ਕੈਨੇਡਾ ਦੇ ਕਈ ਹਲਕਿਆਂ ’ਚ ਮੁੜ ਹੋਵੇਗੀ ਵੋਟਾਂ ਦੀ ਗਿਣਤੀ
1993 ਤੋਂ ਬਾਅਦ ਕੈਨੇਡਾ ਵਿਚ ਪਹਿਲੀ ਵਾਰ 68.7 ਫੀ ਸਦੀ ਵੋਟਾਂ ਪਈਆਂ ਅਤੇ ਇਕ ਕਰੋੜ 95 ਲੱਖ ਤੋਂ ਵੱਧ ਲੋਕ ਪੋÇਲੰਗ ਸਟੇਸ਼ਨਾਂ ’ਤੇ ਪੁੱਜੇ।

By : Upjit Singh
ਟੋਰਾਂਟੋ : 1993 ਤੋਂ ਬਾਅਦ ਕੈਨੇਡਾ ਵਿਚ ਪਹਿਲੀ ਵਾਰ 68.7 ਫੀ ਸਦੀ ਵੋਟਾਂ ਪਈਆਂ ਅਤੇ ਇਕ ਕਰੋੜ 95 ਲੱਖ ਤੋਂ ਵੱਧ ਲੋਕ ਪੋÇਲੰਗ ਸਟੇਸ਼ਨਾਂ ’ਤੇ ਪੁੱਜੇ। 1993 ਦੀਆਂ ਫੈਡਰਲ ਚੋਣਾਂ ਦੌਰਾਨ 69.6 ਫ਼ੀ ਸਦੀ ਵੋਟਾਂ ਪਈਆਂ ਸਨ ਅਤੇ ਉਸ ਵੇਲੇ ਵੀ ਲਿਬਰਲ ਪਾਰਟੀ ਜੇਤੂ ਰਹੀ। ਦੂਜੇ ਪਾਸੇ 2 ਪਾਰਲੀਮਾਨੀ ਹਲਕੇ ਅਜਿਹੇ ਵੀ ਰਹੇ ਜਿਥੇ ਜਿੱਤ-ਹਾਰ ਦਾ ਫ਼ਰਕ 40 ਵੋਟਾਂ ਤੋਂ ਘੱਟ ਰਿਹਾ ਅਤੇ 9 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 500 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਹੋਇਆ। ਇਲੈਕਸ਼ਨਜ਼ ਕੈਨੇਡਾ ਮੁਤਾਬਕ ਲਿਬਰਲ ਪਾਰਟੀ ਨੂੰ 43.7 ਫੀ ਸਦੀ ਵੋਟਾਂ ਮਿਲੀਆਂ ਜੋ 85 ਲੱਖ 65 ਹਜ਼ਾਰ ਤੋਂ ਵੱਧ ਬਣਦੀਆਂ ਹਨ। ਕੰਜ਼ਰਵੇਟਿਵ ਪਾਰਟੀ ਨੂੰ 41.3 ਵੋਟਾਂ ਮਿਲੀਆਂ ਜੋ 80 ਲੱਖ 89 ਹਜ਼ਾਰ ਤੋਂ ਵੱਧ ਬਣਦੀਆਂ ਹਨ।
1.95 ਕਰੋੜ ਲੋਕਾਂ ਨੇ ਪਾਈ ਵੋਟ, 1993 ਮਗਰੋਂ ਸਭ ਤੋਂ ਵੱਧ ਵੋਟਿੰਗ
ਐਨ.ਡੀ.ਪੀ. 12 ਲੱਖ 37 ਹਜ਼ਾਰ ਵੋਟਾਂ ਹਾਸਲ ਕਰਨ ਵਿਚ ਸਫਲ ਰਹੀ ਜਦਕਿ ਬਲੌਕ ਕਿਊਬਕਵਾ ਨੂੰ 12 ਲੱਖ 33 ਹਜ਼ਾਰ ਵੋਟਾਂ ਮਿਲੀਆਂ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਸਭ ਤੋਂ ਵੱਧ ਵੋਟਾਂ ਪੈਣ ਦਾ ਰਿਕਾਰਡ ਮਾਰਚ 1958 ਵਿਚ ਬਣਿਆ ਜਦੋਂ 79.4 ਫੀ ਸਦੀ ਕੈਨੇਡੀਅਨਜ਼ ਨੇ ਵੋਟ ਪਾਈ। ਉਧਰ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਸੂਬੇ ਦੀ ‘ਟੈਰਾ ਨੋਵਾ-ਦਾ ਪੈਨਿਨਸੁਲਾਜ਼’ ਰਾਈਡਿੰਗ ਵਿਚ ਜਿੱਤ ਦਾ ਫੈਸਲਾ ਸਿਰਫ਼ 12 ਵੋਟਾਂ ਨਾਲ ਹੋਹਿਆ ਅਤੇ ਇਹ ਸੀਟ ਲਿਬਰਲ ਪਾਰਟੀ ਦੇ ਖਾਤੇ ਵਿਚ ਗਈ। ਮੰਨਿਆ ਜਾ ਰਿਹਾ ਹੈ ਕਿ ਜਿੱਤ-ਹਾਰ ਦਾ ਫ਼ਰਕ ਬਹੁਤ ਘੱਟ ਹੋਣ ਦੇ ਮੱਦੇਨਜ਼ਰ ਜੁਡੀਸ਼ੀਅਲ ਰੀਕਾਊਂਟ ਹੋ ਸਕਦਾ ਹੈ। ਇਸੇ ਤਰ੍ਹਾਂ ਕਿਊਬੈਕ ਵਿਚ ਲਿਬਰਲ ਪਾਰਟੀ ਦੀ ਤਾਤੀਆਨਾ ਨੇ ਬਲੌਕ ਕਿਊਬੈਕਵਾ ਦੀ ਨੈਟਲੀ ਸਿੰਕਲੇਅਰ ਨੂੰ 35 ਵੋਟਾਂ ਨਾਲ ਹਰਾਇਆ। ਇਥੇ ਵੀ ਨਿਆਂਇਕ ਨਿਗਰਾਨੀ ਹੇਠ ਵੋਟਾਂ ਦੀ ਮੁੜ ਗਿਣਤੀ ਹੋ ਸਕਦੀ ਹੈ। ਨੂਨਾਵਤ ਵਿਖੇ ਐਨ.ਡੀ.ਪੀ. ਦੀ ਲੌਰੀ ਇਡਲਾਓਟ ਨੇ ਲਿਬਰਲ ਉਮੀਦਵਾਰ ਨੂੰ 77 ਵੋਟਾਂ ਦੇ ਫ਼ਰਕ ਨਾਲ ਹਰਾਇਆ ਅਤੇ ਇਥੇ ਵੀ ਮੁੜ ਗਿਣਤੀ ਹੋ ਸਕਦੀ ਹੈ। ਇਸੇ ਤਰ੍ਹਾਂ ਵਿੰਡਸਰ-ਟਕਮਸਾਅ-ਲੇਕਸ਼ੋਰ ਹਲਕੇ ਵਿਚ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੈਥੀ ਬੌਰੈਲੀ ਨੇ ਲਿਬਰਲ ਉਮੀਦਵਾਰ ਨੂੰ 233 ਵੋਟਾਂ ਨਾਲ ਹਰਾਇਆ। ਮਿਲਟਨ ਈਸਟ ਅਤੇ ਹਾਲਟਨ ਹਿਲਜ਼ ਹਲਕੇ ਵਿਚ ਕੰਜ਼ਰਵੇਟਿਵ ਪਾਰਟੀ ਦੇ ਪਰਮ ਗਿੱਲ ਨੇ ਲਿਬਰਲ ਪਾਰਟੀ ਦੀ ਸਿਟਿੰਗ ਐਮ.ਪੀ. ਕ੍ਰਿਸਟੀਨਾ ਟੈਸਰ ਨੂੰ 298 ਵੋਟਾਂ ਦੇ ਫ਼ਰਕ ਨਾਲ ਹੋਇਆ।
2 ਹਲਕਿਆਂ ਵਿਚ ਜਿੱਤ-ਹਾਰ ਦਾ ਫ਼ਰਕ 40 ਵੋਟਾਂ ਤੋਂ ਘੱਟ
ਪਰਮ ਗਿੱਲ 2011 ਵਿਚ ਐਮ.ਪੀ. ਚੁਣੇ ਗਏ ਪਰ 2015 ਚੋਣ ਹਾਰਨ ਮਗਰੋਂ ਸੂਬਾਈ ਸਿਆਸਤ ਵਿਚ ਕਦਮ ਰੱਖਿਆ ਅਤੇ 2018 ਵਿਚ ਵਿਧਾਇਕ ਚੁਣੇ ਗਏ। 2024 ਵਿਚ ਉਨ੍ਹਾਂ ਨੇ ਮੁੜ ਫੈਡਰਲ ਸਿਆਸਤ ਵਿਚ ਕਦਮ ਰੱਖਣ ਦਾ ਇਰਾਦਾ ਕਰਦਿਆਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇਸੇ ਤਰ੍ਹਾਂ ਵੈਨਕੂਵਰ ਕਿੰਗਜ਼ਵੇਅ ਹਲਕੇ ਵਿਚ ਐਨ.ਡੀ.ਪੀ. ਦੇ ਡੌਨ ਡੇਵੀਜ਼ ਨੇ ਲਿਬਰਲ ਉਮੀਦਵਾਰ ਐਮੀ ਗਿੱਲ ਨੂੰ 310 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੀ ਅਮਨਦੀਪ ਕੌਰ ਸੋਢੀ ਨੇ ਕੰਜ਼ਰਵੇਟਿਵ ਪਾਰਟੀ ਦੇ ਤਰਨ ਚਹਿਲ ਨੂੰ 340 ਵੋਟਾਂ ਨਾਲ ਹਰਾਇਆ। ਕਿਚਨਰ ਸੈਂਟਰ ਪਾਰਲੀਮਾਨੀ ਹਲਕੇ ਤੋਂ ਗਰੀਨ ਪਾਰਟੀ ਦੇ ਸਿਟਿੰਗ ਐਮ.ਪੀ. ਮਾਈਕ ਮੌਰਿਸ, ਕੰਜ਼ਰਵੇਟਿਵ ਪਾਰਟੀ ਦੀ ਕੈਲੀ ਡਿਰਿਡਰ ਤੋਂ 358 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਦੱਸ ਦੇਈਏ ਕਿ ਜੁਡੀਸ਼ੀਅਲ ਰੀਕਾਊਂਟ ਯਾਨੀ ਵੋਟਾਂ ਦੀ ਮੁੜ ਗਿਣਤੀ ਉਨ੍ਹਾਂ ਹਾਲਾਤ ਵਿਚ ਹੁੰਦੀ ਹੈ ਜਦੋਂ ਕਿਸੇ ਰਾਈਡਿੰਗ ਵਿਚ 50 ਹਜ਼ਾਰ ਵੋਟਾਂ ਪੋਲ ਹੋਈਆਂ ਹੋਣ ਅਤੇ ਜਿੱਤ-ਹਾਰ ਦਾ ਫਰਕ 50 ਵੋਟਾਂ ਤੋਂ ਘੱਟ ਹੋਵੇ।


