ਅਮਰੀਕਾ ਨੇ ਕੈਨੇਡਾ ਹਵਾਲੇ ਕੀਤਾ ਪੰਜਾਬੀ ਨੌਜਵਾਨ
ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਯਾਰਕ ਰੀਜਨਲ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ ਜੋ ਕੈਨੇਡਾ ਦੇ ਚਰਚਿਤ ਐਲਨਾਜ਼ ਹਜਤਾਮੀਰੀ ਮਾਮਲੇ ਵਿਚ ਕਈ ਸਾਲ ਤੋਂ ਭਗੌੜਾ ਸੀ

By : Upjit Singh
ਰਿਚਮੰਡ ਹਿਲ : ਅਮਰੀਕਾ ਦੇ ਟੈਕਸਸ ਸੂਬੇ ਵਿਚ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਯਾਰਕ ਰੀਜਨਲ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ ਜੋ ਕੈਨੇਡਾ ਦੇ ਚਰਚਿਤ ਐਲਨਾਜ਼ ਹਜਤਾਮੀਰੀ ਮਾਮਲੇ ਵਿਚ ਕਈ ਸਾਲ ਤੋਂ ਭਗੌੜਾ ਸੀ। ਸੁਖਪ੍ਰੀਤ ਸਿੰਘ ਵਿਰੁੱਧ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਅਤੇ ਡੂੰਘੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹਜਤਾਮੀਰੀ ਦਾ ਕਤਲ ਕਰ ਕੇ ਲਾਸ਼ ਖੁਰਦ-ਬੁਰਦ ਕਰ ਦਿਤੀ ਗਈ ਅਤੇ ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਐਲਨਾਜ਼ ਦੇ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ ਗਏ। ਦੱਸ ਦੇਈਏ ਕਿ 20 ਦਸੰਬਰ 2021 ਨੂੰ ਐਲਨਾਜ਼ ਹਜਤਾਮੀਰੀ ਉਤੇ ਫਰਾਈਂਗ ਪੈਨ ਨਾਲ ਕਥਿਤ ਹਮਲਾ ਕਰਨ ਵਾਲੇ ਸੱਤ ਜਣਿਆਂ ਵਿਚ ਸੁਖਪ੍ਰੀਤ ਵੀ ਸ਼ਾਮਲ ਸੀ। ਇਸ ਮਾਮਲੇ ਦੇ ਇਕ ਹੋਰ ਸ਼ੱਕੀ ਹਰਸ਼ਪ੍ਰੀਤ ਸੇਖੋਂ ਵਿਰੁੱਧ ਲੱਗੇ ਦੋਸ਼ਾਂ ’ਤੇ ਪਿਛਲੇ ਸਮੇਂ ਦੌਰਾਨ ਰੋਕ ਲਾ ਦਿਤੀ ਗਈ।
ਐਲਨਾਜ਼ ਹਜਤਾਮੀਰੀ ਮਾਮਲੇ ਵਿਚ ਭਗੌੜਾ ਸੀ ਸੁਖਪ੍ਰੀਤ ਸਿੰਘ
ਤਕਰੀਬਨ ਢਾਈ ਸਾਲ ਪਹਿਲਾਂ ਉਸ ਦੀ ਗ੍ਰਿਫ਼ਤਾਰੀ ਹੋਈ ਅਤੇ ਉਦੋਂ ਤੋਂ ਉਹ ਜ਼ਮਾਨਤ ’ਤੇ ਚੱਲ ਰਿਹਾ ਹੈ। ਸਿਰਫ਼ ਐਨਾ ਹੀ ਨਹੀਂ, ਅਕਾਸ਼ ਰਾਣਾ ਵਿਰੁੱਧ ਲੱਗੇ ਦੋਸ਼ਾਂ ’ਤੇ ਵੀ ਰੋਕ ਲਾਈ ਜਾ ਚੁੱਕੀ ਹੈ ਜੋ ਸਰਕਾਰੀ ਗਵਾਹ ਬਣ ਗਿਆ ਅਤੇ ਅਦਾਲਤ ਵਿਚ ਮੁਹੰਮਦ ਲੀਲੋ ਵਿਰੁੱਧ ਗਵਾਹੀ ਦਿਤੀ। ਐਲਨਾਜ਼ ਹਜਤਾਮੀਰੀ ਉਤੇ ਹਮਲਾ ਕਰਨ ਦੇ ਮਾਮਲੇ ਵਿਚ ਰਿਆਸਤ ਸਿੰਘ ਅਤੇ ਹਰਸ਼ਦੀਪ ਬਿਨਰ ਨੇ ਕਬੂਲਨਾਮਾ ਦਾਖਲ ਕਰ ਦਿਤਾ ਸੀ। ਰਿਆਸਤ ਸਿੰਘ ਨੂੰ 2022 ਦੇ ਅੰਤ ਵਿਚ ਡਿਪੋਰਟ ਕਰ ਦਿਤਾ ਗਿਆ ਜਦਕਿ ਹਰਸ਼ਦੀਪ ਬਿਨਰ ਦੋ ਸਾਲ ਜੇਲ ਕੱਟਣ ਮਗਰੋਂ ਜੂਨ ਮਹੀਨੇ ਦੌਰਾਨ ਰਿਹਾਅ ਹੋਇਆ। ਅਦਾਲਤੀ ਕਾਰਵਾਈ ਮੁਤਾਬਕ ਹਰਸ਼ਦੀਪ ਬਿਨਰ ਅਤੇ ਰਿਆਸਤ ਸਿੰਘ ਨੇ ਐਲਨਾਜ਼ ’ਤੇ ਹਮਲਾ ਕੀਤਾ ਅਤੇ ਕਾਲੇ ਰੰਗ ਦੇ ਚੋਰੀਸ਼ੁਦਾ ਗੱਡੀ ਵਿਚ ਫਰਾਰ ਹੋ ਗਏ। ਇਹ ਗੱਡੀ ਆਕਾਸ਼ ਰਾਣਾ ਨੇ ਚੋਰੀ ਕਰ ਕੇ ਦਿਤੀ ਜਿਸ ਨੂੰ ਮਾਰਚ 2023 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਜ਼ਮਾਨਤ ਮਿਲ ਗਈ। ਯਾਰਕ ਰੀਜਨਲ ਪੁਲਿਸ ਦੇ ਸੁਝਾਅ ’ਤੇ ਆਪਣੇ ਕਿਸੇ ਦੋਸਤ ਦੇ ਘਰ ਲੁਕੀ ਐਲਨਾਜ਼ ਨੂੰ ਅਗਵਾ ਕਰਨ ਦੇ ਯਤਨ ਦੌਰਾਨ ਇਹ ਵਾਰਦਾਤ ਹੋਈ ਕਿਉਂਕਿ ਨੇੜਿਉਂ ਲੰਘ ਰਹੇ ਇਕ ਸ਼ਖਸ ਨੇ ਸ਼ੱਕੀਆਂ ਦੇ ਇਰਾਦਿਆਂ ’ਤੇ ਪਾਣੀ ਫੇਰ ਦਿਤਾ ਪਰ ਜਾਂਦੇ-ਜਾਂਦੇ ਐਲਨਾਜ਼ ਦੇ ਸਿਰ ’ਤੇ ਫਰਾਈਂਗ ਪੈਨ ਮਾਰ ਗਏ।
ਯਾਰਕ ਰੀਜਨਲ ਪੁਲਿਸ ਵੱਲੋਂ ਵੱਖ ਵੱਖ ਦੋਸ਼ ਆਇਦ
ਫਰਾਈਂਗ ਪੈਨ ਵਾਲੀ ਵਾਰਦਾਤ ਤੋਂ ਕੁਝ ਹਫ਼ਤੇ ਬਾਅਦ ਜਨਵਰੀ 2022 ਵਿਚ ਚਿੱਟੇ ਰੰਗ ਦੀ ਲੈਕਸ ਆਰ.ਐਕਸ. ਐਸ.ਯੂ.ਵੀ. ਰਾਹੀਂ ਹਜਤਾਮੀਰੀ ਨੂੰ ਅਗਵਾ ਕਰ ਕੇ ਲਿਜਾਇਆ ਗਿਆ ਅਤੇ ਅੱਜ ਪੌਣੇ ਚਾਰ ਸਾਲ ਬਾਅਦ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ 12 ਜਨਵਰੀ 2022 ਨੂੰ ਵਸਾਗਾ ਬੀਚ ਤੋਂ ਅਗਵਾ ਕੀਤੇ ਜਾਣ ਮਗਰੋਂ 37 ਸਾਲ ਦੀ ਐਲਨਾਜ਼ ਮੁੜ ਕਦੇ ਨਜ਼ਰ ਨਹੀਂ ਆਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਸ਼ੱਕੀਆਂ ਦੇ ਸਕੈਚ ਜਾਰੀ ਕਰਦਿਆਂ ਇਕ ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਕੀਤਾ ਜੋ ਹੁਣ ਵੀ ਕਾਇਮ ਹੈ। ਪੁਲਿਸ ਮੁਤਾਬਕ ਐਲਨਾਜ਼ ਹਜਤਾਮੀਰੀ ਨੂੰ ਵਸਾਗਾ ਬੀਚ ਦੇ ਟ੍ਰੇਲਵੁੱਡ ਪਲੇਸ ਵਿਖੇ ਸਥਿਤ ਉਸ ਦੇ ਰਿਸ਼ਤੇਦਾਰ ਦੇ ਘਰੋਂ ਅਗਵਾ ਕੀਤਾ ਗਿਆ ਅਤੇ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ 1866 876 5423 ਐਕਸਟੈਨਸ਼ਨ 7241 ’ਤੇ ਸੰਪਰਕ ਕੀਤਾ ਜਾਵੇ।


