ਮਿਸੀਸਾਗਾ ਵਿਖੇ ਦਰਦਨਾਕ ਹਾਦਸਾ, 4 ਬੱਚਿਆਂ ਸਣੇ 5 ਜ਼ਖਮੀ
ਮਿਸੀਸਾਗਾ ਵਿਖੇ ਕਾਰ ਖੋਹ ਭੱਜਣ ਦੇ ਸ਼ੱਕੀ ਮਾਮਲੇ ਨਾਲ ਸਬੰਧਤ ਹਾਦਸੇ ਦੌਰਾਨ ਚਾਰ ਬੱਚੇ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ।

ਮਿਸੀਸਾਗਾ : ਮਿਸੀਸਾਗਾ ਵਿਖੇ ਕਾਰ ਖੋਹ ਭੱਜਣ ਦੇ ਸ਼ੱਕੀ ਮਾਮਲੇ ਨਾਲ ਸਬੰਧਤ ਹਾਦਸੇ ਦੌਰਾਨ ਚਾਰ ਬੱਚੇ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਨਾਈਨਥ ਲਾਈਨ ਐਂਡ ਐਰਿਨ ਸੈਂਟਰ ਬੁਲੇਵਾਰਡ ਇਲਾਕੇ ਵਿਚ ਲਾਲ ਰੰਗ ਦੀ ਹੌਂਡਾ ਸਿਵਿਕ ਅਤੇ ਕਾਲੇ ਰੰਗ ਦੀ ਰੇਂਜ ਰੋਵਰ ਦਰਮਿਆਨ ਆਹਮੋ ਸਾਹਮਣੀ ਟੱਕਰ ਹੋਈ। ਪੈਰਾਮੈਡਿਕਸ ਵੱਲੋਂ ਤਿੰਨ ਬੱਚਿਆਂ ਅਤੇ ਔਰਤ ਨੂੰ ਨਾਜ਼ੁਕ ਹਾਲਤ ਵਿਚ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ ਜਦਕਿ ਚੌਥਾ ਬੱਚਾ ਸਥਾਨਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਨੇ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੌਮਾ ਸੈਂਟਰ ਵਿਚ ਦਾਖਲ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਿਸ ਮੁਤਾਬਕ ਔਰਤ ਗੱਡੀ ਚਲਾ ਰਹੀ ਸੀ ਜਦਕਿ 9 ਸਾਲ ਤੋਂ 12 ਸਾਲ ਉਮਰ ਵਾਲੇ ਬੱਚੇ ਨਾਲ ਮੌਜੂਦ ਸਨ। ਔਰਤ ਦੋ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ ਜਦਕਿ ਦੋ ਬੱਚੇ ਉਨ੍ਹਾਂ ਦੇ ਦੋਸਤ ਦੱਸੇ ਜਾ ਰਹੇ ਹਨ।
ਕਾਰ ਜੈਕਿੰਗ ਦੇ ਸ਼ੱਕੀ ਮਾਮਲੇ ਨਾਲ ਸਬੰਧਤ ਰਿਹਾ ਸੜਕ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਵਿੰਸਟਨ ਚਰਚਿਲ ਬੁਲੇਵਾਰਡ ਵਿਖੇ ਇਕ ਜਿੰਮ ਦੇ ਬਾਹਰ ਕਾਲੇ ਰੰਗ ਦੀ ਰੇਂਜ ਰੋਵਰ ਦਾ ਕੋਈ ਮਸਲਾ ਪੈਦਾ ਹੋਇਆ। ਪੁਲਿਸ ਨੂੰ ਕਾਰ ਜੈਕਿੰਗ ਦੀ ਕੋਸ਼ਿਸ਼ ਦੇ ਮੁੱਦੇ ’ਤੇ ਜਿੰਮ ਦੇ ਬਾਹਰ ਸੱਦਿਆ ਗਿਆ ਪਰ ਬਾਅਦ ਵਿਚ ਅਜਿਹੇ ਹਾਲਾਤ ਨਜ਼ਰ ਨਹੀਂ ਆਏ। ਪੁਲਿਸ ਦਾ ਮੰਨਣਾ ਹੈ ਕਿ ਕਈ ਗੱਡੀਆਂ ਰੇਂਜ ਰੋਵਰ ਦਾ ਪਿੱਛਾ ਕਰ ਰਹੀਆਂ ਸਨ ਅਤੇ ਇਸੇ ਦੌਰਾਨ ਹਾਦਸਾ ਵਾਪਰਿਆ। ਰੇਂਜ ਰੋਵਰ ਵਿਚ ਸਵਾਰ ਦੋ ਨੌਜਵਾਨ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਏ। ਪੁਲਿਸ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਰੇਂਜ ਰੋਵਰ ਚੋਰੀਸ਼ੁਦਾ ਗੱਡੀ ਨਜ਼ਰ ਆਈ ਤਾਂ ਕਾਂਸਟੇਬਲ ਟਾਇਲਰ ਬੈਲ ਨੇ ਯਕੀਨੀ ਤੌਰ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਗੱਡੀ ਚੋਰੀ ਹੋਈ ਹੋਵੇ ਪਰ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਨਹੀਂ ਪੁੱਜੀ।