ਕੈਨੇਡਾ ’ਚ 2 ਪੰਜਾਬੀਆਂ ਨਾਲ ਅਣਹੋਣੀ
ਅਮਰੀਕਾ ਤੋਂ ਪੰਜਾਬੀ ਨੌਜਵਾਨਾਂ ਦੇ ਡਿਪੋਰਟ ਹੋਣ ਬਾਰੇ ਆ ਰਹੀਆਂ ਖਬਰਾਂ ਦਰਮਿਆਨ ਕੈਨੇਡਾ ਵਿਚ 2 ਪੰਜਾਬੀ ਨੌਜਵਾਨ ਅਚਨਚੇਤ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

ਐਡਮਿੰਟਨ : ਅਮਰੀਕਾ ਤੋਂ ਪੰਜਾਬੀ ਨੌਜਵਾਨਾਂ ਦੇ ਡਿਪੋਰਟ ਹੋਣ ਬਾਰੇ ਆ ਰਹੀਆਂ ਖਬਰਾਂ ਦਰਮਿਆਨ ਕੈਨੇਡਾ ਵਿਚ 2 ਪੰਜਾਬੀ ਨੌਜਵਾਨ ਅਚਨਚੇਤ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਖੁਸ਼ਹਾਲ ਭਵਿੱਖ ਦੀ ਭਾਲ ਵਿਚ ਪਿਛਲੇ ਸਾਲ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਹਰਮਨਜੋਤ ਸਿੰਘ ਇਸ ਦੁਨੀਆਂ ਵਿਚ ਨਹੀਂ ਰਿਹਾ। ਹਰਮਨਜੋਤ ਸਿੰਘ ਦੇ ਜਨਮ ਤੋਂ ਇਕ ਦਿਨ ਪਹਿਲਾਂ ਹੀ ਉਸ ਦੇ ਪਿਤਾ ਅਕਾਲ ਚਲਾਣਾ ਕਰ ਗਏ ਅਤੇ ਉਸ ਦੀ ਮਾਂ ਨੇ ਕਰੜੀ ਮੁਸ਼ੱਕਤ ਕਰਦਿਆਂ ਪੁੱਤ ਨੂੰ ਪਾਲ ਕੇ ਵੱਡਾ ਕੀਤਾ ਪਰ ਹੁਣ ਵਿਲਕਦੀ ਮਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ। ਹਰਮਨਜੋਤ ਸਿੰਘ ਦੀ ਭੈਣ ਕੋਮਲਪ੍ਰੀਤ ਕੌਰ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਹਰਮਨਜੋਤ ਅਤੇ ਜਸਕਰਨ ਨੇ ਅਚਨਚੇਤ ਤੋੜਿਆ ਦਮ
ਦੂਜੇ ਪਾਸੇ ਅੰਮ੍ਰਿਤਸਰ ਨਾਲ ਸਬੰਧਤ ਜਸਕਰਨ ਸਿੰਘ ਮੌਂਟਰੀਅਲ ਵਿਖੇ ਆਪਣੇ ਘਰ ਵਿਚ ਮਰਿਆ ਹੋਇਆ ਮਿਲਿਆ। ਮਾਪਿਆਂ ਦਾ ਇਕਲੌਤਾ ਪੁੱਤ 2019 ਵਿਚ ਕੈਨੇਡਾ ਪੁੱਜਣ ਮਗਰੋਂ ਇਕ ਵਾਰ ਵੀ ਪਰਵਾਰ ਨੂੰ ਮਿਲਣ ਪੰਜਾਬ ਨਹੀਂ ਸੀ ਗਿਆ ਪਰ ਹੁਣ ਤਾਬੂਤ ਵਿਚ ਆਪਣੇ ਮਾਪਿਆਂ ਕੋਲ ਪੁੱਜੇਗਾ। ਹਰਮੀਤ ਸਿੰਘ ਵੱਲੋਂ ਉਸ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਸੇ ਦੌਰਾਨ ਪੁਰਤਗਾਲ ਦੀ ਨਾਗਰਿਕਤਾ ਮਿਲਣ ਮਗਰੋਂ ਪਰਵਾਰ ਨਾਲ ਖੁਸ਼ੀ ਸਾਂਝੀ ਕਰ ਰਹੇ ਨੌਜਵਾਨ ਦੀ ਅਚਨਚੇਤ ਮੌਤ ਹੋ ਗਈ ਅਤੇ ਪਰਵਾਰ ਨੂੰ ਉਸ ਦੇ ਦੇਹ ਭਾਰਤ ਮੰਗਵਾਉਣ ਲਈ 20 ਲੱਖ ਰੁਪਏ ਕਰਜ਼ਾ ਲੈਣਾ ਪਿਆ।
ਪੁਰਤਗਾਲ ਵਿਚ ਵੀ ਨੌਜਵਾਨ ਨਾਲ ਵਰਤਿਆ ਭਾਣਾ
ਸ਼ੰਟੀ ਦੀ ਭਾਬੀ ਹਰਸ਼ਦੀਪ ਕੌਰ ਅਤੇ ਭਤੀਜੀ ਰਹਿਮਤਪ੍ਰੀਤ ਕੌਰ ਨੇ ਦੱਸਿਆ ਕਿ ਫੋਨ ’ਤੇ ਗੱਲ ਕਰਦਿਆਂ ਅਚਾਨਕ ਉਸ ਦੀ ਚੀਕ ਨਿਕਲੀ ਅਤੇ ਫਿਰ ਆਵਾਜ਼ ਆਉਣੀ ਬੰਦ ਹੋ ਗਈ। ਪਰਵਾਰ ਨੇ ਮੁੜ ਫੋਨ ਕੀਤਾ ਤਾਂ ਕੋਈ ਜਵਾਬ ਨਾ ਆਇਆ ਜਿਸ ਮਗਰੋਂ ਸ਼ੰਟੀ ਦੇ ਦੋਸਤਾਂ ਨਾਲ ਸੰਪਰਕ ਕੀਤਾ ਗਿਆ। ਉਸ ਦੇ ਦੋਸਤ ਕਮਰੇ ਵਿਚ ਪੁੱਜੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸ਼ੰਟੀ ਦੇ ਭਰਾ ਬੰਟੀ ਨੇ ਦੱਸਿਆ ਕਿ ਪੁਰਤਗਾਲ ਤੋਂ ਦੇਹ ਮੰਗਵਾਉਣ ਲਈ ਕਿਸੇ ਨੇ ਮਦਦ ਨਾ ਕੀਤੀ ਅਤੇ ਆਖਰਕਾਰ ਰਿਸ਼ਤੇਦਾਰਾਂ ਤੋਂ ਰਕਮ ਉਧਾਰ ਲੈਕੇ ਸਾਰੀ ਕਾਰਵਾਈ ਕੀਤੀ ਗਈ।