ਕੈਨੇਡਾ ਵਿਰੁੱਧ ਲਾਈਆਂ ਟੈਰਿਫਸ ਅੱਜ ਵਾਪਸ ਲੈ ਸਕਦੇ ਨੇ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅੱਜ ਕੈਨੇਡਾ ਅਤੇ ਮੈਕਸੀਕੋ ਵਿਰੁੱਧ ਲਾਈਆਂ ਟੈਰਿਫਸ ਵਾਪਸ ਲੈਣ ਦਾ ਐਲਾਨ ਕਰ ਸਕਦੇ ਹਨ।

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅੱਜ ਕੈਨੇਡਾ ਅਤੇ ਮੈਕਸੀਕੋ ਵਿਰੁੱਧ ਲਾਈਆਂ ਟੈਰਿਫਸ ਵਾਪਸ ਲੈਣ ਦਾ ਐਲਾਨ ਕਰ ਸਕਦੇ ਹਨ। ਜੀ ਹਾਂ, ਅਮਰੀਕਾ ਦੇ ਵਣਜ ਮੰਤਰੀ ਹੌਵਰਡ ਲੂਟਨਿਕ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਨਾਲ ਕਾਰੋਬਾਰੀ ਸਮਝੌਤੇ ਨੂੰ ਨਵਾਂ ਰੂਪ ਦਿਤਾ ਜਾਵੇਗਾ। ਲੂਟਨਿਕ ਦੀ ਟਿੱਪਣੀ ਤੋਂ ਪਹਿਲਾਂ ਅਮਰੀਕਾ ਦੇ ਸ਼ੇਅਰ ਬਾਜ਼ਾਰ ਗੋਤਾ ਖਾ ਰਹੇ ਸਨ ਪਰ ਜਿਉਂ ਹੀ ਉਨ੍ਹਾਂ ਵੱਲੋਂ ਉਮੀਦਾਂ ਭਰੀ ਟਿੱਪਣੀ ਕੀਤੀ ਗਈ ਤਾਂ ਸ਼ੇਅਰ ਮੁੜ ਉਪਰ ਵੱਲ ਜਾਂਦਾ ਨਜ਼ਰ ਆਇਆ। ਫਿਲਹਾਲ ਵਣਜ ਮੰਤਰੀ ਵੱਲੋਂ ਸਪੱਸ਼ਟ ਨਹੀਂ ਕੀਤਾ ਗਿਆ ਕਿ ਟਰੰਪ ਵੱਲੋਂ ਟੈਰਿਫ਼ਸ ਮੁਕੰਮਲ ਤੌਰ ’ਤੇ ਹਟਾਈਆਂ ਜਾ ਸਕਦੀਆਂ ਹਨ ਜਾਂ ਇਨ੍ਹਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।
ਅਮਰੀਕਾ ਦੇ ਵਣਜ ਮੰਤਰੀ ਨੇ ਕੀਤਾ ਵੱਡਾ ਐਲਾਨ
ਲੂਟਨਿਕ ਨੇ ਦੱਸਿਆ ਕਿ ਉਹ ਲਗਾਤਾਰ ਕੈਨੇਡਾ ਅਤੇ ਮੈਕਸੀਕੋ ਸਰਕਾਰਾਂ ਦੇ ਸੰਪਰਕ ਵਿਚ ਹਨ ਅਤੇ ਹਾਲਾਤ ਨੂੰ ਬਿਹਤਰ ਬਣਾਉਣ ਦੇ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਸੰਕੇਤ ਦਿਤੇ ਕਿ ਕੈਨੇਡਾ ਅਤੇ ਮੈਕਸੀਕੋ ਨਾਲ ਨਵਾਂ ਸਮਝੌਤਾ ਕੀਤਾ ਜਾ ਸਕਦਾ ਹੈ ਜਿਸ ਤੋਂ ਪਹਿਲਾਂ ਇਕ ਵਾਰ ਫਿਰ ਟੈਰਿਫਸ ’ਤੇ ਰੋਕ ਲਾਈ ਜਾ ਸਕਦੀ ਹੈ। ਲੂਟਨਿਕ ਦਾ ਬਿਆਨ ਟਰੰਪ ਵੱਲੋਂ ਸੰਸਦ ਦੇ ਸਾਂਝੇ ਇਜਲਾਸ ਵਿਚ ਭਾਸ਼ਣ ਦੇਣ ਤੋਂ ਪਹਿਲਾਂ ਆਇਆ ਅਤੇ ਇਸੇ ਦੌਰਾਨ ਅਮਰੀਕਾ ਦੇ ਵਣਜ ਮੰਤਰੀ ਨੇ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਤਿੰਨ ਰਾਜਾਂ ਦੇ 15 ਲੱਖ ਘਰਾਂ ਨੂੰ ਹੁੰਦੀ ਬਿਜਲੀ ਸਪਲਾਈ ’ਤੇ ਟੈਰਿਫਸ ਨਾ ਲਾਉਣ ਦੀ ਗੁਜ਼ਾਰਿਸ਼ ਕੀਤੀ।
ਅਮਰੀਕਾ ਦੇ ਸ਼ੇਅਰ ਬਾਜ਼ਾਰ ਵਿਚ ਲਗਾਤਾਰ ਆ ਰਹੀ ਗਿਰਾਵਟ
ਦੱਸ ਦੇਈਏ ਕਿ ਕੈਨੇਡਾ ਵੱਲੋਂ ਅਮਰੀਕਾ ਦੀਆਂ ਟੈਰਿਫਸ ਨਾਲ ਨਜਿੱਠਣ ਲਈ ਵੱਡੇ ਪੱਧਰ ’ਤੇ ਮੁਹਿੰਮ ਆਰੰਭ ਦਿਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਥੇ ਮੋੜਵੀਆਂ ਟੈਰਿਫਸ ਦਾ ਐਲਾਨ ਕੀਤਾ ਜਾ ਚੁੱਕਾ ਹੈ, ਉਥੇ ਹੀ ਕੈਨੇਡਾ ਦੇ ਵੱਖ ਵੱਖ ਰਾਜਾਂ ਵਿਚੋਂ ਅਮਰੀਕਾ ਵਿਚ ਬਣੀ ਸ਼ਰਾਬ ਠੇਕਿਆਂ ਤੋਂ ਹਟਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਾ ਹੈ।