ਜੋ ਗੁਰਸਿਮਰਨ ਕੌਰ ਦੀ ਮੌਤ ਦਾ ਕਾਰਨ ਬਣਿਆ। ਵਾਲਮਾਰਟ ਦੀ ਸਪੋਕਸਪਰਸਨ ਅਮੈਂਡਾ ਮੌਸ ਨੇ ਕਿਹਾ ਕਿ ਬੇਹੱਦ ਅਫ਼ਸੋਸਨਾਕ ਅਤੇ ਮੁਸ਼ਕਲ ਹਾਲਾਤ ਵਿਚ ਲੰਘਣਾ ਪਿਆ। ਪੂਰੇ ਕੈਨੇਡਾ ਵਿਚ ਵਾਲਮਾਰਟ ਦੇ ਸਟੋਰਾਂ ਵਿਚ ਅਵਨ ਮੌਜੂਦ ਹਨ ਪਰ ਹੈਲੀਫੈਕਸ ਵਿਚੋਂ ਇਸ ਨੂੰ ਹਟਾ ਦਿਤਾ ਗਿਆ। ਉਧਰ ਗੁਰਸਿਮਰਨ ਕੌਰ ਦੀ ਮੌਤ ਦੇ ਗੁੱਝੇ ਭੇਤ ਤੋਂ ਹੁਣ ਤੱਕ ਪਰਦਾ ਨਹੀਂ ਚੁੱਕਿਆ ਜਾ ਸਕਿਆ। ਗੁਰਸਿਮਰਨ ਕੌਰ ਦੀ ਮੌਤ ਮਗਰੋਂ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਵਿਚ ਵਾਲਮਾਰਟ ਦੇ ਮੁਲਾਜ਼ਮਾਂ ਵੱਲੋਂ ਆਦਮ ਕੱਦ ਅਵਨ ਵਿਚੋਂ ਬਾਹਰ ਆਉਣ ਲਈ ਐਮਰਜੰਸੀ ਰਾਹ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਦੇਖੀ ਜਾ ਸਕਦੀ ਹੈ।
ਹੁਣ ਤੱਕ ਤੈਅ ਨਹੀਂ ਕੀਤੀ ਜਾ ਸਕੀ ਜ਼ਿੰਮੇਵਾਰੀ
ਦਾਅਵਾ ਕੀਤਾ ਜਾ ਰਿਹਾ ਹੈ ਕਿ ਆਦਮ ਕੱਦ ਅਵਨ ਦਾ ਦਰਵਾਜ਼ਾ ਆਪਣੇ ਆਪ ਬੰਦ ਨਹੀਂ ਹੋ ਸਕਦਾ ਕਿਉਂਕਿ ਇਸ ਨੂੰ ਬਣਾਇਆ ਹੀ ਅਜਿਹਾ ਤਰੀਕੇ ਨਾਲ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਤ ਗੁਰਸਿਮਰਨ ਕੌਰ ਆਪਣੀ ਮਾਤਾ ਨਾਲ ਤਿੰਨ ਸਾਲ ਪਹਿਲਾਂ ਕੈਨੇਡਾ ਪੁੱਜੀ ਅਤੇ ਤਕਰੀਬਨ ਦੋ ਸਾਲ ਪਹਿਲਾਂ ਦੋਹਾਂ ਨੇ ਵਾਲਮਾਰਟ ਵਿਚ ਕੰਮ ਸ਼ੁਰੂ ਕੀਤਾ। ਗੁਰਸਿਮਰਨ ਕੌਰ ਦੀ ਮੌਤ ਮਗਰੋਂ ਵਾਲਮਾਰਟ ਦੇ ਬੇਕਰੀ ਏਰੀਆ ਨੂੰ ਬੰਦ ਕਰ ਦਿਤਾ ਗਿਆ ਸੀ ਪਰ ਤਰਾਸਦੀ ਤੋਂ ਕੁਝ ਦਿਨ ਬਾਅਦ ਪਾਬੰਦੀ ਹਟਾ ਦਿਤੀ ਗਈ। ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ ਵਿਕਾਸ ਅਤੇ ਇੰਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੇ ਮੱਦੇਨਜ਼ਰ ਬੇਕਰੀ ਆਪ੍ਰੇਸ਼ਨਜ਼ ’ਤੇ ਲੱਗੀ ਪਾਬੰਦੀ ਹਟਾ ਦਿਤੀ ਗਈ। ਮੈਰੀਟਾਈਮ ਸਿੱਖ ਸੋਸਾਇਟੀ ਵੱਲੋਂ ਗੁਰਸਿਮਰਨ ਕੌਰ ਦੇ ਪਿਤਾ ਨੂੰ ਕੈਨੇਡਾ ਸੱਦਣ ਲਈ ਐਮਰਜੰਸੀ ਵੀਜ਼ਾ ਵਾਸਤੇ ਮਦਦ ਦਿਤੀ ਗਈ ਜਦਕਿ ਵਾਲਮਾਰਟ ਵੱਲੋਂ ਵੀ ਪਰਵਾਰ ਦੀ ਮਦਦ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ।