ਟਰੰਪ ਨੇ ਕੌਮਾਂਤਰੀ ਮੰਚ ’ਤੇ ਕੈਨੇਡਾ ਅਤੇ ਕੈਨੇਡਾ ਵਾਲਿਆਂ ਨੂੰ ਭੰਡਿਆ
ਡੌਨਲਡ ਟਰੰਪ ਦਾ ਹੰਕਾਰ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਇਸ ਵਾਰ ਉਨ੍ਹਾਂ ਵੱਲੋਂ ਕੌਮਾਂਤਰੀ ਮੰਚ ’ਤੇ ਕੈਨੇਡਾ ਨੂੰ ਭੰਡਿਆ ਗਿਆ।
By : Upjit Singh
ਦਾਵੋਸ, ਸਵਿਟਜ਼ਰਲੈਂਡ : ਡੌਨਲਡ ਟਰੰਪ ਦਾ ਹੰਕਾਰ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਇਸ ਵਾਰ ਉਨ੍ਹਾਂ ਵੱਲੋਂ ਕੌਮਾਂਤਰੀ ਮੰਚ ’ਤੇ ਕੈਨੇਡਾ ਨੂੰ ਭੰਡਿਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਤਲਖ ਲਹਿਜ਼ੇ ਵਿਚ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਦੇ ਤੇਲ, ਗੈਸ, ਕਾਰਾਂ ਅਤੇ ਲੱਕੜ ਦੀ ਕੋਈ ਜ਼ਰੂਰਤ ਅਤੇ ਜੇ ਗੁਆਂਢੀ ਮੁਲਕ ਟੈਕਸਾਂ ਤੋਂ ਬਚਣਾ ਚਾਹੁੰਦਾ ਤਾਂ ਅਮਰੀਕਾ ਦਾ 51ਵਾਂ ਰਾਜ ਬਣਨਾ ਕਬੂਲ ਕਰ ਲਵੇ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰ ਕਰਦਿਆਂ 200 ਅਰਬ ਡਾਲਰ ਤੋਂ 250 ਅਰਬ ਡਾਲਰ ਦਾ ਘਾਟਾ ਬਰਦਾਸ਼ਤ ਕਰਨਾ ਪੈ ਰਿਹਾ ਹੈ।
ਕਿਹਾ, ਕੈਨੇਡੀਅਨ ਤੇਲ, ਗੈਸ, ਕਾਰਾਂ ਜਾਂ ਲੱਕੜ ਦੀ ਕੋਈ ਲੋੜ ਨਹੀਂ
ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਵਰਲਡ ਇਕਨੌਮਿਕ ਫੋਰਮ ਦੀ ਦੀ ਬੈਠਕ ਵਿਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਲ ਹੁੰਦਿਆਂ ਟਰੰਪ ਨੇ ਕੈਨੇਡਾ ਨੂੰ ਸੰਬੋਧਤ ਹੁੰਦਿਆਂ ਕਿਹਾ, ‘‘ਜੇ ਤੁਸੀਂ ਅਮਰੀਕਾ ਦਾ ਸੂਬਾ ਬਣ ਜਾਉਗੇ ਤਾਂ ਸਾਡਾ ਘਾਟਾ ਖਤਮ ਅਤੇ ਕੋਈ ਟੈਕਸ ਨਹੀਂ ਲਾਇਆ ਜਾਵੇਗਾ।’’ ਫੋਰਮ ਵਿਚ ਸ਼ਾਮਲ ਕੌਮਾਂਤਰੀ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਕੋਲ ਤੇਲ ਦੀ ਕੋਈ ਕਮੀ ਅਤੇ ਗੱਡੀਆਂ ਅਸੀਂ ਖੁਦ ਤਿਆਰ ਕਰ ਸਕਦੇ ਹਾਂ। ਸਾਡੇ ਜੰਗਲਾਂ ਵਿਚ ਬਥੇਰੀ ਲੱਕੜ ਹੈ ਅਤੇ ਕੈਨੇਡਾ ਤੋਂ ਲੰਬਰ ਦਾ ਇੰਪੋਰਟ ਸਾਡੀ ਮਜਬੂਰੀ ਨਹੀਂ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵੱਲੋਂ ਆਪਣੇ ਐਕਸਪੋਰਟ ਦਾ 75 ਫੀ ਸਦੀ ਹਿੱਸਾ ਅਮਰੀਕਾ ਭੇਜਿਆ ਜਾਂਦਾ ਹੈ। ਇਸੇ ਦੌਰਾਨ ਟਰੰਪ ਵੱਲੋਂ ਭਾਸ਼ਣ ਦੌਰਾਨ ਰੂਸੀ ਰਾਸ਼ਟਰਪਤੀ ਨਾਲ ਮੁਲਕਾਤ ਦਾ ਇੱਛਾ ਵੀ ਜ਼ਾਹਰ ਕੀਤੀ ਗਈ। ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਵਲਾਦੀਮੀਰ ਪੁਤਿਨ ਉਨ੍ਹਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਅਤੇ ਸਾਡੀ ਮੁਲਾਕਾਤ ਬੇਹੱਦ ਜ਼ਰੂਰੀ ਵੀ ਹੈ ਕਿਉਂਕਿ ਜੰਗ ਵਿਚ ਰੋਜ਼ਾਨਾ ਫੌਜੀਆਂ ਦੀ ਜਾਨ ਜਾ ਰਹੀ ਹੈ।
‘51ਵਾਂ ਸੂਬਾ ਬਣੋ ਅਤੇ ਟੈਕਸਾਂ ਤੋਂ ਰਾਹਤ ਹਾਸਲ ਕਰੋ’
ਦਿਲਚਸਪ ਗੱਲ ਇਹ ਹੈ ਕਿ ਟਰੰਪ ਇਸ ਤੋਂ ਪਹਿਲਾਂ ਪੁਤਿਨ ਨੂੰ ਜੰਗ ਖਤਮ ਕਰਨ ਜਾਂ ਆਰਥਿਕ ਪਾਬੰਦੀਆਂ ਵਾਸਤੇ ਤਿਆਰ ਰਹਿਣਦੀ ਧਮਕੀ ਵੀ ਦੇ ਚੁੱਕੇ ਹਨ। ਦੂਜੇ ਪਾਸੇ ਟਰੰਪ ਵੱਲੋਂ ਅਬੌਰਸ਼ਨ ਰਾਈਟਸ ਦੇ ਵਿਰੋਧੀਆਂ ਨੂੰ ਮੁਆਫ਼ ਕਰ ਦਿਤਾ ਗਿਆ। ਇਨ੍ਹਾਂ ਲੋਕਾਂ ਨੇ 2020 ਵਿਚ ਵਾਸ਼ਿੰਗਟਨ ਡੀ.ਸੀ. ਵਿਖੇ ਇਕ ਅਬੌਰਸ਼ਨ ਕਲੀਨਿਕ ਨੂੰ ਜਿੰਦੇ ਲਾ ਦਿਤੇ ਸਨ ਅਤੇ ਇਸ ਦੌਰਾਨ ਝੜਪ ਹੋਣ ਕਰ ਕੇ ਇਕ ਨਰਸ ਜ਼ਖਮੀ ਹੋ ਗਈ। ਰਾਸ਼ਟਰਪਤੀ ਨੇ ਜੌਹਨ ਐਫ਼. ਕੈਨੇਡੀ, ਉਨ੍ਹਾਂ ਦੇ ਭਰਾ ਰੌਬਰਟ ਐਫ਼. ਕੈਨੇਡੀ ਅਤੇ ਸਮਾਜਿਕ ਕਾਰਕੁੰਨ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕਤਲ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦੇ ਹੁਕਮਾਂ ’ਤੇ ਵੀ ਦਸਤਖਤ ਕਰ ਦਿਤੇ। ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਫਾਈਲਾਂ ਜਨਤਕ ਕਰਨ ਦਾ ਯਤਨ ਕੀਤਾ ਗਿਆ ਪਰ ਸੀ.ਆਈ.ਏ. ਅਤੇ ਐਫ਼.ਬੀ.ਆਈ. ਦੀ ਅਪੀਲ ਮਗਰੋਂ ਪਿੱਛੇ ਹਟ ਗਏ।