ਟਰੰਪ ਅਤੇ ਟਰੂਡੋ ਦਰਮਿਆਨ ਖੜਕੀ
ਹਾਕੀ ਮੈਚ ਵਿਚ ਕੈਨੇਡਾ ਹੱਥੋਂ ਅਮਰੀਕਾ ਦੀ ਹਾਰ ਮਗਰੋਂ ਟਰੂਡੋ ਅਤੇ ਟਰੰਪ ਮਿਹਣੋ-ਮਿਹਣੀ ਹੋ ਗਏ।

ਬੋਸਟਨ : ਹਾਕੀ ਮੈਚ ਵਿਚ ਕੈਨੇਡਾ ਹੱਥੋਂ ਅਮਰੀਕਾ ਦੀ ਹਾਰ ਮਗਰੋਂ ਟਰੂਡੋ ਅਤੇ ਟਰੰਪ ਮਿਹਣੋ-ਮਿਹਣੀ ਹੋ ਗਏ। ਚਾਰ ਮੁਲਕਾਂ ਦਰਮਿਆਨ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿਚ ਵਾਧੂ ਸਮੇਂ ਦੌਰਾਨ ਜਿਉਂ ਹੀ ਕੈਨੇਡੀਅਨ ਟੀਮ ਨੇ ਜੇਤੂ ਗੋਲ ਕੀਤਾ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਨੂੰ ਮਿਹਣਾ ਦਿੰਦਿਆਂ ਕਿਹਾ, ‘‘ਤੁਸੀਂ ਸਾਡੇ ਮੁਲਕ ਨੂੰ ਜਿੱਤ ਨਹੀਂ ਸਕਦੇ ਅਤੇ ਅੰਗਰੇਜ਼ੀ ਜਾਂ ਫਰੈਂਚ ਵਿਚ ਸਾਡੀ ਖੇਡ ਉਤੇ ਦਬਦਬਾ ਕਾਇਮ ਨਹੀਂ ਕੀਤਾ ਜਾ ਸਕਦਾ।’’ ਉਧਰ ਟਰੰਪ ਨੇ ਇੱਟ ਦਾ ਜਵਾਬ ਦਾ ਪੱਥਰ ਨਾਲ ਦੇਣ ਦਾ ਯਤਨ ਕਰਦਿਆਂ ਕਿਹਾ ਕਿ ਕੋਈ ਫ਼ਰਕ ਨਹੀਂ ਪੈਂਦਾ, ਅਮਰੀਕਾ ਨੇ ਅਮਰੀਕਾ ਦੀ ਟੀਮ ਨੂੰ ਹਰਾ ਦਿਤਾ। ਇਕ ਪਾਸੇ ਜਿਥੇ ਟਰੰਪ ਅਤੇ ਟਰੂਡੋ ਇਕ-ਦੂਜੇ ਨਾਲ ਉਲਝਦੇ ਰਹੇ ਤਾਂ ਦੂਜੇ ਪਾਸੇ ਦੋਹਾਂ ਮੁਲਕਾਂ ਦੇ ਲੋਕਾਂ ਨੇ ਵੀ ਟਿੱਪਣੀਆਂ ਦਾ ਦੌਰ ਜਾਰੀ ਰੱਖਿਆ।
ਹਾਕੀ ਮੈਚ ਮਗਰੋਂ ਮਿਹਣੋ-ਮਿਹਣੀ ਹੋਈ ਦੋਵੇਂ ਆਗੂ
ਟਰੂਡੋ ਨੂੰ ਸੰਬੋਧਤ ਹੁੰਦਿਆਂ ਸੋਸ਼ਲ ਮੀਡੀਆ ਦੇ ਇਕ ਵਰਤੋਂਕਾਰ ਨੇ ਲਿਖਿਆ, ‘‘ਤੁਸੀਂ ਹਾਕੀ ਦੀ ਖੇਡ ਭਾਵੇਂ ਜਿੱਤ ਲਈ ਪਰ ਤੁਸੀਂ ਆਪਣਾ ਮੁਲਕ ਹਾਰ ਗਏ। ਤੁਸੀਂ ਇਧਰ ਉਧਰ ਦੀਆਂ ਛੱਡ ਕੇ ਲੋਕਾਂ ਦਾ ਧਿਆਨ ਨਹੀਂ ਭਟਕਾ ਸਕਦੇ। ਹਾਕੀ ਦੀ ਖੇਡ ਤੁਹਾਡੀ ਵਾਸਤੇ ਘਰ ਨਹੀਂ ਖਰੀਦ ਸਕਦੀ, ਟੈਕਸ ਨਹੀਂ ਘਟਾ ਸਕਦੀ, ਨੌਕਰੀਆਂ ਪੈਦਾ ਨਹੀਂ ਕਰ ਸਕਦੀ ਅਤੇ ਕ੍ਰਾਈਮ ਵਿਚ ਕਮੀ ਨਹੀਂ ਲਿਆ ਸਕਦੀ।’’ ਕੁਝ ਲੋਕਾਂ ਨੇ ਟਰੂਡੋ ਦੇ ਅਸਤੀਫ਼ੇ ਦੀ ਤਰੀਕ ਬਾਰੇ ਪੁੱਛਣਾ ਸ਼ੁਰੂ ਕਰ ਦਿਤਾ ਜਦਕਿ ਕੁਝ ਲੋਕ ਟਰੂਡੋ ਨੂੰ ਵਧਾਈਆਂ ਦਿੰਦੇ ਵੀ ਨਜ਼ਰ ਆਏ। ਮਾਮਲਾ ਸਿਰਫ਼ ਖੇਡ ਤੱਕ ਹੀ ਨਹੀਂ ਰੁਕਿਆ ਕੈਨੇਡੀਅਨ ਸਿੰਗਰ ਵੱਲੋਂ ਟਰੰਪ ਵਿਰੁੱਧ ਰੋਸ ਪ੍ਰਗਟਾਉਣ ਲਈ ਆਪਣੇ ਕੌਮੀ ਤਰਾਨੇ ‘ਓ ਕੈਨੇਡਾ’ ਦੀ ਸ਼ਬਦਾਵਲੀ ਵੱਖਰੇ ਤਰੀਕੇ ਨਾਲ ਪੇਸ਼ ਕੀਤੀ ਗਈ। ‘ਇਨ ਆਲ ਆਫ਼ ਅੱਸ’ ਵਾਲੀ ਲਾਈਨ ਵਿਚ ਕੈਨੇਡੀਅਨ ਸਿੰਗਰ ਨੇ ‘ਇਨ ਓਨਲੀ ਅੱਸ ਕਮਾਂਡ’ ਗਾਇਆ ਗਿਆ ਜਿਸ ਦਾ ਸਿੱਧਾ ਮਤਲਬ ਇਹ ਕੱਢਿਆ ਗਿਆ ਕਿ ਟਰੰਪ ਸਾਡੇ ਮੁਲਕ ਤੋਂ ਦੂਰ ਰਹੇ ਤਾਂ ਚੰਗਾ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਕੈਨੇਡੀਅਨ ਵਸਤਾਂ ’ਤੇ ਟੈਰਿਫ਼ਸ ਲਾਉਣ ਦਾ ਐਲਾਨ ਕਰ ਚੁੱਕੇ ਹਨ ਅਤੇ ਅਮਰੀਕਾ ਦੇ ਇਸ ਕਦਮ ਨਾਲ ਅਰਬਾਂ ਡਾਲਰ ਦਾ ਨੁਕਸਾਨ ਹੋਵੇਗਾ। ਨੈਸ਼ਨਲ ਹਾਕੀ ਲੀਗ ਦੌਰਾਨ ਅਮਰੀਕਾ, ਕੈਨੇਡਾ, ਸਵੀਡਨ ਅਤੇ ਫਿਨਲੈਂਡ ਦੀਆਂ ਟੀਮਾਂ ਇਕ-ਦੂਜੇ ਨਾਲ ਭਿੜੀਆਂ ਅਤੇ ਹੁਣ ਇਨ੍ਹਾਂ ਦਾ ਮੁਕਾਬਲਾ ਇਟਲੀ ਵਿਚ ਹੋਣ ਵਾਲੀਆਂ ਵਿੰਟਰ ਓਲੰਪਿਕਸ ਦੌਰਾਨ ਹੋਵੇਗਾ।
ਅਮਰੀਕਾ-ਕੈਨੇਡਾ ਦੇ ਲੋਕਾਂ ਨੇ ਵੀ ਕੀਤੀਆਂ ਟਿੱਪਣੀਆਂ
ਉਧਰ ਖਿਡਾਰੀਆਂ ਨੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ਟੂਰਨਾਮੈਂਟਸ ਦਾ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ ਪਰ ਸਿਆਸਤਦਾਨਾਂ ਵੱਲੋਂ ਪਾਈਆਂ ਜਾਣ ਵਾਲੀਆਂ ਵੰਡੀਆਂ ਕਿਸੇ ਨੂੰ ਪ੍ਰਵਾਨ ਨਹੀਂ। ਹਰ ਖੇਡ ਵਿਚ ਇਕ ਟੀਮ ਜੇਤੂ ਰਹਿੰਦੀ ਹੈ ਤਾਂ ਦੂਜੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਚੇਤੇ ਰਹੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਮੌਕਿਆਂ ’ਤੇ ਗਵਰਨਰ ਆਖ ਚੁੱਕੇ ਡੌਨਲਡ ਟਰੰਪ ਵੱਲੋਂ ਫਾਈਨਲ ਮੈਚ ਤੋਂ ਪਹਿਲਾਂ ਆਪਣੀ ਟੀਮ ਨੂੰ ਹੱਲਾਸ਼ੇਰੀ ਦਿਤੀ ਗਈ। ਇਸੇ ਦੌਰਾਨ ਮੌਂਟਰੀਅਲ ਵਿਖੇ ਅਮਰੀਕਾ ਅਤੇ ਫਿਨਲੈਂਡ ਦੇ ਮੈਚ ਦੌਰਾਨ ਅਮਰੀਕਾ ਦਾ ਕੌਮੀ ਤਰਾਨਾ ਚਲਾਏ ਜਾਣ ਦੌਰਾਨ ਦਰਸ਼ਕਾਂ ਵੱਲੋਂ ਨਾਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਆਂਢੀ ਮੁਲਕ ਦੇ ਰਾਸ਼ਟਰਪਤੀ ਦੀਆਂ ਨੀਤੀਆਂ ਤੋਂ ਕੈਨੇਡੀਅਨ ਬੇਹੱਦ ਗੁੱਸੇ ਹਨ।