Begin typing your search above and press return to search.

ਪ੍ਰਵਾਸੀਆਂ ਨੂੰ ਭੁੱਲ ਆਂਡਿਆਂ ਦੁਆਲੇ ਹੋਏ ਅਮਰੀਕਾ ਦੇ ਅਫਸਰ

ਗੈਰਕਾਨੂੰਨੀ ਪ੍ਰਵਾਸੀਆਂ ਅਤੇ ਫੈਂਟਾਨਿਲ ਤੋਂ ਬਾਅਦ ਕੈਨੇਡਾ ਦੇ ਆਂਡਿਆਂ ਨੇ ਕੌਮਾਂਤਰੀ ਸਰਹੱਦ ’ਤੇ ਤੈਨਾਤ ਬਾਰਡਰ ਅਫਸਰਾਂ ਦੇ ਨੱਕ ਵਿਚ ਦਮ ਕਰ ਦਿਤਾ ਹੈ।

ਪ੍ਰਵਾਸੀਆਂ ਨੂੰ ਭੁੱਲ ਆਂਡਿਆਂ ਦੁਆਲੇ ਹੋਏ ਅਮਰੀਕਾ ਦੇ ਅਫਸਰ
X

Upjit SinghBy : Upjit Singh

  |  19 March 2025 5:46 PM IST

  • whatsapp
  • Telegram

ਵਿੰਡਸਰ : ਗੈਰਕਾਨੂੰਨੀ ਪ੍ਰਵਾਸੀਆਂ ਅਤੇ ਫੈਂਟਾਨਿਲ ਤੋਂ ਬਾਅਦ ਕੈਨੇਡਾ ਦੇ ਆਂਡਿਆਂ ਨੇ ਕੌਮਾਂਤਰੀ ਸਰਹੱਦ ’ਤੇ ਤੈਨਾਤ ਬਾਰਡਰ ਅਫਸਰਾਂ ਦੇ ਨੱਕ ਵਿਚ ਦਮ ਕਰ ਦਿਤਾ ਹੈ। ਅਮਰੀਕਾ ਦੇ ਉਤਰੀ ਬਾਰਡਰ ਰਾਹੀਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਅਤੇ ਫੈਂਟਾਨਿਲ ਦੀ ਤਸਕਰੀ ਵਿਚ ਵੱਡੀ ਕਮੀ ਆਈ ਹੈ ਪਰ ਆਂਡਿਆਂ ਨਾਲ ਭਰੀਆਂ ਗੱਡੀਆਂ ਦਾ ਹੜ੍ਹ ਆ ਗਿਆ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ 3,254 ਮੌਕਿਆਂ ’ਤੇ ਆਂਡੇ ਬਰਾਮਦ ਕੀਤੇ ਗਏ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ ਅੱਧਾ ਵੀ ਨਹੀਂ ਸੀ। ਅਮਰੀਕਾ ਵਿਚ ਆਂਡੇ ਬੇਹੱਦ ਮਹਿੰਗੇ ਵਿਕ ਰਹੇ ਹਨ ਪਰ ਕੈਨੇਡਾ ਵਿਚ ਇਕ ਟ੍ਰੇਅ ਦਾ ਭਾਅ ਤੀਜਾ ਹਿੱਸਾ ਹੋਣ ਕਾਰਨ ਕੁਝ ਲੋਕਾਂ ਨੂੰ ਇਸ ਕੰਮ ਮੋਟੀ ਕਮਾਈ ਨਜ਼ਰ ਆ ਰਹੀ ਹੈ।

ਕੈਨੇਡਾ ਅਤੇ ਮੈਕਸੀਕੋ ਦੇ ਰਸਤੇ ਵਧੀ ਆਂਡਿਆਂ ਦੀ ਤਸਕਰੀ

ਮਿਸਾਲ ਵਜੋਂ ਉਨਟਾਰੀਓ ਦੇ ਵਿੰਡਸਰ ਵਿਖੇ ਇਕ ਦਰਜਨ ਆਂਡਿਆਂ ਦੀ ਕੀਮਤ 3.93 ਡਾਲਰ ਚੱਲ ਰਹੀ ਹੈ ਜਦਕਿ ਬਾਰਡਰ ਪਾਰ ਮਿਸ਼ੀਗਨ ਵਿਚ ਇਕ ਦਰਜਨ ਆਂਡੇ ਸਾਢੇ ਅੱਠ ਕੈਨੇਡੀਅਨ ਡਾਲਰ ਦੇ ਮਿਲ ਰਹੇ ਹਨ। ਦੱਸ ਦੇਈਏ ਕਿ ਬਰਡ ਫਲੂ ਕਾਰਨ ਅਮਰੀਕਾ ਵਿਚ ਆਂਡਿਆਂ ਦੀਆਂ ਕੀਮਤਾਂ ਅਸਮਾਨ ਚੜ੍ਹ ਚੁੱਕੀਆਂ ਹਨ। ਡੌਨਲਡ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਸਸਤੇ ਆਂਡੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਕੀਮਤਾਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੇ ਤਾਜ਼ਾ ਬਾਜ਼ਾਰ ਸਰਵੇਖਣ ਮੁਤਾਬਕ ਆਂਡਿਆਂ ਦੀਆਂ ਹੋਲਸੇਲ ਕੀਮਤਾਂ ਵਿਚ ਭਾਵੇਂ ਕਮੀ ਨਜ਼ਰ ਆ ਰਹੀ ਹੈ ਪਰ ਸਟੋਰਾਂ ਵਿਚ ਰਿਟੇਲ ਕੀਮਤਾਂ ’ਤੇ ਇਨ੍ਹਾਂ ਦਾ ਬਹੁਤ ਅਸਰ ਨਜ਼ਰ ਨਹੀਂ ਆਇਆ। ਉਧਰ ਡੈਟਰਾਇਟ ਬਾਰਡਰ ’ਤੇ 2024 ਦੇ ਮੁਕਾਬਲੇ ਆਂਡਿਆਂ ਦੀ ਤਸਕਰੀ 36 ਫੀ ਸਦੀ ਵਧ ਗਈ ਅਤੇ ਇਹ ਮੁਕੰਮਲ ਅੰਕੜਾ ਨਹੀਂ ਕਿਉਂਕਿ ਵੱਡੀ ਗਿਣਤੀ ਵਿਚ ਗੱਡੀਆਂ ਆਂਡਿਆਂ ਸਣੇ ਅਮਰੀਕਾ ਵਿਚ ਦਾਖਲ ਹੋਣ ਵਿਚ ਕਾਮਯਾਬ ਰਹੀਆਂ।

ਫੈਂਟਾਨਿਲ ਦੀ ਤਸਕਰੀ ਵਿਚ 32 ਫ਼ੀ ਸਦੀ ਕਮੀ ਆਈ

ਸਿਰਫ਼ ਕੈਨੇਡੀਅਨ ਬਾਰਡਰ ਹੀ ਨਹੀਂ ਸਗੋਂ ਮੈਕਸੀਕੋ ਦੇ ਬਾਰਡਰ ਰਾਹੀਂ ਵੀ ਆਂਡਿਆਂ ਦੀ ਤਸਕਰੀ ਵਧ ਚੁੱਕੀ ਹੈ। ਕੈਲੇਫੋਰਨੀਆ ਦੇ ਸੈਨ ਡਿਆਗੋ ਫ਼ੀਲਡ ਦਫ਼ਤਰ ਮੁਤਾਬਕ 2024 ਦੇ ਮੁਕਾਬਲੇ ਮੈਕਸੀਕੋ ਤੋਂ ਚੋਰੀ ਛਿਪੇ ਲਿਆਂਦੇ ਜਾ ਰਹੇ ਆਂਡੇ ਜ਼ਬਤ ਕਰਨ ਦੇ ਮਾਮਲਿਆਂ ਵਿਚ 158 ਫੀ ਸਦੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਟੈਕਸਸ ਦੇ ਅਲ ਪਾਸੋ ਰਾਹੀਂ ਆਂਡਿਆਂ ਦੀ ਤਸਕਰੀ ਕਰਦੇ ਘੱਟੋ ਘੱਟ 90 ਜਣਿਆਂ ਨੂੰ ਰੋਕਿਆ ਗਿਆ। ਦੂਜੇ ਪਾਸੇ ਫੈਂਟਾਨਿਲ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਰ੍ਹੇ ਦੌਰਾਨ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਨਵਰੀ ਅਤੇ ਫਰਵਰੀ ਵਿਚ 134 ਮੌਕਿਆਂ ’ਤੇ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ। 2024 ਵਿਚ ਇਹ ਅੰਕੜਾ 197 ਦਰਜ ਕੀਤਾ ਗਿਆ ਸੀ।

Next Story
ਤਾਜ਼ਾ ਖਬਰਾਂ
Share it