Begin typing your search above and press return to search.

ਕੈਨੇਡਾ ’ਚ ਹਜ਼ਾਰਾਂ ਪੰਜਾਬੀਆਂ ਦੀ ਵੀਜ਼ਾ ਲਾਟਰੀ

ਹਜ਼ਾਰਾਂ ਪੰਜਾਬੀ ਪਰਵਾਰ ਕੈਨੇਡਾ ਦੀ ਇੰਮੀਗ੍ਰੇਸ਼ਨ ਮੰਤਰੀ ਨੂੰ ਅਸੀਸਾਂ ਦਿੰਦੇ ਨਹੀਂ ਥੱਕ ਰਹੇ ਜਿਨ੍ਹਾਂ ਦੇ ਬੱਚਿਆਂ ਨੂੰ ਐਕਸਪਾਇਰ ਵਰਕ ਪਰਮਿਟ, ਸਟੱਡੀ ਵੀਜ਼ੇ ਅਤੇ ਵਿਜ਼ਟਰ ਵੀਜ਼ੇ ਬਹਾਲ ਕਰਵਾਉਣ ਦਾ ਮੌਕਾ ਦਿਤਾ ਗਿਆ ਹੈ

ਕੈਨੇਡਾ ’ਚ ਹਜ਼ਾਰਾਂ ਪੰਜਾਬੀਆਂ ਦੀ ਵੀਜ਼ਾ ਲਾਟਰੀ
X

Upjit SinghBy : Upjit Singh

  |  4 April 2026 4:57 PM IST

  • whatsapp
  • Telegram

ਟੋਰਾਂਟੋ : ਹਜ਼ਾਰਾਂ ਪੰਜਾਬੀ ਪਰਵਾਰ ਕੈਨੇਡਾ ਦੀ ਇੰਮੀਗ੍ਰੇਸ਼ਨ ਮੰਤਰੀ ਨੂੰ ਅਸੀਸਾਂ ਦਿੰਦੇ ਨਹੀਂ ਥੱਕ ਰਹੇ ਜਿਨ੍ਹਾਂ ਦੇ ਬੱਚਿਆਂ ਨੂੰ ਐਕਸਪਾਇਰ ਵਰਕ ਪਰਮਿਟ, ਸਟੱਡੀ ਵੀਜ਼ੇ ਅਤੇ ਵਿਜ਼ਟਰ ਵੀਜ਼ੇ ਬਹਾਲ ਕਰਵਾਉਣ ਦਾ ਮੌਕਾ ਦਿਤਾ ਗਿਆ ਹੈ। ਜੀ ਹਾਂ, ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਵੱਲੋਂ ਐਲਾਨੀ ਨਵੀਂ ਯੋਜਨਾ ਤਹਿਤ ਘਰੇਲੂ ਕੁਦਰਤੀ ਆਫ਼ਤਾਂ ਤੋਂ ਸਿੱਧੇ ਤੌਰ ’ਤੇ ਪ੍ਰਭਾਵਤ ਇੰਟਰਨੈਸ਼ਨਲ ਸਟੂਡੈਂਟਸ, ਟੈਂਪਰੇਰੀ ਫ਼ੌਰਨ ਵਰਕਰਜ਼ ਅਤੇ ਵਿਜ਼ਟਰਜ਼ ਕੈਨੇਡਾ ਵਿਚ ਆਪਣੇ ਇੰਮੀਗ੍ਰੇਸ਼ਨ ਸਟੇਟਸ ਨੂੰ ਬਹਾਲ ਕਰਵਾ ਸਕਦੇ ਹਨ ਜਾਂ ਮਿਆਦ ਵਿਚ ਵਾਧਾ ਕਰਵਾਇਆ ਜਾ ਸਕਦਾ ਹੈ। ਸਿਰਫ਼ ਐਨਾ ਹੀ ਨਹੀਂ, ਵਰਕ ਪਰਮਿਟ ਜਾਂ ਸਟੱਡੀ ਪਰਮਿਟ ਐਕਸਪਾਇਰ ਹੋਣ ਦੀ ਤਰੀਕ ਤੋਂ 90 ਦਿਨ ਲੰਘਾ ਚੁੱਕੇ ਨੌਜਵਾਨਾਂ ਨੂੰ ਵੀ ਇੰਮੀਗ੍ਰੇਸ਼ਨ ਸਟੇਟਸ ਬਹਾਲ ਕਰਵਾਉਣ ਦਾ ਮੌਕਾ ਦਿਤਾ ਜਾ ਰਿਹਾ ਹੈ। ਦੂਜੇ ਪਾਸੇ ਵਿਦੇਸ਼ਾਂ ਵਿਚ ਐਮਰਜੰਸੀ ਸੇਵਾਵਾਂ ਨਾਲ ਸਬੰਧਤ ਕਾਮਿਆਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਮਦਦ ਵਾਸਤੇ ਕੈਨੇਡਾ ਆਉਣ ਲਈ ਵੀਜ਼ਾ ਫ਼ੀਸ ਅਤੇ ਬਾਇਓਮੀਟ੍ਰਿਕ ਫ਼ੀਸ ਤੋਂ ਛੋਟ ਦਿਤੀ ਗਈ ਹੈ ਤਾਂਕਿ ਉਹ ਜਲਦ ਤੋਂ ਜਲਦ ਜਹਾਜ਼ ਚੜ੍ਹ ਸਕਣ। ਲੀਨਾ ਡਿਐਬ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਕੈਨੇਡਾ ਸਰਕਾਰ ਪ੍ਰਭਾਵਤ ਕਮਿਊਨਿਟੀਜ਼ ਦੀ ਮਦਦ ਵਾਸਤੇ ਵਚਨਬੱਧ ਹੈ।

ਐਕਸਪਾਇਰ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਹੋਣਗੇ ਬਹਾਲ

ਇੰਮੀਗ੍ਰੇਸ਼ਨ ਮੰਤਰਾਲੇ ਦੇ ਨਵੇਂ ਉਪਾਅ ਐਮਰਜੰਸੀ ਕਾਮਿਆਂ ਨੂੰ ਜਲਦ ਤੋਂ ਜਲਦ ਕੈਨੇਡਾ ਆਉਣ ਵਿਚ ਮਦਦ ਕਰਨਗੇ ਅਤੇ ਵਧੇਰੇ ਜ਼ਰੂਰਤ ਵਾਲੇ ਇਲਾਕਿਆਂ ਵਿਚ ਇਨ੍ਹਾਂ ਨੂੰ ਤੈਨਾਤ ਕੀਤਾ ਜਾ ਸਕੇਗਾ। ਦੂਜੇ ਪਾਸੇ 1 ਅਪ੍ਰੈਲ ਤੋਂ ਕੈਨੇਡਾ ਵਿਚ ਅੱਠ ਇੰਮੀਗ੍ਰੇਸ਼ਨ ਤਬਦੀਲੀਆਂ ਲਾਗੂ ਹੋ ਗਈਆਂ ਜਿਨ੍ਹਾਂ ਵਿਚ ਪਾਸਪੋਰਟ ਦੀ ਵਧੀ ਹੋਈ ਫ਼ੀਸ ਸ਼ਾਮਲ ਹੈ। ਭਾਵੇਂ ਕੈਨੇਡਾ ਸਰਕਾਰ ਵੱਲੋਂ 30 ਦਿਨ ਦੇ ਅੰਦਰ ਪਾਸਪੋਰਟ ਤਿਆਰ ਕਰਨ ਦੀ ਗਾਰੰਟੀ ਦਿਤੀ ਗਈ ਹੇ ਪਰ ਨਾਲੋ-ਨਾਲ ਫ਼ੀਸ ਵਿਚ ਵੀ ਵਾਧਾ ਕੀਤਾ ਗਿਆ ਹੈ। ਹੁਣ 10 ਸਾਲ ਦੇ ਪਾਸਪੋਰਟ ਵਾਸਤੇ 163.50 ਡਾਲਰ ਫ਼ੀਸ ਜਮ੍ਹਾਂ ਕਰਵਾਉਣੀ ਹੋਵੇਗੀ ਜਦਕਿ ਪੰਜ ਸਾਲ ਦਾ ਪਾਸਪੋਰਟ 122.50 ਡਾਲਰ ਫ਼ੀਸ ਅਦਾ ਕਰਨ ’ਤੇ ਮਿਲੇਗਾ। ਇਸੇ ਤਰ੍ਹਾਂ ਸਿਟੀਜ਼ਨਸ਼ਿਪ ਫ਼ੀਸ ਵਿਚ ਵਾਧਾ ਵੀ ਲਾਗੂ ਹੋ ਗਿਆ ਹੈ ਅਤੇ ਹੁਣ ਨਾਗਰਿਕਤਾ ਅਰਜ਼ੀ ਨਾਲ ਰਾਈਟ ਟੂ ਸਿਟੀਜ਼ਨ ਫ਼ੀਸ 123 ਡਾਲਰ ਕਰ ਦਿਤੀ ਗਈ ਹੈ। ਸਿਟੀਜ਼ਨਸ਼ਿਪ ਅਰਜ਼ੀ ਦੀ ਪ੍ਰੋਸੈਸਿੰਗ ਫ਼ੀਸ 530 ਡਾਲਰ ਹੀ ਰਹੇਗੀ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸੁਪਰ ਵੀਜ਼ਾ ਲਈ ਆਮਦਨ ਵਾਲੀ ਸ਼ਰਤ ਵੀ 1 ਅਪ੍ਰੈਲ ਤੋਂ ਲਾਗੂ ਹੋ ਗਈ ਜਿਸ ਦਾ ਫ਼ਾਇਦਾ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਲੰਮੇ ਸਮੇਂ ਵਾਸਤੇ ਕੈਨੇਡਾ ਸੱਦਣ ਦੇ ਇੱਛਕ ਪਰਮਾਨੈਂਟ ਰੈਜ਼ੀਡੈਂਟਸ ਅਤੇ ਕੈਨੇਡੀਅਨ ਸਿਟੀਜ਼ਨਜ਼ ਨੂੰ ਹੋਵੇਗਾ। ਪੰਜਵੀਂ ਅਹਿਮ ਤਬਦੀਲੀ ਤਹਿਤ ਕੈਨੇਡਾ ਆਉਣ ਦੇ ਇੱਛਕ ਉਮੀਦਵਾਰਾਂ ਦਾ ਮੁਲਾਂਕਣ ਕਰਨ ਦੀ ਤਾਕਤ ਸੂਬਾ ਸਰਕਾਰਾਂ ਨੂੰ ਦਿਤੀ ਗਈ ਹੈ।

ਅਸੀਸਾਂ ਦਿੰਦੇ ਨਹੀਂ ਥੱਕ ਰਹੇ ਪੰਜਾਬ ਰਹਿੰਦੇ ਮਾਪੇ

ਮੁਲਾਂਕਣ ਦੌਰਾਨ ਇਹ ਪਤਾ ਕਰਨ ਦੇ ਯਤਨ ਕੀਤੇ ਜਾਣਗੇ ਕਿ ਕੀ ਸਬੰਧਤ ਉਮੀਦਵਾਰ ਕੈਨੇਡਾ ਵਿਚ ਆਰਥਿਕ ਤੌਰ ’ਤੇ ਸਥਾਪਤ ਹੋ ਸਕਦਾ ਹੈ ਅਤੇ ਕੀ ਸਬੰਧਤ ਉਮੀਦਵਾਰ ਨਾਮਜ਼ਦ ਸੂਬੇ ਵਿਚ ਰਹਿਣ ਦਾ ਇੱਛਕ ਹੈ। ਛੇਵੀਂ ਤਬਦੀਲੀ ਪਰਮਾਨੈਂਟ ਰੈਜ਼ੀਡੈਂਟਸ, ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਪ੍ਰਭਾਵਤ ਕਰੇਗੀ। ਹੁਣ ਇਕਨੌਮਿਕ ਇੰਮੀਗ੍ਰੈਂਟਸ ਪੀ.ਆਰ. ਮਿਲਣ ਤੋਂ ਛੇ ਸਾਲ ਤੱਕ ਫ਼ੈਡਰਲ ਸਰਕਾਰ ਦੀਆਂ ਵਸੇਬਾ ਸੇਵਾਵਾਂ ਹਾਸਲ ਕਰ ਸਕਣਗੇ ਜਦਕਿ ਪਿਛਲੇ ਸਮੇਂ ਤੱਕ ਕੋਈ ਸਮਾਂ ਹੱਦ ਤੈਅ ਨਹੀਂ ਸੀ ਕੀਤੀ ਗਈ। ਕੋਈ ਵੀ ਪ੍ਰਵਾਸੀ ਪੀ.ਆਰ. ਮਿਲਣ ਤੋਂ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਤੱਕ ਵਸੇਬਾ ਸੇਵਾਵਾਂ ਦਾ ਲਾਭ ਲੈ ਸਕਦਾ ਸੀ। ਅਪ੍ਰੈਲ 2027 ਤੋਂ ਵਸੇਬਾ ਸੇਵਾਵਾਂ ਦਾ ਲਾਭ ਲੈਣ ਦੀ ਹੱਦ ਪੰਜ ਸਾਲ ਕੀਤੀ ਜਾ ਰਹੀ ਹੈ। ਸੱਤਵੀਂ ਤਬਦੀਲੀ ਤਹਿਤ ਪੇਂਡੂ ਖੇਤਰਾਂ ਵਿਚ ਇੰਪਲੌਇਰਜ਼ ਨੂੰ 10 ਫ਼ੀ ਸਦੀ ਦੀ ਬਜਾਏ 15 ਫ਼ੀ ਸਦੀ ਟੈਂਪਰੇਰੀ ਫ਼ੌਰਨ ਵਰਕਰਜ਼ ਰੱਖਣ ਦੀ ਇਜਾਜ਼ਤ ਦਿਤੀ ਗਈ ਹੈ। ਅੱਠਵੀਂ ਤਬਦੀਲੀ ਅਧੀਨ ਸਸਕੈਚਵਨ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਦੀ ਫ਼ੀਸ ਵਿਚ ਵਾਧਾ ਕੀਤਾ ਗਿਆ ਹੈ। ਹੁਣ ਐਸ.ਆਈ.ਐਨ.ਪੀ. ਅਰਜ਼ੀ ਲਈ 500 ਡਾਲਰ ਫ਼ੀਸ ਲਾਗੂ ਹੈ ਅਤੇ ਦੂਜੀ ਸਮੀਖਿਆ ਵਾਸਤੇ 250 ਡਾਲਰ ਵੱਖਰੇ ਦੇਣੇ ਹੋਣਗੇ।

Next Story
ਤਾਜ਼ਾ ਖਬਰਾਂ
Share it