Trump ਨੇ Canada ਵਾਲਿਆਂ ਦੀ ਜ਼ਿੰਦਗੀ ਕੀਤੀ ਦੁੱਭਰ
ਡੌਨਲਡ ਟਰੰਪ ਵੱਲੋਂ ਆਰੰਭੀ ਜੰਗ ਦਾ ਖਮਿਆਜ਼ਾ ਕੈਨੇਡਾ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਗੈਸੋਲੀਨ ਦੀਆਂ ਕੀਮਤਾਂ 20 ਸੈਂਟ ਪ੍ਰਤੀ ਲਿਟਰ ਤੱਕ ਵਧ ਚੁੱਕੀਆਂ ਹਨ

By : Upjit Singh
ਟੋਰਾਂਟੋ : ਡੌਨਲਡ ਟਰੰਪ ਵੱਲੋਂ ਆਰੰਭੀ ਜੰਗ ਦਾ ਖਮਿਆਜ਼ਾ ਕੈਨੇਡਾ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਗੈਸੋਲੀਨ ਦੀਆਂ ਕੀਮਤਾਂ 20 ਸੈਂਟ ਪ੍ਰਤੀ ਲਿਟਰ ਤੱਕ ਵਧ ਚੁੱਕੀਆਂ ਹਨ। ਜੀ ਹਾਂ, ਸਭ ਤੋਂ ਵੱਧ ਕੀਮਤ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਦਾ ਕਰਨੀ ਪੈ ਰਹੀ ਹੈ ਜਿਥੇ ਪ੍ਰਤੀ ਲਿਟਰ ਗੈਸੋਲੀਨ ਦਾ ਭਾਅ 1.72 ਡਾਲਰ ਤੱਕ ਪੁੱਜ ਗਿਆ ਹੈ ਜਦਕਿ ਕਿਊਬੈਕ ਵਿਚ 1.62 ਡਾਲਰ ਪ੍ਰਤੀ ਲਿਟਰ ਦਾ ਭਾਅ ਚੱਲ ਰਿਹਾ ਹੈ। ਉਨਟਾਰੀਓ ਵਿਚ 1.45 ਡਾਲਰ ਅਤੇ ਐਲਬਰਟਾ ਵਿਚ 1.50 ਡਾਲਰ ਕੀਮਤ ਵਸੂਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡੀਜ਼ਲ ਦੀ ਕੀਮਤ 28 ਸੈਂਟ ਪ੍ਰਤੀ ਲਿਟਰ ਤੱਕ ਵਧ ਗਈ ਅਤੇ ਜਲਦ ਹੀ 15 ਸੈਂਟ ਦਾ ਵਾਧਾ ਵੱਖਰੇ ਤੌਰ ’ਤੇ ਹੋਵੇਗਾ। ਡੀਜ਼ਲ ਦਾ ਭਾਅ ਵਧਣ ਨਾਲ ਟ੍ਰਾਂਸਪੋਰਟੇਸ਼ਨ ਖ਼ਰਚਾ ਵਧੇਗਾ ਅਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੇ ਭਾਅ ਵੀ ਅਸਮਾਨ ਚੜ੍ਹਨੇ ਯਕੀਨੀ ਮੰਨੇ ਜਾ ਰਹੇ ਹਨ।
ਗੈਸੋਲੀਨ 20 ਸੈਂਟ ਅਤੇ ਡੀਜ਼ਲ 28 ਸੈਂਟ ਪ੍ਰਤੀ ਲਿਟਰ ਮਹਿੰਗਾ
ਗਰੇਟਰ ਟੋਰਾਂਟੋ ਏਰੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਕੀਮਤਾਂ ਵਧਣ ਮਗਰੋਂ ਆਵਾਜਾਈ ਸੀਮਤ ਕਰਨੀ ਹੋਵੇਗੀ ਅਤੇ ਪਹਿਲਾਂ ਵਾਂਗ ਗੱਡੀ ਚਲਾਉਣੀ ਹੈ ਤਾਂ ਹੋਰ ਖਰਚੇ ਘਟਾਉਣੇ ਹੋਣਗੇ। ਇਸੇ ਤਰ੍ਹਾਂ ਨਿਊ ਬ੍ਰਨਜ਼ਵਿਕ ਦੇ ਸੇਂਟ ਜੌਹਨ ਸ਼ਹਿਰ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਗੈਸ ਜਾਂ ਡੀਜ਼ਲ ਦੀਆਂ ਕੀਮਤਾਂ ਉਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਪਰ ਆਵਾਜਾਈ ਅਤੇ ਟ੍ਰਾਂਸਪੋਰਟੇਸ਼ਨ ਵਾਸਤੇ ਦੋਵੇਂ ਚੀਜ਼ਾਂ ਬੇਹੱਦ ਜ਼ਰੂਰੀ ਹਨ। ਕੀਮਤਾਂ ਵਿਚ ਵਾਧਾ ਉਨ੍ਹਾਂ ਦੀ ਜੇਬ ਉਤੇ ਬੋਝ ਵਧਾਉਣ ਦਾ ਕੰਮ ਕਰੇਗਾ। ਕੈਨੇਡਾ ਵਿਚ ਇਸ ਵੇਲੇ ਸਭ ਤੋਂ ਸਸਤਾ ਤੇਲ ਮੈਨੀਟੋਬਾ ਵਿਚ ਵਿਕ ਰਿਹਾ ਹੈ ਜਿਥੇ ਪ੍ਰਤੀ ਲਿਟਰ ਕੀਮਤ 1.35 ਡਾਲਰ ਦੱਸੀ ਜਾ ਰਹੀ ਹੈ ਜਦਕਿ ਸਸਕੈਚਵਨ ਵਿਖੇ 1.39 ਡਾਲਰ ਦੇ ਭਾਅ ’ਤੇ ਗੈਸਲੀਨ ਦੀ ਵਿਕਰੀ ਹੋ ਰਹੀ ਹੈ। ਕੈਨੇਡੀਅਨਜ਼ ਫ਼ੌਰ ਅਫ਼ੌਰਡੇਬਲ ਐਨਰਜੀ ਦੇ ਪ੍ਰਧਾਨ ਡੈਨ ਮੈਕਟੀਗ ਨੇ ਦੱਸਿਆ ਕਿ ਕੁਝ ਰਾਜਾਂ ਵਿਚ 10 ਸੈਂਟ ਦਾ ਵਾਧਾ ਹੋਇਆ ਹੈ ਜਦਕਿ ਐਲਬਰਟਾ ਵਿਚ 15 ਸੈਂਟ ਪ੍ਰਤੀ ਲਿਟਰ ਦਾ ਵਾਧਾ ਨਜ਼ਰ ਆ ਰਿਹਾ ਹੈ ਪਰ 15 ਅਪ੍ਰੈਲ ਤੋਂ ਬਾਅਦ 10 ਸੈਂਟ ਪ੍ਰਤੀ ਲਿਟਰ ਦਾ ਵਾਧਾ ਵੱਖਰੇ ਤੌਰ ’ਤੇ ਹੋਵੇਗਾ ਜਦੋਂ ਗਰਮੀਆਂ ਵਾਲਾ ਗੈਸੋਲੀਨ ਵਿਕਣ ਦੀ ਸ਼ੁਰੂਆਤ ਹੋਵੇਗੀ।
ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੀ ਵਧਣਗੀਆਂ
ਦੱਸ ਦੇਈਏ ਕਿ ਅਮਰੀਕਾ ਵਿਚ ਕੱਚੇ ਤੇਲ ਦੀ ਕੀਮਤ ਦੋ ਸਾਲ ਦੇ ਸਿਖਰਲੇ ਪੱਧਰ ’ਤੇ ਪੁੱਜ ਚੁੱਕੀ ਹੈ ਅਤੇ ਅਕਤੂਬਰ 2023 ਤੋਂ ਬਾਅਦ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ’ਤੇ ਖਰੀਦ-ਫ਼ਰੋਖਤ ਹੋ ਰਹੀ ਹੈ। ਕੈਨੇਡਾ ਜਾਂ ਅਮਰੀਕਾ ਵਿਚ ਤੇਲ ਸਪਲਾਈ ਪ੍ਰਭਾਵਤ ਹੋਣ ਦਾ ਕੋਈ ਡਰ ਨਹੀਂ ਕਿਉਂਕਿ ਦੋਵੇਂ ਮੁਲਕ ਆਪਣੀ ਜ਼ਰੂਰਤ ਦਾ ਤੇਲ ਖੁਦ ਤਿਆਰ ਕਰਦੇ ਹਨ। ਜੰਗ ਦਾ ਅਸਰ ਸਿਰਫ਼ ਕੈਨੇਡਾ ਉਤੇ ਹੀ ਨਹੀਂ ਪੈ ਰਿਹਾ ਸਗੋਂ ਭਾਰਤ ਅਤੇ ਪਾਕਿਸਤਾਨ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿਚ ਰਸੋਈ ਗੈਸ ਸਿਲੰਡਰ 60 ਰੁਪਏ ਮਹਿੰਗਾ ਹੋ ਗਿਆ ਹੈ ਜਦਕਿ ਪਾਕਿਸਤਾਨ ਵਿਚ ਪੈਟਰੋਲ-ਡੀਜ਼ਲ 55 ਰੁਪਏ ਪ੍ਰਤੀ ਲਿਟਰ ਮਹਿੰਗੇ ਹੋ ਗਏ। ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਵੱਲੋਂ ਐਲਾਨੇ ਵਾਧੇ ਮਗਰੋਂ ਪੈਟਰੋਲ 335 ਰੁਪਏ ਅਤੇ ਡੀਜ਼ਲ 280 ਰੁ. ਪ੍ਰਤੀ ਲਿਟਰ ਹੋ ਗਿਆ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਮੱਧ ਪੂਰਬ ਵਿਚ ਟਕਰਾਅ ਪੈਦਾ ਹੋਣ ਕਰ ਕੇ ਗੈਰਯਕੀਨੀ ਵਾਲੇ ਮਾਹੌਲ ਬਣ ਗਿਆ ਹੈ ਅਤੇ ਕੌਮਾਂਤਰੀ ਪੱਧਰ ’ਤੇ ਐਨਰਜੀ ਸਪਲਾਈ ਪ੍ਰਭਾਵਤ ਹੋ ਰਹੀ ਹੈ। ਹੁਣ ਪਾਕਿਸਤਾਨ ਵਿਚ ਹਰ ਹਫ਼ਤੇ ਪੈਟਰੋਲੀਅਮ ਕੀਮਤਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਪੈਟਰੋਲ-ਡੀਜ਼ਲ ਦੇ ਭਾਅ ਮੁੜ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


