Canada ’ਚ ਪੰਜਾਬਣ ਦੇ ਕਾਤਲ ਵਿਰੁੱਧ Trial begins
ਕੈਨੇਡਾ ਦੇ ਹਵਾਈ ਅੱਡੇ ’ਤੇ ਪਤੀ ਦਾ ਸਵਾਗਤ ਕਰਨ ਪੁੱਜੀ ਬਲਵਿੰਦਰ ਕੌਰ ਨਹੀਂ ਸੀ ਜਾਣਦੀ ਕਿ ਛੇ ਦਿਨ ਬਾਅਦ ਉਸ ਦਾ ਕਤਲ ਹੋ ਜਾਵੇਗਾ ਅਤੇ ਦੋਸ਼ ਪੰਜਾਬ ਤੋਂ ਆਏ ਜਗਪ੍ਰੀਤ ਸਿੰਘ ਉਤੇ ਲੱਗਣਗੇ

By : Upjit Singh
ਐਬਸਫ਼ੋਰਡ : ਕੈਨੇਡਾ ਦੇ ਹਵਾਈ ਅੱਡੇ ’ਤੇ ਪਤੀ ਦਾ ਸਵਾਗਤ ਕਰਨ ਪੁੱਜੀ ਬਲਵਿੰਦਰ ਕੌਰ ਨਹੀਂ ਸੀ ਜਾਣਦੀ ਕਿ ਛੇ ਦਿਨ ਬਾਅਦ ਉਸ ਦਾ ਕਤਲ ਹੋ ਜਾਵੇਗਾ ਅਤੇ ਦੋਸ਼ ਪੰਜਾਬ ਤੋਂ ਆਏ ਜਗਪ੍ਰੀਤ ਸਿੰਘ ਉਤੇ ਲੱਗਣਗੇ। 52 ਸਾਲ ਦੇ ਜਗਪ੍ਰੀਤ ਸਿੰਘ ਅਤੇ 41 ਸਾਲ ਦੀ ਬਲਵਿੰਦਰ ਕੌਰ ਦਾ ਵਿਆਹ ਸਾਲ 2000 ਵਿਚ ਹੋਇਆ ਅਤੇ 2021 ਵਿਚ ਇਨ੍ਹਾਂ ਦੀ ਬੇਟੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਪਰ ਕੁਝ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋਣ ਕਰ ਕੇ ਬਲਵਿੰਦਰ ਕੌਰ ਨੂੰ ਵਿਜ਼ਟਰ ਵੀਜ਼ਾ ’ਤੇ ਬੀ.ਸੀ. ਦੇ ਐਬਸਫ਼ੋਰਡ ਸ਼ਹਿਰ ਸੱਦਿਆ ਗਿਆ। ਜਗਪ੍ਰੀਤ ਸਿੰਘ ਵੀ 9 ਮਾਰਚ 2024 ਨੂੰ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ 15 ਮਾਰਚ ਨੂੰ ਬਲਵਿੰਦਰ ਕੌਰ ਉਤੇ ਛੁਰੇ ਨਾਲ ਹਮਲਾ ਹੋ ਗਿਆ। ਬਲਵਿੰਦਰ ਕੌਰ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ।
ਜਗਪ੍ਰੀਤ ਸਿੰਘ ਨੇ ਖੁਦ ਨੂੰ ਦੱਸਿਆ ਬੇਕਸੂਰ
ਐਬਸਫ਼ੋਰਡ ਦੇ ਵੈਗਨਰ ਡਰਾਈਵ ਇਲਾਕੇ ਦੇ ਘਰ ਵਿਚ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਪੁਲਿਸ ਨੇ ਜਗਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ। ਹੁਣ ਕਤਲ ਦਾ ਮੁਕੱਦਮਾ ਸ਼ੁਰੂ ਹੋ ਚੁੱਕਾ ਹੈ ਅਤੇ ਜਗਪ੍ਰੀਤ ਸਿੰਘ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ। ਸਰਕਾਰੀ ਵਕੀਲ ਰੌਬ ਮਗੌਵਨ ਨੇ ਦੱਸਿਆ ਕਿ ਜਨਵਰੀ 2024 ਤੋਂ ਮਾਰਚ 2024 ਦਰਮਿਆਨ ਬਲਵਿੰਦਰ ਕੌਰ ਵੱਲੋਂ ਮੋਬਾਈਲ ਫ਼ੋਨ ਰਾਹੀਂ ਕੀਤੀਆਂ ਕਾਲਜ਼ ਦੀ ਪੁਣ-ਛਾਣ ਕੀਤੀ ਗਈ ਤਾਂ ਪਤਾ ਲੱਗਾ ਕਿ 9 ਮਾਰਚ ਤੋਂ ਪਹਿਲਾਂ ਜਗਪ੍ਰੀਤ ਸਿੰਘ ਨਾਲ ਉਸ ਦਾ ਕੋਈ ਸੰਪਰਕ ਨਹੀਂ ਸੀ ਹੋਇਆ। ਦੂਜੇ ਪਾਸੇ 26 ਫ਼ਰਵਰੀ 2024 ਨੂੰ ਬਲਵਿੰਦਰ ਕੌਰ ਦੇ ਵ੍ਹਟਸਐਪ ’ਤੇ ਇਕ ਸਿਸਟਮ ਮੈਸੇਜ ਆਉਣ ਬਾਰੇ ਪਤਾ ਲੱਗਾ ਜਿਸ ਵਿਚ ਲਿਖਿਆ ਸੀ ਕਿ ਤੁਸੀਂ ਇਸ ਕੌਂਟੈਕਟ ਨੂੰ ਅਨਬਲੌਕ ਕਰ ਦਿਤਾ ਹੈ। ਇਸ ਮਗਰੋਂ 9 ਮਾਰਚ ਨੂੰ ਬਲਵਿੰਦਰ ਕੌਰ ਨੇ ਹਵਾਈ ਅੱਡੇ ’ਤੇ ਮੁਲਾਕਾਤ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਫੌਰਵਰਡ ਕੀਤੀਆਂ। ਸਰਕਾਰੀ ਵਕੀਲ ਮੁਤਾਬਕ 10 ਮਾਰਚ ਤੋਂ 14 ਮਾਰਚ 2024 ਦਰਮਿਆਨ ਜਗਪ੍ਰੀਤ ਸਿੰਘ ਅਤੇ ਬਲਵਿੰਦਰ ਕੌਰ ਦਰਮਿਆਨ ਕਈ ਫ਼ੋਨ ਕਾਲਜ਼ ਹੋਈਆਂ।
ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਈ ਸੀ ਬਲਵਿੰਦਰ ਕੌਰ
15 ਮਾਰਚ ਦੀ ਰਾਤ ਬਲਵਿੰਦਰ ਕੌਰ ਨੇ ਵ੍ਹਟਸਐਪ ਰਾਹੀਂ ਇਕ ਵੀਡੀਓ ਕਾਲ ਕੀਤੀ ਜੋ ਉਸ ਦੇ ਬੇਟੇ ਦੇ ਨੰਬਰ ’ਤੇ ਗਈ। ਇਸੇ ਨੰਬਰ ਤੋਂ ਚਾਰ ਵਾਰ ਵੀਡੀਓ ਕਾਲ ਆਈ ਪਰ ਸੰਪਰਕ ਨਾ ਹੋ ਸਕਿਆ। ਦੂਜੇ ਪਾਸੇ ਮੌਕਾ ਏ ਵਾਰਦਾਤ ’ਤੇ ਪੁੱਜੀ ਐਬਸਫ਼ੋਰਡ ਪੁਲਿਸ ਦੀ ਮਹਿਲਾ ਕਾਂਸਟੇਬਲ ਜੀਨ ਵਾਇਲਡਿੰਗ ਨੇ ਅਦਾਲਤ ਨੂੰ ਦੱਸਿਆ ਕਿ ਘਰ ਦੀ ਬੇਸਮੈਂਟ ਵਿਚ ਇਕ ਔਰਤ ਲਹੂ-ਲੁਹਾਣ ਹਾਲਤ ਵਿਚ ਮਿਲੀ ਜਿਸ ਦੀ ਗਰਦਨ ਅਤੇ ਛਾਤੀ ਉਤੇ ਛੁਰੇ ਨਾਲ ਕੀਤੇ ਅੱਠ ਵਾਰ ਨਜ਼ਰ ਆਏ। ਨੇੜੇ ਹੀ ਛੁਰਾ ਪਿਆ ਸੀ ਅਤੇ ਜਗਪ੍ਰੀਤ ਸਿੰਘ ਕੁਰਸੀ ’ਤੇ ਬੈਠਾ ਨਜ਼ਰ ਆਏ। ਪੁਲਿਸ ਅਫ਼ਸਰਾਂ ਨੂੰ ਦੇਖ ਕੇ ਜਗਪ੍ਰੀਤ ਸਿੰਘ ਘਬਰਾਅ ਗਿਆ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਰ ਕੇ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਿਆ ਪਰ ਮੁਢਲੀ ਪੜਤਾਲ ਦੇ ਆਧਾਰ ’ਤੇ ਜਗਪ੍ਰੀਤ ਸਿੰਘ ਨੂੰ ਉਸੇ ਰਾਤ ਗ੍ਰਿਫਤਾਰ ਕਰ ਲਿਆ ਗਿਆ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਮੌਕੇ ਅਦਾਲਤ ਵਿਚ ਕੋਈ ਪਰਵਾਰਕ ਮੈਂਬਰ ਮੌਜੂਦ ਨਹੀਂ ਸੀ ਅਤੇ ਸਰਕਾਰੀ ਵਕੀਲ ਦਾ ਮੰਨਣਾ ਹੈ ਕਿ 23 ਫ਼ਰਵਰੀ ਤੱਕ ਚੱਲਣ ਵਾਲੀ ਸੁਣਵਾਈ ਦੌਰਾਨ ਮਕਾਨ ਮਾਲਕ ਸਣੇ 13 ਗਵਾਹਾਂ ਨੂੰ ਪੇਸ਼ ਕੀਤਾ ਜਾਵੇਗਾ। ਮੁਕੱਦਮੇ ਦਾ ਫ਼ੈਸਲਾ ਜੋ ਵੀ ਹੋਵੇ ਪਰ ਜਗਪ੍ਰੀਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਣਾ ਲਗਭਗ ਤੈਅ ਹੈ।


