ਕੈਨੇਡਾ ਵਿਚ ਪੰਜਾਬੀ ਮੁਟਿਆਰ ਦੀ ਅਚਨਚੇਤ ਮੌਤ
ਕੈਨੇਡਾ ਅਤੇ ਅਮਰੀਕਾ ਵਿਚ ਪੰਜਾਬੀ ਮੁੰਡੇ-ਕੁੜੀਆਂ ਦੀ ਅਚਨਚੇਤ ਮੌਤ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਉਨਟਾਰੀਓ ਦੇ ਕੌਨੈਸਟੋਗਾ ਕਾਲਜ ਦੀ ਵਿਦਿਆਰਥਣ ਪ੍ਰਭਜੋਤ ਕੌਰ ਦਮ ਤੋੜ ਗਈ।
By : Upjit Singh
ਮਿਸੀਸਾਗਾ : ਕੈਨੇਡਾ ਅਤੇ ਅਮਰੀਕਾ ਵਿਚ ਪੰਜਾਬੀ ਮੁੰਡੇ-ਕੁੜੀਆਂ ਦੀ ਅਚਨਚੇਤ ਮੌਤ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਉਨਟਾਰੀਓ ਦੇ ਕੌਨੈਸਟੋਗਾ ਕਾਲਜ ਦੀ ਵਿਦਿਆਰਥਣ ਪ੍ਰਭਜੋਤ ਕੌਰ ਦਮ ਤੋੜ ਗਈ। ਦੂਜੇ ਪਾਸੇ ਅਮਰੀਕਾ ਦੇ ਨਿਊ ਯਾਰਕ ਵਿਖੇ ਲੱਗੀ ਭਿਆਨਕ ਅੱਗ 17 ਸਾਲ ਦੇ ਸਰਬਰਾਜ ਸਿੰਘ ਕਾਲ ਬਣ ਗਈ ਜੋ ਸਟੱਡੀ ਵੀਜ਼ਾ ’ਤੇ ਅਮਰੀਕਾ ਆਇਆ ਸੀ ਅਤੇ ਪਿੱਛੇ ਪਰਵਾਰ ਵਿਚ ਮਾਂ ਅਤੇ ਭੈਣ ਹੀ ਰਹਿ ਗਈਆਂ।
ਨਿਊ ਯਾਰਕ ਵਿਚ 17 ਸਾਲ ਦੇ ਸਰਬਰਾਜ ਸਿੰਘ ਨੇ ਦਮ ਤੋੜਿਆ
ਪ੍ਰਭਜੋਤ ਕੌਰ ਦੇ ਭਰਾ ਸਿਮਰਜੀਤ ਸਿੰਘ ਨੇ ਦੱਸਿਆ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਰਾਦੇ ਉਹ ਕੈਨੇਡਾ ਪੁੱਜੀ ਅਤੇ ਕੌਨੈਸਟੋਗਾ ਕਾਲਜ ਵਿਚ ਪੜ੍ਹਾਈ ਸ਼ੁਰੂ ਕਰ ਦਿਤੀ। ਆਪਣਾ ਖਰਚਾ ਚਲਾਉਣ ਲਈ ਪ੍ਰਭਜੋਤ ਕੌਰ ਕੰਮ ਵੀ ਕਰ ਰਹੀ ਸੀ ਪਰ ਅਚਨਚੇਤ ਵਰਤੇ ਭਾਣੇ ਕੁਝ ਖੇਰੂੰ ਖੇਰੂੰ ਕਰ ਦਿਤਾ। ਪ੍ਰਭਜੋਤ ਕੌਰ ਦੀ ਦੇਹ ਪੰਜਾਬ ਭੇਜਣ ਲਈ ਸਿਮਰਜੀਤ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਆਖਰੀ ਵਾਰ ਪ੍ਰਭਜੋਤ ਕੌਰ ਦਾ ਚਿਹਰਾ ਦੇਖਣਾ ਚਾਹੁੰਦੇ ਹਨ ਪਰ ਇਸ ਮਕਸਦ ਲਈ 25 ਹਜ਼ਾਰ ਡਾਲਰ ਲੋੜੀਂਦੇ ਹੋਣਗੇ। ਇਸੇ ਦੌਰਾਨ ਅੰਮ੍ਰਿਤਪ੍ਰੀਤ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਸਰਬਰਾਜ ਸਿੰਘ ਆਪਣੇ ਪਰਵਾਰ ਦੀ ਆਖਰੀ ਉਮੀਦ ਸੀ ਅਤੇ ਉਹ ਵੀ ਇਸ ਦੁਨੀਆਂ ਤੋਂ ਚਲਾ ਗਿਆ।
ਮਿਸੀਸਾਗਾ ਦੇ ਮਕਾਨ ਵਿਚੋਂ ਮਿਲੀਆਂ 2 ਲਾਸ਼ਾਂ
ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲੇ ਸਰਬਰਾਜ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਸਰਬਰਾਜ ਸਿੰਘ ਦੇ ਪਰਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧਾਂ ਵਾਸਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਿਸੀਸਾਗਾ ਦੇ ਇਕ ਮਕਾਨ ਵਿਚੋਂ ਦੋ ਜਣਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਸਨਸਨੀ ਫੈਲ ਗਈ। ਪੀਲ ਰੀਜਨਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਅਤੇ ਮੌਤ ਹੋਣ ਦਾ ਕਾਰਨ ਵੀ ਨਸ਼ਰ ਨਹੀਂ ਕੀਤਾ ਗਿਆ। ਪੀਲ ਪੈਰਾਮੈਡਿਕਸ ਨੇ ਸਿਰਫ਼ ਐਨਾ ਦੱਸਿਆ ਕਿ 10 ਜਨਵਰੀ ਨੂੰ ਸਵੇਰੇ ਤਕਰੀਬਨ ਪੰਜ ਵਜੇ ਕ੍ਰੈਡਿਟ ਵੈਲੀ ਰੋਡ ਅਤੇ ਐਰਿਨ ਮਿਲਜ਼ ਇਲਾਕੇ ਵਿਚ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਸੰਜੀਦਾ ਹੋਣ ਕਾਰਨ ਫਿਲਹਾਲ ਵਧੇਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ ਅਤੇ ਵਾਰਦਾਤ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਸਮਾਂ ਆਉਣ ’ਤੇ ਸਬੰਧਤ ਜਾਣਕਾਰੀ ਜਨਤਕ ਕਰ ਦਿਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਨਵਾਂ ਸਾਲ ਚੜ੍ਹਦਿਆਂ ਹੀ ਕੈਨੇਡਾ ਅਤੇ ਅਮਰੀਕਾ ਵਿਚ ਪੰਜਾਬੀ ਨੌਜਵਾਨਾਂ ਨਾਲ ਭਾਣੇ ਵਰਤਣ ਦੀਆਂ ਦੁਖਦ ਖਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਬੀਤੇ ਦਿਨੀਂ ਸਰੀ ਵਿਖੇ ਅਰਵਿੰਦ ਸਿੰਘ ਸੰਧੂ ਦੀ ਅਚਨਚੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਰਿਚਮੰਡ ਤੋਂ ਲਾਪਤਾ ਸਤਵੀਰ ਸੀਹਰਾ ਦੀ ਕੋਈ ਉਘ ਸੁੱਘ ਨਹੀਂ ਲੱਗ ਸਕੀ।