ਟਰੂਡੋ ਵੱਲੋਂ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ, ਬਾਗੀ ਔਖੇ-ਭਾਰੇ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫਿਲਹਾਲ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਅਤੇ ਔਟਵਾ ਵਿਖੇ ਕ੍ਰਿਸਮਸ ਮਨਾਉਣ ਮਗਰੋਂ ਉਹ ਪਰਵਾਰ ਨਾਲ ਬੀ.ਸੀ. ਵਿਚ ਛੁੱਟੀਆਂ ਮਨਾਉਣ ਵਾਸਤੇ ਜਾ ਸਕਦੇ ਹਨ।
By : Upjit Singh
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫਿਲਹਾਲ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਅਤੇ ਔਟਵਾ ਵਿਖੇ ਕ੍ਰਿਸਮਸ ਮਨਾਉਣ ਮਗਰੋਂ ਉਹ ਪਰਵਾਰ ਨਾਲ ਬੀ.ਸੀ. ਵਿਚ ਛੁੱਟੀਆਂ ਮਨਾਉਣ ਵਾਸਤੇ ਜਾ ਸਕਦੇ ਹਨ। ਭਾਰੀ ਦਬਾਅ ਦੇ ਬਾਵਜੂਦ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੁਰਸੀ ’ਤੇ ਟਿਕੇ ਰਹਿਣ ਦਾ ਫੈਸਲਾ ਸਿਆਸੀ ਮਾਹਰਾਂ ਦੀ ਸਮਝ ਤੋਂ ਬਾਹਰ ਹੈ। ਉਧਰ ਕ੍ਰਿਸਟੀਆ ਫਰੀਲੈਂਡ ਕੋਲ ਫੋਨ ਕਾਲਜ਼ ਦਾ ਹੜ੍ਹ ਆ ਚੁੱਕਾ ਹੈ ਜਿਨ੍ਹਾਂ ਵਿਚ ਲਿਬਰਲ ਐਮ.ਪੀ. ਅਤੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਵਾਸਤੇ ਆਰਥਿਕ ਸਹਾਇਤਾ ਦੇ ਪੇਸ਼ਕਸ਼ ਕਰਨ ਵਾਲੀ ਧਨਾਢ ਸ਼ਾਮਲ ਹਨ।
ਛੁੱਟੀਆਂ ਮਨਾਉਣ ਜਾ ਸਕਦੇ ਨੇ ਬ੍ਰਿਟਿਸ਼ ਕੋਲੰਬੀਆ
ਨਿਊ ਬ੍ਰਨਜ਼ਵਿਕ ਤੋਂ ਲਿਬਰਲ ਐਮ.ਪੀ. ਰੈਨੇ ਆਰਸਨੌ ਨੇ ਕਿਹਾ ਕਿ ਟਰੂਡੋ ਹੋਰ ਉਡੀਕ ਨਹੀਂ ਕਰ ਸਕਦੇ। ਕੈਨੇਡੀਅਨਜ਼ ਨੂੰ ਦੱਸਣਾ ਹੋਵੇਗਾ ਕਿ ਕ੍ਰਿਸਟੀਆ ਫ਼ਰੀਲੈਂਡ ਨੇ ਅਸਤੀਫ਼ਾ ਕਿਉਂ ਦਿਤਾ ਅਤੇ ਮੁਲਕ ਵਾਸੀਆਂ ਦੇ ਭਵਿੱਖ ਬਾਰੇ ਕੀ ਸੋਚਦੇ ਹਨ। ਅਸਤੀਫ਼ੇ ਦਾ ਐਲਾਨ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਤਾਂ ਕਿ ਲਿਬਰਲ ਪਾਰਟੀ ਦੇ ਨਵੇਂ ਆਗੂ ਨੂੰ ਜ਼ਿੰਮੇਵਾਰੀ ਸੌਂਪੀ ਜਾ ਸਕੇ ਅਤੇ ਅਗਲੇ ਮਹੀਨੇ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਪੈਦਾ ਹੋਣ ਵਾਲੇ ਹਾਲਾਤ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾ ਸਕੇ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਲਿਬਰਲ ਪਾਰਟੀ ਦੇ ਇਕ ਆਗੂ ਨੇ ਦੱਸਿਆ ਕਿ ਦੋ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਹਿਲਾ ਇਹ ਹੈ ਕਿ ਗਵਰਨਰ ਜਨਰਲ ਨੂੰ ਸਿਫ਼ਾਰਸ਼ ਕਰ ਕੇ ਸੰਸਦ ਦਾ ਇਜਲਾਸ ਚਾਰ ਮਹੀਨੇ ਵਾਸਤੇ ਮੁਲਤਵੀ ਕਰਦਿਆਂ ਨਵੇਂ ਆਗੂ ਦੀ ਚੋਣ ਕੀਤੀ ਜਾਵੇ ਅਤੇ ਦੂਜਾ ਇਹ ਹੈ ਕਿ ਲਿਬਰਲ ਕੌਕਸ ਦੀ ਸਿਫ਼ਾਰਸ਼ ’ਤੇ ਪਾਰਟੀ ਦੀ ਕੌਮੀ ਕਾਰਜਕਾਰਨੀ ਵੱਲੋਂ ਅੰਤਰਮ ਆਗੂ ਦੀ ਚੋਣ ਕੀਤੀ ਜਾਵੇ ਪਰ ਇਹ ਸਭ ਤਾਂ ਹੀ ਹੋਵੇਗਾ ਜੇ ਟਰੂਡੋ ਅਸਤੀਫ਼ੇ ਦਾ ਐਲਾਨ ਕਰਨਗੇ।
ਪਾਰਲੀਮੈਂਟ ਦਾ ਇਜਲਾਸ 4 ਮਹੀਨੇ ਮੁਲਤਵੀ ਕਰਵਾ ਸਕਦੀ ਹੈ ਲਿਬਰਲ ਪਾਰਟੀ
ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ 50 ਤੋਂ ਵੱਧ ਲਿਬਰਲ ਐਮ.ਪੀਜ਼ ਟਰੂਡੋ ਦੇ ਅਸਤੀਫ਼ੇ ਦੇ ਮੰਗ ਕਰ ਚੁੱਕੇ ਹਨ ਅਤੇ ਹੋਰਨਾਂ ਰਾਜਾਂ ਦੇ ਲਿਬਰਲ ਐਮ.ਪੀਜ਼ ਵੀ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਜੋ ਕ੍ਰਿਸਟੀਆ ਫਰੀਲੈਂਡ ਨੂੰ ਵਾਗਡੋਰ ਸੌਂਪਣ ਦੇ ਹੱਕ ਵਿਚ ਹਨ। ਸੂਤਰਾਂ ਨੇ ਦੱਸਿਆ ਕਿ ਕੈਨੇਡਾ ਦੇ ਕਈ ਅਮੀਰ ਕਾਰੋਬਾਰੀਆਂ ਵੱਲੋਂ ਫਰੀਲੈਂਡ ਨੂੰ ਲੀਡਰਸ਼ਿਪ ਦੌੜ ਵਾਸਤੇ ਸਿਆਸੀ ਚੰਦਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਖੁਦ ਅਹੁਦਾ ਛੱਡ ਦੇਣ ਤਾਂ ਚੰਗੀ ਹੋਵੇਗਾ, ਬਗਾਵਤ ਦੀ ਹਨੇਰੀ ਤੇਜ਼ ਹੋ ਚੁੱਕੀ ਹੈ ਅਤੇ ਹਾਲਾਤ ਵਿਚ ਕੋਈ ਤਬਦੀਲੀ ਨਾ ਹੋਈ ਤਾਂ ਟਰੂਡੋ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਟਰੂਡੋ ਦੀਆਂ ਨੀਤੀਆਂ ਕਾਰਨ ਕੈਨੇਡਾ ਨੂੰ ਆਰਥਿਕ ਤੌਰ ’ਤੇ ਵੱਡੀ ਢਾਹ ਲੱਗੀ।